ਨਵੀਂ ਦਿੱਲੀ, 24 ਜਨਵਰੀ
ਦਿੱਲੀ ਦੇ ਮੇਅਰ ਲਈ ਅੱਜ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਵਿਚਾਲੇ ਹੋਏ ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਦੇ ਕਹਿਣ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਕਿ ਸਦਨ ਵਿੱਚ ਹੰਗਾਮੇ ਕਾਰਨ ਕਾਰਵਾਈ ਨਹੀਂ ਚੱਲ ਸਕਦੀ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ, ‘ਅਸੀਂ ਸਵੇਰੇ 11 ਵਜੇ ਤੋਂ ਵੋਟ ਪਾਉਣ ਲਈ ਸਦਨ ਵਿੱਚ ਬੈਠੇ ਸੀ ਅਤੇ ਅੰਤ ਵਿੱਚ ਜਦੋਂ ਸਮਾਂ ਆਇਆ ਤਾਂ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਇਹ ਗਲਤ ਹੈ, ਲੋਕਤੰਤਰੀ ਸਿਧਾਂਤਾਂ ਦੀ ਪਾਲਣਾ ਹੋਣੀ ਚਾਹੀਦੀ ਹੈ।’ ‘ਆਪ’ ਅਤੇ ਭਾਜਪਾ ਦਰਮਿਆਨ ਤਿੱਖੇ ਦ੍ਰਿਸ਼ਾਂ ਤੋਂ ਬਾਅਦ 6 ਜਨਵਰੀ ਨੂੰ ਨਵੇਂ ਮੇਅਰ ਦੀ ਚੋਣ ਦੀ ਪ੍ਰਕਿਰਿਆ ਠੱਪ ਹੋਣ ਤੋਂ ਕਰੀਬ ਤਿੰਨ ਹਫ਼ਤੇ ਬਾਅਦ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਈ। ਇੱਥੇ ਸਿਵਿਕ ਸੈਂਟਰ ਵਿੱਚ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਭਾਜਪਾ ਦੇ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਚੁਣੇ ਹੋਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਪਹਿਲਾਂ ਉਪ ਰਾਜਪਾਲ ਵੱਲੋਂ ਨਾਮਜ਼ਦ ਕੀਤੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ‘ਚ ਅੱਜ ਮੇਅਰ ਚੋਣ ਦੇ ਮੱਦੇਨਜ਼ਰ ਮਿਉਂਸਪਲ ਭਵਨ ਅਤੇ ਸਿਵਿਕ ਸੈਂਟਰ ਕੰਪਲੈਕਸ ‘ਚ ਸੁਰੱਖਿਆ ਵਧਾ ਦਿੱਤੀ ਗਈ।