ਰਿਸ਼ਤੇ ਤੇ ਦੋਸਤੀਆਂ ਦੀ ਬੁਨਿਆਦ ਸਵਾਰਥ ਦੇ ਆਧਾਰ ’ਤੇ ਨਹੀਂ ਸਗੋਂ ਵਿਸ਼ਵਾਸ ਅਤੇ ਸੁੱਚੇ ਮਤਲਬ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਰਿਸ਼ਤੇ ਤੋਹਫ਼ਿਆਂ ਦੇ ਅਦਾਨ-ਪ੍ਰਦਾਨ ਦੇ ਮੁਥਾਜ ਨਹੀਂ ਹੁੰਦੇ। ਰਿਸ਼ਤੇ ਆਦਰ-ਮਾਣ ਤੇ ਸਤਿਕਾਰ ਦੇ ਨਾਲ-ਨਾਲ ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨ ਨਾਲ ਵਧਦੇ-ਫੁੱਲਦੇ ਹਨ। ਇਨ੍ਹਾਂ ’ਚ ਬਹਿਸਬਾਜ਼ੀ ਦੀ ਕੋਈ ਜਗ੍ਹਾ ਨਹੀਂ ਹੁੰਦੀ। ਇਕ-ਦੂਜੇ ਦੇ ਵਿਚਾਰਾਂ ਨੂੰ ਸੁਣਨ, ਸਤਿਕਾਰਨ ਤੇ ਸਵੀਕਾਰਨ ਨਾਲ ਰਿਸ਼ਤੇ ਦੂਣ ਸਵਾਏ ਹੁੰਦੇ ਹਨ। ਅਪਣੱਤ ਤੇ ਪਿਆਰ ਨਾਲ ਗੜੁੱਚ ਰਿਸ਼ਤੇ ਉੱਤਮ ਕਿਸਮ ਦੇ ਹੁੰਦੇ ਹਨ। ਏਹੀ ਕਾਰਨ ਹੈ ਕਿ ਸਿਆਣੇ ਕਹਿੰਦੇ ਹਨ ਕਿ ਦੋਸਤੀ ਤੇ ਰਿਸ਼ਤਿਆਂ ਵਿਚ ਦਿਲ ਦੀਆਂ ਗਹਿਰਾਈਆਂ ਵਾਲਾ ਪਿਆਰ, ਅਹਿਸਾਸ ਤੇ ਨਿੱਘ ਹੋਣਾ ਜ਼ਰੂਰੀ ਹੈ ਪਰ ਇਹ ਤਦ ਹੀ ਸੰਭਵ ਹੈ ਜੇ ਇਨ੍ਹਾਂ ਰਿਸ਼ਤਿਆਂ ’ਚੋਂ ਵਿਚਰਦੇ ਸਮੇਂ ਖ਼ੁਦਪ੍ਰਸਤੀ ਤੋਂ ਕਿਨਾਰਾ ਕਰ ਕੇ ਵਿਚਰਿਆ ਜਾਵੇ। ਸੁੱਚੀਆਂ ਸਾਂਝਾਂ ਅਤੇ ਸੁੱਚੇ ਰਿਸ਼ਤੇ ਬਣਾਉਣੇ, ਪਾਲਣੇ ਤੇ ਨਿਭਾਉਣੇ ਚੰਗੇ ਇਨਸਾਨ ਦੀ ਚੰਗੀ ਸ਼ਖ਼ਸੀਅਤ ਦੀ ਨਿਸ਼ਾਨੀ ਹੁੰਦੇ ਹਨ ਜੋ ਅਪਣੱਤ ਦਾ ਇਕ ਅਜਿਹਾ ਅਹਿਸਾਸ ਪੈਦਾ ਕਰਦੇ ਹਨ ਕਿ ਲੋੜ ਪੈਣ ’ਤੇ ਨਫ਼ਾ-ਨੁਕਸਾਨ ਭੁੱਲ ਕੇ ਇਕ-ਦੂਸਰੇ ਦੀ ਖੈਰੀਅਤ ਵਾਸਤੇ ਕੁਝ ਵੀ ਕਰ-ਗੁਜ਼ਰਦੇ ਹਨ। ਸੁੱਚੇ ਰਿਸ਼ਤੇ ਚੰਦਨ ਦੇ ਰੁੱਖ ਦੀ ਤਰ੍ਹਾਂ ਆਸ-ਪਾਸ ਖ਼ੁਸ਼ਬੋਈ ਵੰਡਦੇ ਹਨ, ਆਂਢ-ਗੁਆਂਢ ’ਚ ਸ਼ਾਂਤੀ, ਖੇੜੇ ਤੇ ਰੌਣਕਾਂ ਦੀ ਛਹਿਬਰ ਲਾਈ ਰੱਖਦੇ ਹਨ। ਅੱਜ ਇੱਕੀਵੀਂ ਸਦੀ ਦੇ ਇਸ ਅਣੂ ਪ੍ਰਧਾਨ ਯੁੱਗ ’ਚ ਸੁੱਚੇ ਰਿਸ਼ਤੇ ਮਾਨਸਿਕ ਟੁੱਟ-ਭੱਜ ਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹਨ। ਇਨ੍ਹਾਂ ਦੀ ਹੋਂਦ ਖ਼ਤਰੇ ਵਿਚ ਹੈ ਤੇ ਦਿਨ-ਬ-ਦਿਨ ਇਨ੍ਹਾਂ ਦੀ ਨਫਰੀ ਘਟਦੀ ਜਾ ਰਹੀ ਹੈ। ਸਵਾਰਥ ਤੇ ਪਦਾਰਥ ਮਨੁੱਖੀ ਜੀਵਨ ਦੀਆਂ ਦੋ ਵੱਡੀਆਂ ਲੋੜਾਂ ਹਨ ਪਰ ਇਹ ਦੋਵੇਂ ਲੋੜਾਂ ਜਦੋਂ ਮਨੁੱਖੀ ਮਨ ’ਤੇ ਬਹੁਤ ਭਾਰੂ ਹੋ ਜਾਂਦੀਆਂ ਹਨ ਤਾਂ ਸੁੱਚੇ ਰਿਸ਼ਤਿਆਂ ਦਾ ਘਾਣ ਹੋ ਜਾਂਦਾ ਹੈ। ਅਜੋਕੇ ਸਮੇਂ ’ਚ ਸਵਾਰਥ ਤੇ ਪਦਾਰਥ ਦੋ ਅਮਰਵੇਲਾਂ ਬਣ ਚੁੱਕੀਆਂ ਹਨ ਜਿਨ੍ਹਾਂ ਨੇ ਸੁੱਚੇ ਮਨੁੱਖੀ ਰਿਸ਼ਤਿਆਂ ਨੂੰ ਅਜਿਹਾ ਕੱਸ ਕੇ ਨਾਗ ਲਪੇਟਾ ਮਾਰਿਆ ਹੈ ਕਿ ਰਿਸ਼ਤਿਆਂ ਦੀਆਂ ਰੂਹ-ਏ-ਰਵਾਂ ਨੈਤਿਕ ਕਦਰਾਂ-ਕੀਮਤਾਂ ਦਾ ਕਤਲ ਕਰਨ ਤਂੋ ਬਾਅਦ ਹੁਣ ਇਨ੍ਹਾਂ ਨੇ ਰਿਸ਼ਤਿਆਂ ਦਾ ਘਾਤ ਤੇ ਘਾਣ ਕਰਨ ਵਾਲੀ ਤਬਾਹੀ ਮਚਾ ਰੱਖੀ ਹੈ ਜਿਸ ਦੇ ਨਤੀਜੇੇ ਵਜੋਂ ਸੁੱਚੇ ਰਿਸ਼ਤੇ ਦਮ ਤੋੜਦੇ ਜਾ ਰਹੇ ਹਨ। ਅਗਲੀ ਗੱਲ ਇਹ ਹੈ ਕਿ ਵਕਤ, ਪੈਸਾ ਤੇ ਰਿਸ਼ਤੇ ਇਨ੍ਹਾਂ ਤਿੰਨਾਂ ਦੀ ਕਦਰ ਉਹ ਬੰਦਾ ਹੀ ਜਾਣਦਾ ਹੈ ਜਿਸ ਨੇ ਇਨ੍ਹਾਂ ਤਿੰਨਾਂ ਤੋਂ ਠੇਡੇ ਖਾਧੇ ਹੋਣ। ਰਿਸ਼ਤੇ ਤੇ ਫ਼ਰਿਸ਼ਤੇ ’ਚ ਜੇਕਰ ਬਹੁਤ ਹੀ ਸਿੱਧਾ ਜਿਹਾ ਅੰਤਰ ਕਰਨਾ ਹੋਵੇ ਤਾਂ ਏਹੀ ਹੋ ਸਕਦਾ ਹੈ ਕਿ ਜੋ ਸੁੱਖ ਵੇਲੇ ਨਾਲ ਨਿਭਦੇ ਹਨ ਉਹ ਰਿਸ਼ਤੇ ਹੁੰਦੇ ਹਨ ਪਰ ਜੋ ਦੁੱਖ ਵੇਲੇ ਨਾਲ ਨਿਭਦੇ ਹਨ, ਉਹ ਫ਼ਰਿਸ਼ਤੇ ਹੁੰਦੇ ਹਨ। ਇਹ ਫ਼ਰਿਸ਼ਤੇ ਹੀ ਹੁੰਦੇ ਹਨ ਜੋ ਔਖੇ ਵੇਲੇ ਨਾਲ ਖੜ੍ਹਦੇ ਹਨ, ਔਖੇ ਵੇਲੇ ਬਾਂਹ ਫੜਦੇ ਹਨ। ਸਹਾਰਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਬਿਲਕੁਲ ਵੀ ਫ਼ਿਕਰ ਨਾ ਕਰੀਂ, ਮੈਂ ਹੈਗਾ ਤੇਰੇ ਨਾਲ। ਦੂਜੇ ਸ਼ਬਦਾਂ ’ਚ ਜੋ ਲੋਕ ਸੁੱਖ ਦੇ ਸਮੇਂ ਨਾਲ ਹੁੰਦੇ ਹਨ, ਉਹ ਰਿਸ਼ਤੇਦਾਰ ਹੋ ਸਕਦੇ ਹਨ ਪਰ ਜੋ ਦੁੱਖ ਵੇਲੇ ਨਾਲ ਖੜ੍ਹਦੇ ਹਨ, ਉਹ ਸੱਚਮੁੱਚ ਹੀ ਫ਼ਰਿਸ਼ਤੇ ਹੁੰਦੇ ਹਨ। ਰਿਸ਼ਤੇ ਤੇ ਰਸਤੇ, ਦੋਹਾਂ ਸ਼ਬਦਾਂ ’ਚ ਸਿਰਫ਼ ਇਕ ਸਿਹਾਰੀ ਦਾ ਅੰਤਰ ਹੈ ਪਰ ਸੁਭਾਅ ਦੋਹਾਂ ਦਾ ਹੀ ਇਕ ਹੈ। ਮਨੁੱਖੀ ਜ਼ਿੰਦਗੀ ਦੇ ਸਫ਼ਰ ’ਚ ਇਹ ਦੋਵੇਂ ਹੀ ਬਦਲਦੇ ਕਹਿੰਦੇ ਹਨ। ਜਿਸ ਵਿਅਕਤੀ ਨੇ ਇਨ੍ਹਾਂ ਦੋਹਾਂ ਦੇ ਉਸ ਸੁਭਾਅ ਨੂੰ ਸਮਝ ਲਿਆ, ਉਸ ਨੂੰ ਸਮਝ ਲਓ ਕਿ ਜ਼ਿੰਦਗੀ ਜਿਊਣ ਦਾ ਸਲੀਕਾ ਆ ਗਿਆ। ਜਿੰਨਾ ਚਿਰ ਇਨ੍ਹਾਂ ਦਾ ਸੁਭਾਅ ਸਮਝ ਨਹੀਂ ਆਉਂਦਾ, ਓਨਾ ਚਿਰ ਬੰਦਾ ਇਨ੍ਹਾਂ ਦੋਹਾਂ ਦੇ ਚੱਕਰ ’ਚ ਉਲਝਿਆ ਹੋਇਆ, ਭੁੱਲਿਆ-ਭਟਕਿਆ ਤੇ ਖੱਜਲ, ਖ਼ਰਾਬ ਹੀ ਹੁੰਦਾ ਰਹਿੰਦਾ ਹੈ। ਇਨ੍ਹਾਂ ਦੇ ਗਧੀ ਗੇੜ ਵਾਲੇ ਚੱਕਰ ’ਚ ਫਸਿਆ ਬੰਦਾ ਸਾਰੇ ਰਿਸ਼ਤਿਆਂ ਨੂੰ ਖ਼ੁਸ਼ ਰੱਖਣ ਦੇ ਯਤਨ ਵਿਚ ਆਪਣੇ ਜੀਵਨ ਦਾ ਜਿੱਥੇ ਸੱਤਿਆਨਾਸ ਕਰ ਲੈਂਦਾ ਹੈ, ਚੜ੍ਹਦੀ ਉਮਰੇ ਹੀ ਅੱਸੀ ਸਾਲ ਦਾ ਬਾਬਾ ਦਿਸਣ ਲੱਗ ਪੈਂਦਾ ਹੈ, ਉੱਥੇ ਉਸ ਦਾ ਹਿੱਲਿਆ ਹੋਇਆ ਮਾਨਸਿਕ ਤਵਾਜ਼ਨ ਅੱਗੋਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਕਾਰਨ ਬਣ ਕੇ ਬਹੁਤ ਛੇਤੀ ਉਸ ਦੀ ਅੰਤਿਮ ਅਰਦਾਸ ਤੇ ਭੋਗ ਦਾ ਕਾਰਨ ਵੀ ਬਣ ਜਾਂਦਾ ਹੈ। ਇਕ ਗੱਲ ਹੋਰ ਸਮਝਣ ਵਾਲੀ ਇਹ ਵੀ ਹੈ ਕਿ ਬਹੁਤੇ ਮਨੁੱਖੀ ਰਿਸ਼ਤੇ ਮਤਲਬ ਦੀ ਬੁਨਿਆਦ ’ਤੇ ਬਣਦੇ-ਵਿਗੜਦੇ ਰਹਿੰਦੇ ਹਨ। ਇਸ ਕਰ ਕੇ ਅਜਿਹੇ ਰਿਸ਼ਤਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਅਤੇ ਕਦੇ ਵੀ ਗਾਰੰਟਿਡ ਨਹੀਂ ਲੈਣਾ ਚਾਹੀਦਾ ਕਿਉਂਕਿ ਇਨ੍ਹਾਂ ਰਿਸ਼ਤਿਆਂ ਦੀ ਬੁਨਿਆਦ ਕਦੇ ਵੀ ਪੱਕੀ ਨਹੀਂ ਹੁੰਦੀ। ਜੀਹਦਾ ਜਿੰਨੀ ਦੇਰ ਮਤਲਬ ਹੱਲ ਹੁੰਦਾ ਹੈ, ਓਨੀ ਦੇਰ ਨਿਭਦਾ ਰਹਿੰਦਾ ਹੈ ਤੇ ਜਦੋਂ ਮਤਲਬ ਨਿਕਲ ਗਿਆ, ਸਮਝੋ ਰਿਸ਼ਤਾ ਬਿਖਰ ਗਿਆ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਰਿਸ਼ਤਾ ਦਿਲ ਨਾਲ ਚੱਲਣ ਵਾਲਾ ਹੈ, ਕਿਹੜਾ ਦਿਮਾਗ ਨਾਲ ਨਿਭਣ ਵਾਲਾ ਹੈ ਤੇ ਕਿਹੜਾ ਦਿਲ ਤੇ ਦਿਮਾਗ, ਦੋਹਾਂ ਦੀ ਵਰਤੋ ਨਾਲ ਚੱਲਣ-ਨਿਭਣ ਵਾਲਾ ਹੈ। ਜੋ ਬੰਦਾ ਰਿਸ਼ਤਿਆਂ ਦੇ ਉਕਤ ਵਿਆਕਰਨ ਨੂੰ ਸਮਝ ਗਿਆ, ਸਮਝੋ ਉਸ ਦੀ ਚੁਰਾਸੀ ਕੱਟੀ ਗਈ ਤੇ ਉਸ ਦੇ ਮਨ ਦੀ ਸ਼ਾਂਤੀ ਤੇ ਸੁੱਖਾਂ ਵਿਚ ਅੰਤਾਂ ਦਾ ਵਾਧਾ ਹੋ ਗਿਆ। ਕਹਿਣ ਦਾ ਭਾਵ ਇਹ ਕਿ ਅਜਿਹੇ ਬੰਦੇ ਦੇ ਮਨ ’ਤੇ ਰਿਸ਼ਤਿਆਂ ਵਿਚ ਆ ਰਹੇ ਫੇਰਬਦਲ ਤੇ ਬਣੇ ਵਿਗਾੜ ਦਾ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਜਿਸ ਕਰ ਕੇ ਉਹ ਹਮੇਸ਼ਾ ਸਹਿਜ ਮਨ ਤੇ ਚੜ੍ਹਦੀ ਕਲਾ ਵਿਚ ਹੀ ਰਹਿੰਦਾ ਹੈ। ਰਿਸ਼ਤਿਆਂ ਦੀ ਬਣਤਰ ਨੂੰ ਸਮਝਣ ਵਾਲਾ ਮੂਲ ਨੁਕਤਾ ਇਹ ਵੀ ਹੈ ਕਿ ਦਰਅਸਲ ਰਿਸ਼ਤੇ ਖ਼ੂਨ ਦੀ ਸਾਂਝ ਵਾਲੇ ਜਾਂ ਖ਼ਾਨਦਾਨੀ ਹੀ ਨਹੀਂ ਬਲਕਿ ਰਿਸ਼ਤਿਆਂ ਵਿਚ ਵਿਸ਼ਵਾਸ, ਅਹਿਸਾਸ ਤੇ ਸੰਵੇਦਨਸ਼ੀਲਤਾ ਆਦਿ ਗੁਣਾਂ ਦਾ ਸਹੀ ਅਨੁਪਾਤ ਵਿਚ ਮਿਸ਼ਰਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਅਸੀਂ ਦੇਖਾਂਗੇ ਕਿ ਆਲੇ-ਦੁਆਲੇ ਰਿਸ਼ਤਿਆਂ ਦੀ ਭੀੜ ਹੋਣ ਦੇ ਬਾਵਜੂਦ ਅਸੀਂ ਆਪਣੇ-ਆਪ ਨੂੰ ਬਹੁਤ ਇਕੱਲਾ ਤੇ ਤਨਹਾ ਮਹਿਸੂਸ ਕਰਦੇ ਹਾਂ। ਦੂਜੇ ਪਾਸੇ ਉਕਤ ਤੋਂ ਉਲਟ ਜੇ ਬਹੁਤਿਆਂ ਰਿਸ਼ਤਿਆਂ ਦੀ ਬਜਾਏ ਸਿਰਫ਼ ਇਕ ਰਿਸ਼ਤਾ ਸਾਡੇ ਕੋਲ ਅਜਿਹਾ ਹੈ ਜੋ ਉਕਤ ਦੱਸੇ ਗਏ ਗੁਣਾਂ ਨਾਲ ਭਰਪੂਰ ਹੈ ਤਾਂ ਅਜਿਹੇ ਰਿਸ਼ਤੇ ਦੇ ਸੰਗ ’ਚ ਮਨ ਖ਼ੁਸ਼ੀ ਤੇ ਹੁਲਾਸ ਨਾਲ ਭਰਪੂਰ ਹੋਣ ਕਰ ਕੇ ਸਾਡੇ ’ਚ ਕਦੇ ਵੀ ਇਕੱਲੇ ਹੋਣ ਦਾ ਅਹਿਸਾਸ ਪੈਦਾ ਨਹੀਂ ਹੋਵੇਗਾ। ਰਿਸ਼ਤਿਆਂ ’ਚ ਸਾਵਾਂਪਨ ਹੋਣਾ ਉਨ੍ਹਾਂ ਦਾ ਇਕ ਬਹੁਤ ਹੀ ਅਹਿਮ ਪਹਿਲੂ ਹੈ। ਸੋ, ਨਵੇਂ ਰਿਸ਼ਤੇ ਗੰਢਣ ਵੇਲੇ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ। ਉਂਜ ਤਾਂ ਕੁਦਰਤ ਨੇ ਹਰ ਸ਼ੈਅ ਵਿਲੱਖਣ ਹੀ ਪੈਦਾ ਕੀਤੀ ਹੈ, ਪੂਰੀ ਤਰ੍ਹਾਂ ਸੋਚ ਦੇ ਸਾਵੇਂਪਣ ਦਾ ਚਿਤਵਨ ਨਹੀਂ ਕੀਤਾ ਜਾ ਸਕਦਾ ਪਰ ਕੁਝ ਹੱਦ ਤਕ ਸੋਚ ਤੇ ਖ਼ਿਆਲਾਂ ਦੀ ਸਾਂਝ ਦਾ ਮਿਲਣਾ ਜਾਂ ਉਨ੍ਹਾਂ ਵਿਚ ਨੇੜਤਾ ਦਾ ਹੋਣਾ ਰਿਸ਼ਤਿਆਂ ਦੀ ਹੰਢਣਸਾਰਤਾ ਦੀ ਧਰੋਹਰ ਸਾਬਿਤ ਹੋ ਸਕਦਾ ਹੈ। ਨਵੇਂ ਰਿਸ਼ਤੇ ਜੋੜਨ ਵੇਲੇ ਇਸ ਨੁਕਤੇ ਦਾ ਜ਼ਰੂਰ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਰਿਸ਼ਤੇ ਖਾਨਦਾਨੀ ਹੋਣ ਜਾਂ ਸਮਾਜਿਕ, ਇਹ ਵਿਹਾਰਕ ਹੋਣ ਜਾਂ ਵਪਾਰਕ, ਸਵਾਰਥੀ ਹੋਣ ਜਾਂ ਨਿਰਸਵਾਰਥ, ਸਭਨਾਂ ਤਰ੍ਹਾਂ ਦੇ ਰਿਸ਼ਤਿਆਂ ’ਚ ਸੁੱਚਮਤਾ, ਵਿਸ਼ਵਾਸ ਤੇ ਇਕ-ਦੂਸਰੇ ਨਾਲ ਤੋੜ ਨਿਭਣ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ। ਜੇ ਰਿਸ਼ਤੇ ਇਮਾਨਦਾਰੀ, ਸਪਸ਼ਟਤਾ, ਪਾਰਦਰਸ਼ਤਾ ਦੀ ਬੁਨਿਆਦ ’ਤੇ ਖੜੇ੍ਹ ਹੋਣਗੇ ਤਾਂ ਉਹ ਹੰਢਣਸਾਰ ਹੋਣਗੇ ਤੇ ਉਨ੍ਹਾਂ ਦੇ ਤੋੜ ਨਿਭਣ ਦੀਆਂ ਸੰਭਾਵਨਾਵਾਂ ਬਹੁਤ ਉੱਚੀਆਂ ਹੋਣਗੀਆਂ।