ਨਵੀਂ ਦਿੱਲੀ, 29 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਵਿਚ ਘਰੇਲੂ ਪੱਧਰ ਉਤੇ ਦਾਖਲ ਕੀਤੇ ਜਾਣ ਵਾਲੇ ਪੇਟੈਂਟ ਦੀ ਗਿਣਤੀ ਵਿਦੇਸ਼ਾਂ ਵਿਚ ਦਾਖਲ ਕੀਤੇ ਜਾਣ ਵਾਲੇ ਪੇਟੈਂਟ ਨਾਲੋਂ ਵੱਧ ਹੋ ਗਈ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ‘ਟੈਕੇਡ’ (ਤਕਨੀਕੀ ਦਹਾਕਾ) ਹੋਣ ਦਾ ਭਾਰਤ ਦਾ ਸੁਫ਼ਨਾ ਇਨ੍ਹਾਂ ਦੇ ਦਮ ਉਤੇ ਪੂਰਾ ਹੋਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਵਿਚ ਖੋਜੀਆਂ ਦੀ ਅਹਿਮ ਭੂਮਿਕਾ ਹੋਵੇਗੀ। ਮੋਦੀ ਨੇ ਨਵੇਂ ਸਾਲ ਵਿਚ ਆਪਣੇ ਪਹਿਲੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਹਾ ਕਿ ਇਹ ਦੇਸ਼ ਦੀ ਵਧਦੀ ਵਿਗਿਆਨਕ ਸਮਰੱਥਾ ਨੂੰ ਉਭਾਰਦਾ ਹੈ। ਪ੍ਰਧਾਨ ਮੰਤਰੀ ਤਕਨੀਕਾਂ ਦੇ ਵਿਕਾਸ ਵਾਲੇ ਇਸ ਦਹਾਕੇ ਲਈ ‘ਤਕਨੀਕੀ ਦਹਾਕਾ’ ਸ਼ਬਦ ਦਾ ਇਸਤੇਮਾਲ ਪਹਿਲਾਂ ਵੀ ਕਰ ਚੁੱਕੇ ਹਨ। ਇਨ੍ਹਾਂ ਵਿਚ ਬਹੁਤ ਸਾਰੀਆਂ ਤਕਨੀਕਾਂ ਭਾਰਤ ਵਿਚ ਇਜਾਦ ਕੀਤੀਆਂ ਗਈਆਂ ਹਨ। ਮੋਦੀ ਨੇ ਕਿਹਾ ਕਿ ਪੇਟੈਂਟ ਦਾਖਲ ਕਰਨ ਦੇ ਮਾਮਲੇ ਵਿਚ ਭਾਰਤ ਦਾ ਵਿਸ਼ਵ ਵਿਚ ਸੱਤਵਾਂ ਸਥਾਨ ਹੈ, ਜਦਕਿ ਟਰੇਡਮਾਰਕ ਰਜਿਸਟਰੇਸ਼ਨ ਵਿਚ ਇਹ ਪੰਜਵੇਂ ਨੰਬਰ ਉਤੇ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਭਾਰਤ ਦੇ ਪੇਟੈਂਟ ਰਜਿਸਟਰੇਸ਼ਨ ਵਿਚ 50 ਫੀਸਦ ਦਾ ਵਾਧਾ ਹੋਇਆ ਹੈ, ਜਦਕਿ ਆਲਮੀ ‘ਇਨੋਵੇਸ਼ਨ ਇੰਡੈਕਸ’ ਵਿਚ ਭਾਰਤ 2015 ਵਿਚ 80ਵੇਂ ਸਥਾਨ ਦੇ ਮੁਕਾਬਲੇ ਹੁਣ 40ਵੇਂ ਸਥਾਨ ਉਤੇ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਮੈਨੂੰ ਵਿਸ਼ਵਾਸ ਹੈ ਕਿ ਤਕਨੀਕੀ ਦਹਾਕਾ ਬਣਨ ਦਾ ਭਾਰਤ ਦਾ ਸੁਫ਼ਨਾ ਇਸ ਦੇ ਕਾਢਕਾਰਾਂ ਤੇ ਉਨ੍ਹਾਂ ਵੱਲੋਂ ਦਾਖਲ ਕੀਤੇ ਜਾਣ ਵਾਲੇ ਪੇਟੈਂਟ ਨਾਲ ਪੂਰਾ ਹੋਵੇਗਾ।’ ਮੋਦੀ ਨੇ ਕਿਹਾ ਕਿ ਵੱਕਾਰੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਨੇ 2022 ਵਿਚ 145 ਪੇਟੈਂਟ ਕਰਵਾਏ ਹਨ ਜੋ ਕਿ ਇਕ ਸ਼ਾਨਦਾਰ ਉਦਾਹਰਨ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿਚ ਜਲਗਾਹਾਂ ਦੀ ਗਿਣਤੀ 26 ਤੋਂ ਵਧ ਕੇ 75 ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਈ-ਵੇਸਟ ਨੂੰ ਨਵਿਆਉਣ ਦੀ ਲੋੜ ਉਤੇ ਵੀ ਜ਼ੋਰ ਦਿੱਤਾ। -ਪੀਟੀਆਈ