ਓਟਾਵਾ: ਸਿਨੋਫਾਰਮ, ਸਿਨੋਵੈਕ ਅਤੇ ਕੋਵੈਕਸੀਨ ਨਾਲ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ 30 ਨਵੰਬਰ ਤੋਂ ਕੈਨੇਡਾ ਵਿਚ ਆਉਣ ਦੀ ਆਗਿਆ ਹੋਵੇਗੀ।
ਕੈਨੇਡੀਅਨ ਸਰਕਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਕੈਨੇਡਾ ਵਿਚ ਸਿਰਫ ਉਹ ਯਾਤਰੀ ਆ ਸਕਦੇ ਹਨ, ਜਿਨ੍ਹਾਂ ਨੇ ਫਾਈਜਰ, ਮੋਡਰਨਾ, ਐਸਟਰਾਜੈਨੇਕਾ ਅਤੇ ਜੌਹਨਸਨ ਐਂਡ ਜੌਹਨਸਨ ਦੀਆਂ ਡੋਜਾਂ ਲਈਆਂ ਹੋਣ। ਸ਼ਿਨਹੂਆ ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਇਸੇ ਤਰ੍ਹਾਂ 30 ਨਵੰਬਰ ਤੋਂ ਕੈਨੇਡਾ ਤੋਂ ਥਲ ਜਾਂ ਹਵਾਈ ਮਾਰਗ ਰਾਹੀਂ 72 ਤੋਂ ਘੱਟ ਸਮੇਂ ਲਈ ਬਾਹਰ ਜਾਣ ਵਾਲੇ ਲੋਕਾਂ ਨੂੰ ਦੁਬਾਰਾ ਮੁਲਕ ‘ਚ ਦਾਖਲ ਹੋਣ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਨਹੀਂ ਹੋਵੇਗੀ। ਇਹ ਤਬਦੀਲੀ ਸਿਰਫ ਕੈਨੇਡੀਅਨ ਨਾਗਰਿਕਾਂ, ਪੱਕੇ ਵਸਨੀਕਾਂ ਅਤੇ ਭਾਰਤੀ ਐਕਟ ਤਹਿਤ ਰਜਿਸਟਰਡ ਵਿਅਕਤੀਆਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਵੈਕਸੀਨੇਸ਼ਨ ਸਬੰਧੀ ਮੈਡੀਕਲ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ‘ਤੇ ਲਾਗੂ ਹੋਵੇਗੀ। ਇਸ ਤੋਂ ਇਲਾਵਾ 15 ਜਨਵਰੀ ਤੋਂ ਯਾਤਰੀਆਂ ਦੇ ਕੁਝ ਸਮੂਹਾਂ, ਜਿਨ੍ਹਾਂ ਨੂੰ ਮੁਲਕ ਵਿਚ ਦਾਖਲ ਹੋਣ ਸਬੰਧੀ ਲੋੜੀਂਦੀਆਂ ਸ਼ਰਤਾਂ ਤੋਂ ਛੋਟ ਹੈ, ਨੂੰ ਕੈਨੇਡਾ ਵਿਚ ਸਿਰਫ ਉਸੇ ਸਮੇਂ ਆਉਣ ਦੀ ਆਗਿਆ ਹੋਵੇਗੀ ਜਿਨ੍ਹਾਂ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ।
ਇਨ੍ਹਾਂ ਸਮੂਹਾਂ ਵਿਚ ਆਪਣੇ ਪਰਿਵਾਰ ਨਾਲ ਮੁੜ ਇਕੱਠੇ ਹੋਣ ਵਾਲੇ ਵਿਅਕਤੀ, ਕੌਮਾਂਤਰੀ ਵਿਦਆਰਥੀ, ਪੇਸ਼ਾਵਰ ਅਤੇ ਗੈਰ-ਪੇਸ਼ੇਵਰ ਅਥਲੀਟ, ਪੁਖਤਾ ਕੰਮ ਸਬੰਧੀ ਪਰਮਿਟ ਹਾਸਲ ਵਿਅਕਤੀ ਤੇ ਟਰੱਕ ਡਰਾਈਵਰਾਂ ਸਮੇਤ ਦੂਜੀਆਂ ਜਰੂਰੀ ਸੇਵਾਵਾਂ ਵਾਲੇ ਕਾਮੇ ਸ਼ਾਮਲ ਹਨ। ਕੈਨੇਡਾ ਦੇ ਸਿਹਤ ਮੰਤਰੀ ਨੇ ਕਿਹਾ,’ਰੋਜ਼ਾਨਾ ਕੈਨੇਡੀਅਨ ਨਾਗਰਿਕਾਂ ਦੇ ਟੀਕਾਕਰਨ ਨਾਲ, ਅਸੀਂ ਸੁਚੇਤ ਢੰਗ ਨਾਲ ਖੁੱਲ੍ਹੀ ਅਰਥਵਿਵਸਥਾ ਤੇ ਸਮਾਜ ਵੱਲ ਵਧ ਸਕਦੇ ਹਾਂ।
ਬ੍ਰਿਟਿਸ਼ ਕੋਲੰਬੀਆ ਵਿਚ ਹੜ੍ਹਾਂ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ ਸਰੀ / ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ ਆਏ ਹੜ੍ਹਾਂ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ ਹੋ ਗਈ ਹੈ। ਸੂਬੇ ਦੀ ਖੇਤੀਬਾੜੀ ਮੰਤਰੀ ਲਾਨਾ ਪੌਪਹਮ ਨੇ ਦੱਸਿਆ ਕਿ ਹੜ੍ਹ ਕਾਰਨ ਸਾਰੇ ਕਿਸਾਨਾਂ ਕੋਲ ਏਨਾ ਸਮਾਂ ਜਾਂ ਸਾਧਨ ਨਹੀਂ ਸਨ ਕਿ ਉਹ ਆਪਣੇ ਪਸ਼ੂਆਂ ਨੂੰ ਬਚਾ ਕੇ ਪਾਣੀ ਵਿਚੋਂ ਕੱਢ ਲਿਆਉਂਦੇ। ਤੇਜ਼ੀ ਨਾਲ ਵਧੇ ਪਾਣੀ ਦੇ ਪੱਧਰ ਕਾਰਨ ਕਈ ਥਾਵਾਂ ‘ਤੇ ਲੋਕਾਂ ਨੂੰ ਆਪਣੇ ਪਾਲਤੂ ਪਸ਼ੂਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਲਈ ਮਜਬੂਰ ਹੋਣਾ ਪਿਆ। ਪ੍ਰਭਾਵਿਤ ਇਲਾਕਿਆਂ ਵਿਚ ਜਿਹੜੇ ਪਸ਼ੂ ਬਚਾਏ ਗਏ ਹਨ, ਉਨ੍ਹਾਂ ਨੂੰ ਡਾਕਟਰੀ ਮਦਦ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬੇ ਦੇ ਖੇਤੀਬਾੜੀ ਖੇਤਰ, ਖਾਸ ਕਰ ਫਰੇਜ਼ਰ ਵੈਲੀ ਲਈ ਇਹ ਬਹੁਤ ਮੁਸੀਬਤ ਭਰਿਆ ਸਮਾਂ ਹੈ। ਦੋ ਦਿਨ ਪਏ ਭਾਰੀ ਮੀਂਹ ਤੇ ਹੜ੍ਹ ਕਾਰਨ ਹਜ਼ਾਰਾਂ ਪਸ਼ੂਆਂ ਦੀ ਜਾਨ ਚਲੀ ਗਈ ਹੈ ਅਤੇ ਹਜ਼ਾਰਾਂ ਪਸ਼ੂ ਮੁਸੀਬਤ ਵਿਚ ਫਸੇ ਹੋਏ ਹਨ।