ਨਵੀਂ ਦਿੱਲੀ, 18 ਜਨਵਰੀ
ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਟਰੱਕ ਡਰਾਈਵਰਾਂ ਦੇ ਕੰਮਕਾਜ ਸਬੰਧੀ ਘੰਟੇ ਨਿਰਧਾਰਤ ਕਰਨ ਲਈ ਕਾਨੂੰਨ ਲਿਆਂਦਾ ਜਾਵੇਗਾ ਅਤੇ ਵਰ੍ਹਾ 2025 ਦੇ ਅੰਤ ਤਕ ਸੜਕੀ ਹਾਦਸੇ 50 ਫੀਸਦ ਘਟਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸੜਕ ਸੁਰੱਖਿਆ ਅਭਿਆਨ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਸੜਕ ਮੰਤਰਾਲਾ ਹਾਦਸਿਆਂ ਵਿੱਚ ਹੋਣ ਵਾਲੀ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਘਟਾਉਣ ਲਈ ਵਚਨਬੱਧ ਹੈ ਤੇ ਇਸ ਮੰਤਵ ਲਈ ਇੰਜਨੀਅਰਿੰਗ, ਐਨਫੋਰਸਮੈਂਟ, ਸਿੱਖਿਆ ਅਤੇ ਐਮਰਜੈਂਸੀ ਕੇਅਰ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰਾਂ ਦੇ ਕੰਮਕਾਜ ਦੇ ਘੰਟੇ ਨਿਰਧਾਰਤ ਕਰਨ ਲਈ ਛੇਤੀ ਹੀ ਕਾਨੂੰਨ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਸੜਕੀ ਆਵਾਜਾਈ ਮੰਤਰਾਲੇ ਵੱਲੋਂ 11 ਤੋਂ 17 ਜਨਵਰੀ ਤਕ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ ਹੈ। -ਪੀਟੀਆਈ