ਨਵੀਂ ਦਿੱਲੀ– ਦੀਪ ਸਿੱਧੂ ਨੂੰ ਅੱਜ ਜ਼ਮਾਨਤ ਨਹੀਂ ਮਿਲੀ ਕਿਉਂਕਿ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਅਭਿਨੇਤਾ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਹੋਣ ਵਾਲੀ ਸੁਣਵਾਈ ਟਾਲ ਦਿੱਤੀ ਹੈ।
ਦੱਸ ਦੇਈਏ ਕਿ ਦੀਪ ਸਿੱਧੂ ਨੂੰ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ‘ਚ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੀਪ ਸਿੱਧੂ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ। ਇਸ ਮਾਮਲੇ ‘ਚ ਅੱਜ ਸੁਣਵਾਈ ਹੋਣੀ ਸੀ ਪਰ ਜੱਜ ਛੁੱਟੀ ’ਤੇ ਹੋਣ ਕਰਕੇ ਸੁਣਵਾਈ ਟਾਲ ਦਿੱਤੀ ਗਈ। ਪੰਜਾਬੀ ਅਦਾਕਾਰ ਦੀਪ ਸਿੱਧੂ ‘ਤੇ ਦਿੱਲੀ ਹਿੰਸਾ ਲਈ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦੇ ਦੋਸ਼ ਹਨ। ਦੱਸ ਦੇਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ ਹੋਵੇਗੀ। ਦੱਸ ਦੇਈਏ ਕਿ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਟੀਮ ਨੇ ਦੀਪ ਸਿੱਧੂ ਨੂੰ 8 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ 7 ਦਿਨਾਂ ਦੀ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ।
ਇਸ ਮਗਰੋਂ ਪੁੱਛ ਪੜਤਾਲ ‘ਚ ਦੀਪ ਸਿੱਧੂ ਨੇ ਦੱਸਿਆ ਕਿ ਉਸ ਦਾ ਕੋਈ ਵੀ ਬੁਰਾ ਇਰਾਦਾ ਨਹੀਂ ਸੀ ਅਤੇ ਬਾਕੀਆਂ ਵਾਂਗ ਉਹ ਵੀ ਉੱਥੇ ਚਲਾ ਗਿਆ ਸੀ। ਦਿੱਲੀ ਪੁਲਸ ਨੇ ਦੀਪ ਸਿੱਧੂ ਅਤੇ ਤਿੰਨ ਹੋਰਾਂ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਨਕਦੀ ਇਨਾਮ ਦੇਣ ਦਾ ਐਲਾਨ ਕੀਤਾ ਸੀ। ਦੱਸਣਯੋਗ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਕੌਮੀ ਰਾਜਧਾਨੀ ‘ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਸ ਮੁਲਾਜ਼ਮਾਂ ‘ਚ ਝੜਪ ਹੋ ਗਈ ਸੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਟਰੈਕਟਰਾਂ ਨਾਲ ਲਾਲ ਕਿਲ੍ਹੇ ‘ਚ ਪਹੁੰਚ ਗਏ ਸਨ ਅਤੇ ਉੱਥੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ। ਦੱਸਿਆ ਗਿਆ ਸੀ ਕਿ ਇਸ ਹਿੰਸਾ ‘ਚ ਲਗਪਗ 500 ਪੁਲਸ ਮੁਲਾਜ਼ਮ ਜ਼ਖਮੀ ਹੋਏ ਸਨ ਅਤੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਵੀ ਹੋਈ ਸੀ।