ਰਾਂਚੀ, 23 ਮਾਰਚ (ਪੰਜਾਬ ਮੇਲ)- ਇਨਕਮ ਟੈਕਸ (ਆਈ.ਟੀ.) ਵਿਭਾਗ ਨੇ ਖਣਨ ਉਤਪਾਦਾਂ ਦੇ ਕਾਰੋਬਾਰ ਨਾਲ ਜੁੜੀ ਝਾਰਖੰਡ ਦੀ ਕੰਪਨੀ ਐਗਰੀਤੀ ਮਿਨਰਲਜ਼ ਪ੍ਰਾਈਵੇਟ ਲਿਮਟਿਡ ਦੇ ਅਹਾਤੇ ‘ਤੇ ਛਾਪੇਮਾਰੀ ਦੌਰਾਨ 22,000 ਮੀਟ੍ਰਿਕ ਟਨ ਕੋਲੇ ਦੇ ਸਟਾਕ ਦਾ ਪਤਾ ਲਗਾਇਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕੋਲਾ ਸੂਬੇ ਦੇ ਦੋ ਪਾਵਰ ਪਲਾਂਟਾਂ ਨੂੰ ਸਪਲਾਈ ਕੀਤਾ ਜਾਣਾ ਸੀ, ਪਰ ਕੰਪਨੀ ਵੱਲੋਂ ਇਸ ਦੀ ਥਾਂ ਗੈਰ-ਕਾਨੂੰਨੀ ਢੰਗ ਨਾਲ ਡੰਪ ਕੀਤਾ ਗਿਆ। ਕੋਲੇ ਨੂੰ ਰਾਮਗੜ੍ਹ ਜ਼ਿਲ੍ਹੇ ਦੇ ਕੁਜੂ ਸ਼ਹਿਰ ਵਿੱਚ ਕੰਪਨੀ ਦੇ ਟਿਕਾਣਿਆਂ ‘ਤੇ ਸਟੋਰ ਕੀਤਾ ਗਿਆ ਸੀ। ਆਈਟੀ ਵਿਭਾਗ ਵੱਲੋਂ ਕੀਤੇ ਗਏ ਮੁਲਾਂਕਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਨੀ ਦੇ ਅਹਾਤੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਡੰਪ ਕੀਤੇ ਕੋਲੇ ਦੀ ਕੀਮਤ 23.75 ਕਰੋੜ ਰੁਪਏ ਹੈ। ਵਿਭਾਗ ਨੇ 20-21 ਮਾਰਚ ਨੂੰ ਰਾਂਚੀ ਅਤੇ ਕੁਜੂ ਸਥਿਤ ਕੰਪਨੀ ਦੇ ਟਿਕਾਣਿਆਂ ‘ਤੇ ਸਰਵੇਖਣ ਕੀਤਾ ਸੀ। ਸਰਵੇਖਣ ਦੌਰਾਨ ਇਹ ਪਾਇਆ ਗਿਆ ਕਿ ਕੰਪਨੀ ਕੋਲ ਆਪਣੇ ਸਟਾਕ ਰਜਿਸਟਰ ਵਿੱਚ ਦਰਜ ਵੇਰਵਿਆਂ ਦੇ ਮੁਕਾਬਲੇ ਕੋਲੇ ਦਾ ਵੱਡਾ ਭੰਡਾਰ ਹੈ। ਇਸ ਸਟਾਕ ਦਾ ਮੁਲਾਂਕਣ ਕੇਂਦਰ ਸਰਕਾਰ ਦੀ ਕੰਪਨੀ ਸੈਂਟਰਲ ਮਾਈਨ ਪਲੈਨਿੰਗ ਐਂਡ ਡਿਜ਼ਾਈਨ ਇੰਸਟੀਚਿਊਟ (ਸੀਐਮਪੀਡੀਆਈ) ਦੇ ਮਾਹਿਰਾਂ ਨੇ ਕੀਤਾ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਕੋਲਾ ਮੈਥਨ ਪਾਵਰ ਲਿਮਟਿਡ ਅਤੇ ਕੋਡਰਮਾ ਥਰਮਲ ਪਾਵਰ ਲਿਮਟਿਡ ਨੂੰ ਸਪਲਾਈ ਕੀਤਾ ਜਾਣਾ ਸੀ ਪਰ ਕੰਪਨੀ ਨੇ ਇਸ ਨੂੰ ਡੰਪ ਕਰ ਦਿੱਤਾ। ਕੋਲੇ ਨੂੰ ਗੈਰ-ਕਾਨੂੰਨੀ ਢੰਗ ਨਾਲ ਉੱਚੀ ਕੀਮਤ ‘ਤੇ ਬਾਜ਼ਾਰ ‘ਚ ਵੇਚਣ ਦੀ ਯੋਜਨਾ ਸੀ। ਕੰਪਨੀ ਚਲਾ ਰਹੇ ਕਾਰੋਬਾਰੀ ਨੇ ਵੀ 4.5 ਕਰੋੜ ਰੁਪਏ ਦੀ ਅਣਦੱਸੀ ਆਮਦਨ ਹੋਣ ਦਾ ਸਬੂਤ ਮੰਨਿਆ ਹੈ। ਉਹ ਆਈ.ਟੀ. ਵਿਭਾਗ ਨੂੰ 1.5 ਕਰੋੜ ਰੁਪਏ ਦਾ ਟੈਕਸ ਅਦਾ ਕਰਨ ਲਈ ਵੀ ਸਹਿਮਤ ਹੋ ਗਿਆ ਹੈ।