ਪਣਜੀ, 18 ਮਾਰਚ
ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਨੇ ਪਾਰਟੀ ਨੇਤਾ ਰਾਹੁਲ ਗਾਂਧੀ ਵੱਲੋਂ ਬਰਤਾਨੀਆ ਵਿੱਚ ਦਿੱਤੇ ਭਾਸ਼ਨ ਦਾ ਸਮਰਥਨ ਕੀਤਾ ਹੈ। ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਰਾਹੁਲ ਗਾਂਧੀ ਦੇ ਹੱਕ ਵਿੱਚ ਮਤਾ ਪਾਸ ਕੀਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਗੋਆ ਡੈਸਕ ਇੰਚਾਰਜ ਮਨੀਕਮ ਟੈਗੋਰ ਨੇ ਦੱਸਿਆ ਕਿ ਜੀਪੀਸੀਸੀ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਨੇ ‘ਰਾਹੁਲ ਗਾਂਧੀ ਦੇ ਵਿਚਾਰਾਂ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ ਹੈ।’ ਇਹ ਮਤਾ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਐਡਵਰਡ ਫਲੈਰੋ ਨੇ ਪੇਸ਼ ਕੀਤਾ ਹੈ। ਟੈਗੋਰ ਨੇ ਕਿਹਾ ਕਿ ਰਾਹੁਲ ਗਾਧੀ ਨੇ ਕੁੱਝ ਵੀ ਗਲਤ ਨਹੀਂ ਕਿਹਾ ਸੀ। ਉਨ੍ਹਾਂ ਦਾਅਵਾ ਕੀਤਾ, ”ਉਨ੍ਹਾਂ ਦੇ ਬਿਆਨ ਨੂੰ ਭਾਜਪਾ ਅਤੇ ਭਾਜਪਾ ਪੱਖੀ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ।” ਸੰਸਦ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਟੈਗੋਰ ਨੇ ਕਿਹਾ ਕਿ ਸੰਸਦ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸੱਤਾਧਾਰੀ ਪਾਰਟੀ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਵਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। -ਪੀਟੀਆਈ