ਨਵੀਂ ਦਿੱਲੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦੇਸ਼ ਨੂੰ ‘ਯੋਗ ਤੋਂ ਸਹਿਯੋਗ ਤੱਕ’ ਦਾ ਮੰਤਰ ਦਿੰਦਿਆਂ ਕਿਹਾ ਕਿ ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਨਾਲ ਮੁਕਾਬਲਾ ਕਰ ਰਿਹਾ ਹੈ ਤਾਂ ਯੋਗ ਉਮੀਦ ਦੀ ਕਿਰਨ ਬਣਿਆ ਹੋਇਆ ਹੈ।
7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਐੱਮ-ਯੋਗਾ ਐਪ ਵੀ ਲਾਂਚ ਕੀਤਾ, ਜਿਸ ਰਾਹੀਂ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ‘ਚ ਯੋਗ ਸਿਖਾਇਆ ਜਾਵੇਗਾ। ਭਾਰਤ ਨੇ ਇਸ ਐਪ ਨੂੰ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸਵੇਰੇ ਕੀਤੇ ਸੰਬੋਧਨ ‘ਚ ਐੱਮ-ਯੋਗਾ ਐਪ ਲਾਂਚ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਮਤਾ ਪੇਸ਼ ਕੀਤਾ ਸੀ ਤਾਂ ਉਸ ਦੇ ਪਿੱਛੇ ਇਹ ਹੀ ਭਾਵਨਾ ਸੀ ਕਿ ਯੋਗ ਵਿਗਿਆਨ ਪੂਰੇ ਵਿਸ਼ਵ ਨੂੰ ਉਪਲਬਧ ਹੋਵੇ। ਇਸ ਐਪ ‘ਚ ਯੋਗ ਸਿਖਲਾਈ ਦੇ ਕਈ ਵੀਡੀE ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ‘ਚ ਉਪਲਬਧ ਹੋਣਗੇ। ਹਾਸਲ ਜਾਣਕਾਰੀ ਮੁਤਾਬਿਕ ਇਸ ਮੋਬਾਈਲ ਐਪ ‘ਚ 12 ਤੋਂ 65 ਸਾਲ ਦੇ ਲੋਕਾਂ ਲਈ ਯੋਗ ਅਮਲਾਂ ਦੀ ਜਾਣਕਾਰੀ ਹੋਵੇਗੀ। ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਮਾਹਿਰਾਂ ਦੀ ਰਾਇ ਅਤੇ ਤੱਥਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਫਿਲਹਾਲ ਇਹ ਐਪ ਹਿੰਦੀ, ਅੰਗਰੇਜ਼ੀ ਅਤੇ ਫ਼੍ਰੈਂਚ ਭਾਸ਼ਾ ‘ਚ ਜਾਣਕਾਰੀ ਉਪਲਬਧ ਕਰਵਾਉਂਦਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਕੋਰੋਨਾ ‘ਚ ਯੋਗ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਦੇ ਨਾ ਦਿਖਣ ਵਾਲੇ ਵਾਇਰਸ ਨੇ ਜਦੋਂ ਦੁਨੀਆ ‘ਚ ਦਸਤਕ ਦਿੱਤੀ ਸੀ ਤਾਂ ਕੋਈ ਵੀ ਦੇਸ਼ ਮਾਨਸਿਕ ਤੌਰ ‘ਤੇ ਇਸ ਲਈ ਤਿਆਰ ਨਹੀਂ ਸੀ। ਅਜਿਹੇ ਸਮੇਂ ‘ਚ ਯੋਗ ਅੰਦਰੂਨੀ ਸ਼ਕਤੀ ਦਾ ਬਹੁਤ ਵੱਡਾ ਜ਼ਰੀਆ ਬਣਿਆ।