ਚੰਡੀਗੜ੍ਹ : ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਕੈਨੇਡੀਅਨ ਮੂਲ ਦੇ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਬਠਿੰਡਾ ਤੋਂ ਗਿ੍ਫਤਾਰ ਕੀਤਾ ਹੈ।
ਤਿੰਨੋਂ ਮੁਲਜ਼ਮ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹਨ। ਇਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਸਚਿਨ ਵਾਸੀ ਪਿੰਡ ਚਰੇਵਾਨ, ਹਿੰਮਤਵੀਰ ਸਿੰਘ ਗਿੱਲ ਵਾਸੀ ਪਿੰਡ ਝੋਰੜ ਅਤੇ ਬਲਕਰਨ ਉਰਫ ਵਿੱਕੀ ਵਾਸੀ ਪਿੰਡ ਚੱਕ ਦੂਹੇ ਵਾਲਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਦੋ .30 ਕੈਲੀਬਰ ਦੇ ਪਿਸਤੌਲ, 20 ਕਾਰਤੂਸ ਸਮੇਤ ਦੋ .32 ਕੈਲੀਬਰ ਦੇ ਪਿਸਤੌਲ ਅਤੇ ਇਕ ਚਿੱਟੇ ਰੰਗ ਦੀ ਆਈ20 ਕਾਰ ਵੀ ਬਰਾਮਦ ਕੀਤੀ ਹੈ।
ਡੀਆਈਜੀ (ਏਜੀਟੀਐੱਫ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਬਠਿੰਡਾ ਤੋਂ ਏਜੀਟੀਐੱਫ ਦੀ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਮਾਲਵਾ ਖੇਤਰ ਦੇ ਵਪਾਰੀ ਤੋਂ ਪੈਸੇ ਵਸੂਲਣ ਲਈ ਉਸ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਮੁਲਜ਼ਮਾਂ ਦੀ ਗਿ੍ਫ਼ਤਾਰੀ ਨਾਲ ਸਨਸਨੀਖੇਜ਼ ਵਾਰਦਾਤ ਨੂੰ ਟਾਲਣ ਵਿਚ ਸਫ਼ਲਤਾ ਮਿਲੀ ਹੈ। ਡੀਆਈਜੀ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ। ਸਚਿਨ ਅਤੇ ਹਿੰਮਤਵੀਰ ਪੰਜਾਬ ਦੇ ਗੁਆਂਢੀ ਰਾਜਾਂ ਹਰਿਆਣਾ ਅਤੇ ਦਿੱਲੀ ਵਿਚ ਨਸ਼ਾ ਤਸਕਰੀ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ ਸਨ। ਉਹ ਹਥਿਆਰ ਦੂਜੇ ਰਾਜਾਂ ਤੋਂ ਲਿਆ ਕੇ ਆਪਣੇ ਸਾਥੀਆਂ ਤਕ ਪਹੁੰਚਾਉਂਦਾ ਸੀ ਤਾਂ ਜੋ ਟੀਚੇ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
ਡੀਆਈਜੀ ਨੇ ਦੱਸਿਆ ਕਿ ਕੈਨੇਡੀਅਨ ਮੂਲ ਦੇ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੇਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀਆਂ ਹਦਾਇਤਾਂ ‘ਤੇ ਉਹ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਤੋਂ ਭਗੌੜੇ ਗੈਂਗਸਟਰਾਂ ਨੂੰ ਛੁਪਣਗਾਹਾਂ ਪ੍ਰਦਾਨ ਕਰਦਾ ਸੀ। ਉਸ ਨੇ ਕਿਹਾ, “ਹਾਲ ਹੀ ਵਿਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਲੋੜੀਂਦੇ ਗੈਂਗਸਟਰ ਸ਼ਾਹਰੁਖ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੂੰ ਸਚਿਨ ਅਤੇ ਉਸ ਦੇ ਸਾਥੀਆਂ ਵੱਲੋਂ ਪੰਜਾਬ ਵਿਚ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਬਠਿੰਡਾ ‘ਚ ਪਰਚਾ ਦਰਜ ਕਰ ਲਿਆ ਗਿਆ ਹੈ।