ਪਟਿਆਲਾ: ਪੰਜਾਬ ਵਿੱਚ ਫਰਾਡ ਟਰੈਵਲ ਏਜੰਟਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਲੋਕਾਂ ਨਾਲ ਹਰ ਰੋਜ਼ ਧੋਖਾ ਹੋ ਰਿਹਾ ਹੈ। ਜਲੰਧਰ, ਲੁਧਿਆਣਾ ਤੋਂ ਬਾਅਦ ਹੁਣ ਪਟਿਆਲਾ ‘ਚ ਵੀ ਟਰੈਵਲ ਏਜੰਟਾਂ ਨੇ ਠੱਗੀ ਦੀ ਦੁਕਾਨ ਸ਼ੁਰੂ ਕਰ ਦਿੱਤੀ ਹੈ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਭੇਜਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਭੇਜਣ ਦੇ ਨਾਂ ‘ਤੇ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਥਾਣਾ ਕੋਤਵਾਲੀ ਦੀ ਪੁਲਸ ਨੇ 3 ਵਿਅਕਤੀਆਂ ਖਿਲਾਫ ਧਾਰਾ 406, 420, 506 ਅਤੇ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਕਰਨ ਸਿੱਕਾ ਪੁੱਤਰੀ ਰਾਕੇਸ਼ ਕੁਮਾਰ, ਸਵੀਟੀ ਸਿੱਕਾ ਪਤਨੀ ਰਾਕੇਸ਼ ਕੁਮਾਰ ਵਾਸੀ ਬਾਵਾ ਲਾਲ ਮੰਦਰ ਮੁਹੱਲਾ ਲਕਸ਼ਮੀ ਨਗਰ ਸਿਟੀ ਕਪੂਰਥਲਾ ਅਤੇ ਹਰਜਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਢੁੱਦਿਆਲਵਾਲਾ ਜ਼ਿਲ੍ਹਾ ਕਪੂਰਥਲਾ ਸ਼ਾਮਲ ਹਨ। ਇਸ ਮਾਮਲੇ ਵਿੱਚ ਵਿਨੋਦ ਕੁਮਾਰ ਪੁੱਤਰ ਲਾਲ ਚੰਦ ਵਾਸੀ ਤੇਜ ਬਾਗ ਕਲੋਨੀ, ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਪਰਿਵਾਰ ਨਾਲ ਮਿਲ ਕੇ ਪੀ.ਆਰ. ਕਰਵਾਉਣ ਦੇ ਬਹਾਨੇ 1 ਕਰੋੜ 76 ਲੱਖ 15 ਹਜ਼ਾਰ 793 ਰੁਪਏ ਲੈ ਲਏ ਹਨ। ਬਾਅਦ ਵਿੱਚ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।