ਸੰਵੇਦਨਸ਼ੀਲ ਘਿਨਾਉਣੀਆਂ ਕਾਰਵਾਈਆਂ ਤੋਂ ਪਤਾ ਲੱਗਾ ਹੈ ਕਿ ਚੀਨ ਪੂਰੇ ਬ੍ਰਹਿਮੰਡ ਅੰਦਰ ਆਪਣੀ ਸਰਦਾਰੀ ਕਾਇਮ ਕਰਨ ਲਈ ਇਕ ਤਾਕਤਵਰ ਅਤੇ ਮਜ਼ਬੂਤ ਤੰਤਰ ਕਾਇਮ ਕਰ ਰਿਹਾ ਹੈ।
ਐਮਨੈਸਟੀ ਇੰਟਰਨੈਸ਼ਨਲ ਦੀ ਕੈਨੇਡੀਅਨ ਬਰਾਂਚ ਚੀਨ ਦੇ ਸਾਈਬਰ ਹਮਲੇ ਦੇ ਰਾਡਾਰ ’ਤੇ ਪਾਈ ਗਈ ਹੈ। ਇਹ ਸੰਸਥਾ ਗਲੋਬਲ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਚੇਤੰਨ ਅਤੇ ਮੁਸਤੈਦ ਰਹਿੰਦੀ ਹੈ।
ਚੀਨ ਅਤੇ ਇਸ ਦੇ ਸਾਥੀ ਏਕਾਧਿਕਾਰਵਾਦੀ ਤਾਨਾਸ਼ਾਹ ਨਿਜ਼ਾਮ ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਈਰਾਨ, ਰੂਸ, ਉੱਤਰੀ ਕੋਰੀਆ ਆਦਿ ਸ਼ਾਮਲ ਹਨ, ਆਪਣੇ ਅੰਦਰੂਨੀ ਅਤੇ ਬੈਰੂਨੀ ਹਿੱਤਾਂ ਦੀ ਰਾਖੀ ਲਈ ਲੋਕਤੰਤਰੀ ਸਮਾਜਾਂ ਅਤੇ ਰਾਸ਼ਟਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਉਹ ਉਨ੍ਹਾਂ ਦੀਆਂ ਸਰਹੱਦਾਂ, ਲੋਕਤੰਤਰੀ ਸੰਸਥਾਵਾਂ, ਆਜ਼ਾਦੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਡਿਜੀਟਲ ਤਾਨਾਸ਼ਾਹੀ ਅੱਜ ਪੂਰੇ ਵਿਸ਼ਵ ਵਿਚ ਸਥਾਪਤ ਅਤੇ ਮਸ਼ਹੂਰ ਹੋ ਚੁੱਕੀ ਹੈ।
ਚੀਨ ਵਰਗੇ ਰਾਸ਼ਟਰ ਇਸ ਨੂੰ ਵਿਆਪਕ ਗਲੋਬਲ ਨਿਗਰਾਨੀ,ਸਾਈਬਰ ਆਪ੍ਰੇਸ਼ਨ, ਸੈਂਸਰਸ਼ਿਪ ਅਤੇ ਸੂਚਨਾ ਪ੍ਰਾਪਤੀ ਕਾਰਵਾਈਆਂ ਲਈ ਅਮਲ ਵਿਚ ਲਿਆ ਰਹੇ ਹਨ।
ਸੰਯੁਕਤ ਰਾਸ਼ਟਰ ਸੰਘ ਨੇ ਚੀਨੀ ਤਕਨੀਕੀ ਟੈਨਸੈਂਟ ਕੰਪਨੀ ਨਾਲੋਂ ਇਸ ਕਰਕੇ ਨਾਤਾ ਤੋੜ ਲਿਆ ਕਿਉਂਕਿ ਉਹ ਉਈਗਰ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੀ ਨਿਗਰਾਨੀ ਅਤੇ ਜ਼ੁਲਮ ਲਈ ਚੀਨੀ ਤਾਨਾਸ਼ਾਹਾਂ ਦੀ ਮਦਦ ਕਰਦੀ ਸੀ।
ਚੀਨ ਸਾਈਬਰ ਕਾਰਵਾਈਆਂ ਨੂੰ ਦੂਸਰੇ ਤੇ ਦੁਸ਼ਮਣ ਰਾਸ਼ਟਰਾਂ ਅਤੇ ਉੱਥੇ ਰਹਿੰਦੇ ਚੀਨੀ ਨਾਗਰਿਕਾਂ ਦੀ ਜਾਸੂਸੀ ਕਰਨ, ਉਨ੍ਹਾਂ ਵਿਰੁੱਧ ਕਾਰਵਾਈ ਅਤੇ ਕੰਟਰੋਲ ਕਰਨ ਲਈ ਵਰਤ ਰਿਹਾ ਹੈ।
ਰੂਸੀ ਸਾਈਬਰ ਡਿਜੀਟਲ ਹਮਲੇ ਯੂਰਪੀ ਯੂਨੀਅਨ ਪਾਰਟੀਮੈਂਟ ਦੀਆਂ ਗਤੀਵਿਧੀਆਂ ਨੂੰ ਜਾਣਨ ਅਤੇ ਤਾਰਪੀਡੋ ਕਰਨ ਲਈ ਵਰਤੇ ਜਾਂਦੇ ਪਕੜੇ ਗਏ ਹਨ।
ਚੀਨ ਅਤੇ ਈਰਾਨ ਆਪਸੀ ਗੱਠਜੋੜ ਰਾਹੀਂ ਅਜਿਹੇ ਹਮਲੇ ਅੰਜਾਮ ਦੇ ਰਹੇ ਹਨ। ਸੈਂਸਰਸ਼ਿਪ ਕਾਰਵਾਈਆਂ, ਆਧੁਨਿਕ ਸੰਚਾਰ ਤਕਨੀਕਾਂ ਰਾਹੀਂ ਇੰਟਰਨੈੱਟ ਸੇਵਾਵਾਂ, ਆਨਲਾਈਨ ਡਾਟਾ, ਡਿਵਾਈਸਾਂ ਅਤੇ ਸੁਨੇਹੇ ਪ੍ਰਭਾਵਿਤ ਕੀਤੇ ਜਾ ਰਹੇ ਹਨ।
ਮਕਸਦ ਦੂਸਰੇ ਰਾਸ਼ਟਰਾਂ ਅੰਦਰ ਮਾਨਵ ਅਧਿਕਾਰਾਂ, ਆਜ਼ਾਦੀਆਂ ਅਤੇ ਲੋਕਤੰਤਰ ਦੀ ਬਰਬਾਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਹੁਣ ਤਾਂ ਤਾਕਤਵਰ ਕਾਰਪੋਰੇਟ ਜਗਤ ਸਾਈਬਰ ਤਕਨੀਕਾਂ ਦੀ ਡਿਜੀਟਲਾਈਜ਼ੇਸ਼ਨ ਨੂੰ ਇਕ-ਦੂਸਰੇ ਲਈ ਵਰਤ ਰਿਹਾ ਹੈ।
ਸਪੇਨ ਸਥਿਤ ‘ਸੇਫਗਾਰਡ ਡਿਫੈਂਡਰਜ਼’ ਮਨੁੱਖੀ ਅਧਿਕਾਰਾਂ ਸਬੰਧੀ ਗਰੁੱਪ ਨੇ ਖੋਜਿਆ ਕਿ ਚੀਨੀ ਏਕਾਧਿਕਾਰਵਾਦੀ ਤਾਨਾਸ਼ਾਹ ਸ਼ਾਸਨ ਨੇ ਵਿਦੇਸ਼ਾਂ ’ਚ ਰਹਿੰਦੇ ਚੀਨੀਆਂ ਨੂੰ ਕੰਟਰੋਲ ਕਰਨ ਲਈ ਗ਼ੈਰ-ਕਾਨੂੰਨੀ ਥਾਣੇ ਕਾਇਮ ਕਰ ਰੱਖੇ ਹਨ।
ਅਜਿਹੇ ਤਿੰਨ ਥਾਣਿਆਂ ਦੀ ਸ਼ਨਾਖਤ ਓਂਟਾਰੀਓ ਸੂਬੇ ਦੀ ਰਾਜਧਾਨੀ ਟੋਰਾਂਟੋ ’ਚ ਹੋਈ ਹੈ ਜਿੱਥੇ ਵੱਡੀ ਗਿਣਤੀ ’ਚ ਚੀਨੀ ਪਰਵਾਸੀ ਵਸਦੇ ਹਨ। ਇਹ ਵੀ ਪਤਾ ਚੱਲਿਆ ਹੈ ਕਿ ਲਗਪਗ 19 ਦੇਸ਼ਾਂ ਵਿਚ 50 ਥਾਣੇ ਚੀਨੀ ਕਮਿਊਨਿਸਟ ਪਾਰਟੀ ਦੇ ਨਿਰਦੇਸ਼ਾਂ ਅਨੁਸਾਰ ਸਥਾਪਿਤ ਕਰ ਰੱਖੇ ਹਨ।
ਕੈਨੇਡੀਅਨ ਸਰਕਾਰ ਨੇ ਚੀਨ ਦੇ ਰਾਜਦੂਤ ਨੂੰ ਤਲਬ ਕੀਤਾ ਅਤੇ ਪੁੱਛਿਆ ਕਿ ਉਨ੍ਹਾਂ ਰਿਪੋਰਟਾਂ ਬਾਰੇ ਦੱਸੋ ਕਿ ਕੈਨੇਡਾ ਵਿਚ ਚੀਨੀਆਂ ਦੁਆਰਾ ਗ਼ੈਰ-ਕਾਨੂੰਨੀ ਥਾਣੇ ਕਿਉਂ ਚਲਾਏ ਜਾ ਰਹੇ ਹਨ? ਕੈਨੇਡਾ ਅੰਦਰ ਗ਼ੈਰ-ਕਾਨੂੰਨੀ ਦਖ਼ਲਅੰਦਾਜ਼ੀ ਕਿਉਂ ਕੀਤੀ ਜਾ ਰਹੀ ਹੈ?
ਇਵੇਂ ਹੀ ਕੈਨੇਡਾ ਦੇ ਸਫ਼ਾਰਤਖਾਨੇ ਅਤੇ ਕੌਂਸਲੇਟਾਂ ਵਿਚ ਕੰਮ ਕਰਦੇ ਚੀਨੀ ਅਧਿਕਾਰੀਆਂ ਤੋਂ ਵੀ ਪੁੱਛ-ਪੜਤਾਲ ਕੀਤੀ ਗਈ। ਪਹਿਲਾਂ ਤਾਂ ਚੀਨ ਨੇ ਅਸਵੀਕਾਰ ਕੀਤਾ ਕਿ ਉਸ ਦਾ ਕੈਨੇਡਾ ਅੰਦਰ ਕੋਈ ਥਾਣਾ ਹੈ।
ਪਰ ਜਦੋਂ ਤੱਥ ਪੇਸ਼ ਕੀਤੇ ਗਏ ਤਾਂ ਮੰਨਿਆ ਕਿ ਅਕਤੂਬਰ, 2022 ਤੋਂ ਉਸ ਨੇ ਕੁਝ ‘ਸੇਵਾ ਕੇਂਦਰ’ ਸਥਾਪਿਤ ਕਰ ਰੱਖੇ ਹਨ ਜਿਨ੍ਹਾਂ ਰਾਹੀਂ ਕੈਨੇਡੀਅਨ ਚੀਨੀਆਂ ਦੇ ਕਾਗਜ਼-ਪੱਤਰ, ਹੈਲਥ ਕਾਰਡ, ਚੀਨੀ ਡਰਾਈਵਿੰਗ ਲਾਇਸੈਂਸ ਆਦਿ ਅਪਡੇਟ ਕੀਤੇ ਜਾਂਦੇ ਹਨ।
ਕੌਮਾਂਤਰੀ ਵਿਆਨਾ ਕਨਵੈਂਸ਼ਨ ਅਨੁਸਾਰ ਰਾਜਦੂਤਘਰ, ਕੌਂਸਖਾਨੇ ਪਾਸਪੋਰਟ, ਪ੍ਰਬੰਧਕੀ ਸੇਵਾਵਾਂ, ਜ਼ਮੀਨ-ਜਾਇਦਾਦਾਂ, ਸ਼ਨਾਖਤੀ ਕਾਗਜ਼-ਪੱਤਰਾਂ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ। ਇਨ੍ਹਾਂ ਵਿਚ ਸਿਰਫ਼ ਮਾਨਤਾ ਪ੍ਰਾਪਤ ਕਾਰਜ ਹੀ ਸ਼ਾਮਲ ਹੁੰਦੇ ਹਨ।
ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸੇਵਾ ਸਟੇਸ਼ਨਾਂ ’ਚ ‘ਵਲੰਟੀਅਰ’ ਕੰਮ ਕਰਦੇ ਹਨ, ਨਾ ਕਿ ਚੀਨੀ ਕਰਮਚਾਰੀ। ਕੋਵਿਡ-19 ਕਾਰਨ ਬਹੁਤ ਸਾਰੇ ਵਿਦੇਸ਼ ਵਿਚ ਰਹਿੰਦੇ ਚੀਨੀ ਪਰਵਾਸੀ ਸਵਦੇਸ਼ ਨਹੀਂ ਪਰਤ ਸਕੇ, ਉਨ੍ਹਾਂ ਦੇ ਜ਼ਰੂਰੀ ਕਾਰਜਾਂ, ਸ਼ਨਾਖਤੀ ਕਾਗਜ਼-ਪੱਤਰਾਂ ਅਤੇ ਡਰਾਈਵਿੰਗ ਲਾਇਸੈਂਸਾਂ ਨੂੰ ਨਵਿਆਉਣ ਲਈ ਅਜਿਹੀ ਸੇਵਾਵਾਂ ਲਈ ‘ਸੇਵਾ ਕੇਂਦਰ’ ਖੋਲ੍ਹਣੇ ਜ਼ਰੂਰੀ ਸਨ।
ਚੀਨ ਅਜਿਹੇ ਸੇਵਾ ਕੇਂਦਰਾਂ ਜੋ ਅਸਲ ਵਿਚ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਨਿਰਦੇਸ਼ਤ ਥਾਣੇ ਹਨ, ਵਿਚ ਸਿੱਖਿਅਤ ਚੀਨੀ ਏਜੰਟਾਂ ਰਾਹੀਂ ਚੀਨੀ ਰੈਜ਼ੀਡੈਂਟਾਂ ਨੂੰ ਜਿਨ੍ਹਾਂ ਦੇ ਰਿਸ਼ਤੇਦਾਰ ਚੀਨ ’ਚ ਰਹਿੰਦੇ ਹਨ, ਕੰਟਰੋਲ ’ਚ ਰੱਖਦਾ ਹੈ।
ਮਾਨਵ ਅਧਿਕਾਰਾਂ ਅਤੇ ਲੋਕਤੰਤਰ ਪ੍ਰੇਮੀ ਕਾਰਕੁਨਾਂ, ਉਈਗਰਾਂ, ਤਿੱਬਤੀਆਂ, ਫਲੁਨਾਂ, ਗੋਂਗਾਂ ਨੂੰ ਚੀਨੀਆਂ ਸਮੇਤ ਆਪਣੇ ਕੰਟਰੋਲ ਹੇਠ ਰੱਖਣ ਲਈ ਸਿੱਖਿਅਤ ਏਜੰਟਾਂ ਰਾਹੀਂ ਡਰਾਉਂਦਾ, ਧਮਕਾਉਂਦਾ ਤੇ ਲੋੜ ਪੈਣ ’ਤੇ ਗਾਇਬ ਕਰਵਾ ਦਿੰਦਾ ਹੈ।
ਦੂਸਰੇ ਦੇਸ਼ਾਂ ਸਬੰਧੀ ਅਤਿ-ਸੰਵੇਦਨਸ਼ੀਲ ਜਾਣਕਾਰੀਆਂ ਪ੍ਰਾਪਤ ਕਰਦਾ ਹੈ। ਸਥਾਨਕ, ਪ੍ਰਾਂਤਕ ਅਤੇ ਕੇਂਦਰੀ ਪੱਧਰ ’ਤੇ ਚੋਣਾਂ, ਨਿਯੁਕਤੀ ਤਬਦੀਲੀਆਂ ਪ੍ਰਾਪਤ ਕਰਦਾ ਹੈ।
ਪਤਾ ਲੱਗਾ ਹੈ ਕਿ ਸੰਨ 2019 ਦੀਆਂ ਕੈਨੇਡੀਅਨ ਫੈਡਰਲ ਚੋਣਾਂ ਵਿਚ ਚੀਨੀ ਕੌਂਸਲੇਟ ਟੋਰਾਂਟੋ ਰਾਹੀਂ ਕਰੀਬ 11 ਲਿਬਰਲ ਤੇ ਕੰਜ਼ਰਵੇਟਿਵ ਉਮੀਦਵਾਰਾਂ ਨੂੰ 2,50,000 ਡਾਲਰ ਫੰਡਿਗ ਕੀਤੀ ਗਈ।
ਪ੍ਰਧਾਨ ਮੰਤਰੀ, ਉਨ੍ਹਾਂ ਦਾ ਦਫ਼ਤਰ, ਕੈਬਨਿਟ, ਪ੍ਰੀਮੀਅਰਜ਼, ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਨੂੰ ਸੂਹ ਤਕ ਨਹੀਂ ਲੱਗਣ ਦਿੱਤੀ ਗਈ।
ਚੀਨ ਨੇ ਰਿਸ਼ਵਤ, ਭ੍ਰਿਸ਼ਟਾਚਾਰ ਅਤੇ ਫੰਡਿੰਗ ਰਾਹੀਂ ਸੱਭਿਆ ਸਮਾਜਾਂ ਨੂੰ ਕੈਨੇਡਾ ਸਮੇਤ ਗੰਦਾ ਕਰਨ, ਲੋਕਤੰਤਰ, ਲੋਕਤੰਤਰੀ ਸੰਸਥਾਵਾਂ, ਮਾਨਵ ਅਧਿਕਾਰ ਸੰਸਥਾਵਾਂ ਨੂੰ ਪੂਰੇ ਵਿਸ਼ਵ ਵਿਚ ਤਬਾਹ ਕਰਨ ਦਾ ਤੰਤਰ ਵਿਛਾ ਰੱਖਿਆ ਹੈ।
ਕੈਨੇਡਾ ਅੰਦਰ ਮਨੁੱਖੀ ਅਧਿਕਾਰ ਸੰਗਠਨ ਪਹਿਲਾਂ ਹੀ ਚੀਨ ਦੇ ਅਜਿਹੇੇ ਘਿਨਾਉਣੇ, ਦੇਸ਼ ਵਿਰੋਧੀ, ਲੋਕ ਵਿਰੋਧੀ, ਲੋਕਤੰਤਰ ਵਿਰੋਧੀ ਕਾਰਨਾਮਿਆਂ, ਗਤੀਵਿਧੀਆਂ ਸਬੰਧੀ ਪ੍ਰਸ਼ਨ ਅਤੇ ਆਵਾਜ਼ ਉਠਾਉਂਦੇ ਰਹੇ ਹਨ ਪਰ ਪਤਾ ਨਹੀਂ ਸਰਕਾਰਾਂ ਇਨ੍ਹਾਂ ਪ੍ਰਤੀ ਕਿਉਂ ਕੁੰਭਕਰਨੀ ਨੀਂਦ ਸੁੱਤੀਆਂ ਰਹੀਆਂ?
ਹੈਰਾਨਕੁੰਨ ਇਹ ਹੈ ਕਿ ਜਿਸ ਕੈਨੇਡੀਅਨ ਧਰਤੀ ’ਤੇ ਅਮਰੀਕਾ, ਯੂਕੇ, ਫਰਾਂਸ ਜਾਂ ਕੋਈ ਹੋਰ ਤਾਕਤਵਰ ਦੇਸ਼ ਅਜਿਹੇ ਥਾਣੇ ਨਹੀਂ ਖੋਲ੍ਹ ਸਕਿਆ, ਚੀਨ ਨੇ ਅਜਿਹਾ ਕਰ ਕੇ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ।
ਕੈਨੇਡਾ-ਚੀਨੀ ਕਮੇਟੀ ਨਾਲ ਸਬੰਧਤ ਡਾਂਚੋ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਅਜਿਹੇ ਚੀਨੀ ਡਿਪਲੋਮੈਟ ਦੇਸ਼ ’ਚੋਂ ਬਾਹਰ ਕੱਢ ਦੇਣੇ ਚਾਹੀਦੇ ਹਨ ਜੋ ਅਜਿਹੇ ਥਾਣਿਆਂ (ਸੇਵਾ ਸਟੇਸ਼ਨਾਂ) ’ਚ ਕੰਮ ਕਰਦੇ ਹਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਜ਼ੋਰ ਪਾਇਆ ਕਿ ਚੀਨ ਨੂੰ ਜਨਤਕ ਤੌਰ ’ਤੇ ਅਜਿਹੇ ਗੁਨਾਹ, ਪ੍ਰਭੂਸੱਤਾ ਸੰਪੰਨ ਰਾਸ਼ਟਰ ਅੰਦਰ ਦਖ਼ਲ ਦੇਣ ਲਈ ਲਤਾੜ ਲਗਾਉਣੀ ਚਾਹੀਦੀ ਹੈ।
ਨੌਂ ਫਰਵਰੀ 2021 ਨੂੰ ਸੀਐੱਸਆਈਐੱਸ ਡਾਇਰੈਕਟਰ ਡੇਵਿਡ ਵਿਜ਼ਨਾਲਟ ਨੇ ਚੇਤਾਵਨੀ ਦਿੱਤੀ ਸੀ ਕਿ ਵਿਦੇਸ਼ੀ ਦਖ਼ਲ ਦੇਸ਼ ਦੇ ਸਿਆਸੀ ਸਿਸਟਮ ਤੇ ਲੋਕਤੰਤਰੀ ਸੰਸਥਾਵਾਂ ਲਈ ਗੰਭੀਰ ਚੁਣੌਤੀ ਬਣਿਆ ਪਿਆ ਹੈ।
ਪ੍ਰਧਾਨ ਮੰਤਰੀ ਟਰੂਡੋ ਨੇ 30 ਨਵੰਬਰ 2022 ਨੂੰ ਹਾਊਸ ਆਫ ਕਾਮਨਜ਼ ’ਚ ਦੱਸਿਆ ਸੀ ਕਿ ਕੈਨੇਡਾ ਤੇ ਇਸ ਦੇ ਮਿੱਤਰ ਰਾਸ਼ਟਰ ਲਗਾਤਾਰ ਵਿਦੇਸ਼ੀ ਰਾਸ਼ਟਰਾਂ ਜਿਵੇਂ ਚੀਨ ਵੱਲੋਂ ਟਾਰਗੈਟ ਕੀਤੇ ਜਾਂਦੇ ਹਨ, ਇਨ੍ਹਾਂ ਵਿਚ ਚੋਣਾਂ ਵੀ ਸ਼ਾਮਲ ਹਨ।
ਬਾਲੀ ਜੀ-20 ਸੰਮੇਲਨ ’ਚ ਜਸਟਿਨ ਟਰੂਡੋ ਨੇ ਇਹ ਮਸਲਾ ਚੀਨੀ ਸਦਰ ਸ਼ੀ ਜਿਨਪਿੰਗ ਦੇ ਨੋਟਿਸ ਵਿਚ ਲਿਆਂਦਾ। ਜਦੋਂ ਉਨ੍ਹਾਂ ਮੀਡੀਆ ਨਾਲ ਦੁਵੱਲੀ ਗੱਲਬਾਤ ਦੇ ਸਾਰਅੰਸ਼ ਦਾ ਜ਼ਿਕਰ ਕੀਤਾ ਤਾਂ ਜਿਨਪਿੰਗ ਨੂੰ ਖ਼ੂਬ ਮਿਰਚਾਂ ਲੱਗੀਆਂ।
ਚੀਨੀ ਸਾਈਬਰ ਏਜੰਸੀਆਂ ਗ਼ਲਤ ਜਾਣਕਾਰੀਆਂ, ਗੁਮਰਾਹਕੁਨ ਪ੍ਰਚਾਰ, ਸੋਸ਼ਲ ਮੀਡੀਆ ਰਾਹੀਂ ਭਰਮ-ਭੁਲੇਖੇ ਪੈਦਾ ਕਰਨ ਲਈ ਪੂਰੇ ਵਿਸ਼ਵ ਵਿਚ ਬਦਨਾਮ ਹਨ।
ਪੂਰਾ ਵਿਸ਼ਵ ਜਾਣਦਾ ਹੈ ਕਿ ਚੀਨ ਛੋਟੇ ਜਿਹੇ ਤਾਇਵਾਨ ’ਤੇ ਕਬਜ਼ਾ ਕਰਨ ਲਈ ਕਿੰਨਾ ਕਾਹਲਾ ਹੈ ਪਰ ਉਹ ਇਸ ਦੀ ਤਾਕਤ ਅੱਗੇ ਡਟਿਆ ਪਿਆ ਹੈ, ਪੱਕੇ ਪ੍ਰਣ, ਵਚਨਬੱਧਤਾ, ਭਰੋਸੇਯੋਗਤਾ, ਜਾਗਰੂਕਤਾ ਅਤੇ ਅਤਿ-ਆਧੁਨਿਕ ਸਾਇਬਰ ਡਿਜੀਟਲ ਤਕਨੀਕ ਸ਼ਕਤੀ ਸਹਾਰੇ।
ਉਸ ਦਾ ਤਾਕਤਵਰ ਡਿਜੀਟਲ ਮੰਤਰਾਲਾ ਡੈਸ਼ ਬੋਰਡ ਰਾਹੀਂ ਪਲ-ਪਲ ਦੀ ਜਾਣਕਾਰੀ ਹਰ ਦੇਸ਼ ਵਾਸੀ ਨੂੰ ਦਿੰਦਾ ਹੈ। ਉਸ ਨੇ ਚੀਨੀ ਪ੍ਰਾਪੇਗੰਡਾ, ਦਖ਼ਲ, ਸਾਈਬਰ ਸ਼ਕਤੀ ਨੇਸਤੋ-ਨਾਬੂਦ ਕਰ ਰੱਖੀ ਹੈ।
ਕੈਨੇਡਾ ਹੀ ਨਹੀਂ, ਭਾਰਤ, ਯੂਰਪੀ ਯੂਨੀਅਨ ਅਤੇ ਹੋਰ ਲੋਕਤੰਤਰੀ ਰਾਸ਼ਟਰਾਂ ਨੂੰ ਚੀਨੀ ਕੋਗਨੀਟਿਵ ਜੰਗ ਦਾ ਇਵੇਂ ਹੀ ਕਰਾਰਾ ਜਵਾਬ ਦੇਣ ਲਈ ਤਾਇਵਾਨ ਵਰਗਾ ਤੰਤਰ ਸਥਾਪਤ ਕਰਨਾ ਚਾਹੀਦਾ ਹੈ।
ਨੋਬਲ ਇਨਾਮ ਵਿਜੇਤਾ ਪੱਤਰਕਾਰ ਮਾਰੀਆ ਰੇਸਾ ਲੋਕਤੰਤਰੀ ਸੰਸਥਾਵਾਂ ਨੂੰ ਜਾਗਿ੍ਰਤ ਰਹਿਣ ’ਤੇ ਜ਼ੋਰ ਦਿੰਦੀ ਹੈ ਤਾਂ ਕਿ ਚੀਨ, ਈਰਾਨ, ਰੂਸ ਆਦਿ ਦੇਸ਼ਾਂ ਦੇ ਡਿਜੀਟਲ ਸਾਈਬਰ ਤਕਨੀਕ ਹਮਲੇ ਇਨ੍ਹਾਂ ਨੂੰ ਕਮਜ਼ੋਰ ਨਾ ਬਣਾ ਸਕਣ।
-ਦਰਬਾਰਾ ਸਿੰਘ ਕਾਹਲੋਂ