ਬੰਗਲੂਰੂ, 3 ਮਾਰਚ
ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਜਾਣ ਦੇ ਇਕ ਦਿਨ ਬਾਅਦ ਭਾਜਪਾ ਵਿਧਾਇਕ ਮਦਾਲ ਵਿਰੂਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਦੇ ਘਰੋਂ ਛੇ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਲੋਕਾਯੁਕਤ ਦੀ ਕਾਰਵਾਈ ਮਗਰੋਂ ਭਾਜਪਾ ਵਿਧਾਇਕ ਨੇ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਂਜ ਉਨ੍ਹਾਂ ਦਾਅਵਾ ਕੀਤਾ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਵੱਲੋਂ ਮਾਰਿਆ ਗਿਆ ਛਾਪਾ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦਾ ਵਾਅਦਾ ਕੀਤਾ ਹੈ। ਬੰਗਲੌਰ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੀਫ਼ ਅਕਾਊਂਟੈਂਟ ਪ੍ਰਸ਼ਾਂਤ ਨੂੰ ਵੀਰਵਾਰ ਸ਼ਾਮ ਇਕ ਠੇਕੇਦਾਰ ਤੋਂ ਕੇਐੱਸਡੀਐੱਲ ਦੇ ਦਫ਼ਤਰ ‘ਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਕੁਝ ਘੰਟਿਆਂ ਮਗਰੋਂ ਹੀ ਲੋਕਆਯੁਕਤ ਅਧਿਕਾਰੀਆਂ ਦੀ ਟੀਮ ਨੇ ਉਸ ਦੇ ਘਰ ‘ਤੇ ਛਾਪਾ ਮਾਰਿਆ ਅਤੇ ਅਣ-ਐਲਾਨੀ ਨਕਦੀ ਬਰਾਮਦ ਕੀਤੀ। ਲੋਕਾਯੁਕਤ ਸੂਤਰਾਂ ਮੁਤਾਬਕ ਪ੍ਰਸ਼ਾਂਤ ਆਪਣੇ ਪਿਤਾ ਤਰਫ਼ੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਲੈ ਰਿਹਾ ਸੀ। ਕਰਨਾਟਕ ਲੋਕਾਯੁਕਤ ਜਸਟਿਸ (ਸੇਵਾਮੁਕਤ) ਬੀ ਐੱਸ ਪਾਟਿਲ ਨੇ ਕਿਹਾ ਕਿ ਕੇਐੱਸਡੀਐੱਲ ਦਫ਼ਤਰ ਤੋਂ 2.02 ਕਰੋੜ ਰੁਪਏ ਅਤੇ ਪ੍ਰਸ਼ਾਂਤ ਦੇ ਘਰ ‘ਚੋਂ 6.1 ਕਰੋੜ ਰੁਪਏ ਬਰਾਮਦ ਹੋਏ ਹਨ।ਉਨ੍ਹਾਂ ਕਿਹਾ ਕਿ ਪੰਜ ਵਿਅਕਤੀਆਂ ਨੂੰ ਫੜਿਆ ਗਿਆ ਹੈ। ਇਸ ਮਾਮਲੇ ‘ਚ ਐੱਫਆਈਆਰ ਵੀ ਦਰਜ ਕੀਤੀ ਗਈ ਹੈ ਜਿਸ ‘ਚ ਵਿਧਾਇਕ ਵਿਰੂਪਕਸ਼ੱਪਾ, ਪੁੱਤਰ ਪ੍ਰਸ਼ਾਂਤ, ਅਕਾਊਂਟੈਂਟ ਸੁਰੇਂਦਰ, ਪ੍ਰਸ਼ਾਂਤ ਦਾ ਰਿਸ਼ਤੇਦਾਰ ਸਿਦੇਸ਼, ਅਲਬਰਟ ਨਿਕੋਲਾ ਅਤੇ ਗੰਗਾਧਰ ਦੇ ਨਾਮ ਸ਼ਾਮਲ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਕਿਹਾ ਕਿ ਇਸ ਘਟਨਾ ਤੋਂ ਸਾਬਿਤ ਹੋ ਗਿਆ ਹੈ ਕਿ ਮੌਜੂਦਾ ਭਾਜਪਾ ਸਰਕਾਰ 40 ਫ਼ੀਸਦ ਕਮਿਸ਼ਨ ਵਾਲੀ ਸਰਕਾਰ ਹੈ। ਕਾਂਗਰਸ ਆਗੂ ਸਿੱਧਾਰਮੱਈਆ ਨੇ ਕਿਹਾ ਕਿ ਜਦੋਂ ਵੀ ਪਾਰਟੀ ਨੇ ਸੂਬੇ ‘ਚ ਭ੍ਰਿਸ਼ਟਾਚਾਰ ਅਤੇ ਠੇਕੇਦਾਰਾਂ ਤੋਂ 40 ਫ਼ੀਸਦੀ ਕਮਿਸ਼ਨ ਲੲੇ ਜਾਣ ਸਬੰਧੀ ਦੋਸ਼ ਲਾਏ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਵੇਰਵੇ ਦੇਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਲੋਕਾਯੁਕਤ ਦੇ ਛਾਪੇ ਨਾਲ ਕਮਿਸ਼ਨ ਲੈਣ ਦੀ ਗੱਲ ਸਾਬਿਤ ਹੋ ਗਈ ਹੈ। ਮੁੱਖ ਮੰਤਰੀ ਬੋਮਈ ਨੇ ਕਿਹਾ ਕਿ ਕਾਂਗਰਸ ਵਿਧਾਇਕਾਂ ਅਤੇ ਮੰਤਰੀਆਂ ਖ਼ਿਲਾਫ਼ ਵੀ ਭ੍ਰਿਸ਼ਟਾਚਾਰ ਦੇ ਕਈ ਦੋਸ਼ ਹਨ ਅਤੇ ਇਹ ਕੇਸ ਲੋਕਾਯੁਕਤ ਹਵਾਲੇ ਕੀਤੇ ਗਏ ਹਨ। -ਪੀਟੀਆਈ