ਟੋਰਾਂਟੋ / ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ Eਮੀਕਰੋਨ ਦੇ ਮਾਮਲੇ ਕੈਨੇਡਾ ਵਿਚ ਵੀ ਸਾਹਮਣੇ ਆਏ ਹਨ।
ਇਸ ਮਗਰੋਂ ਫੈਡਰਲ ਸਰਕਾਰ ਵਲੋਂ ਕੋਰੋਨਾ ਟੈਸਟ ਦੇ ਨਵੇਂ ਨਿਯਮ ਲਾਗੂ ਕੀਤੇ ਜਾਣ ਕਾਰਨ ਕੈਨੇਡੀਅਨ ਏਅਰਪੋਰਟਾਂ ‘ਤੇ ਭੰਬਲਭੂਸਾ ਪੈਦਾ ਹੋ ਗਿਆ ਹੈ। ਨਵਾਂ ਓਮੀਕਰੋਨ ਵੇਰੀਐਂਟ ਫੈਲਣ ਕਾਰਨ ਸਰਕਾਰ ਨੇ ਅਮਰੀਕਾ ਨੂੰ ਛੱਡ ਕੇ ਸੱਭ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਤਾਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਯਾਤਰੀਆਂ ਨੂੰ ਇਸ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਭੰਬਲਭੂਸਾ ਪੈਦਾ ਹੋ ਗਿਆ ਹੈ। ਕੈਨੇਡਾ ਦਾਖਲ ਹੋਣ ਸਮੇਂ ਹਰ ਯਾਤਰੀ ਦਾ ਟੈਸਟ ਜ਼ਰੂਰੀ ਹੈ ਅਤੇ ਟੈਸਟ ਦਾ ਨਤੀਜਾ ਨੈਗਿਿਟਵ ਆਉਣ ਤੱਕ ਆਈਸੋਲੇਟ (ਕੁਆਰੰਟੀਨ) ਰਹਿਣਾ ਜ਼ਰੂਰੀ ਹੈ। ਇਹ ਨਿਯਮ ਉਹਨਾਂ ਲੋਕਾਂ ‘ਤੇ ਵੀ ਲਾਗੂ ਹੁੰਦਾ ਹੈ ਜੋ ਪੂਰੀ ਤਰਾਂ ਵੈਕਸੀਨੇਟ ਹਨ। ਵਿਦੇਸ਼ ਤੋਂ ਕੈਨੇਡਾ ਲਈ ਉਡਾਣ ਫੜਨ ਤੋਂ 72 ਘੰਟੇ ਪਹਿਲਾਂ ਨੈਗੇਟਿਵ ਟੈਸਟ ਹੋਣਾ ਵੀ ਲਾਜ਼ਮੀ ਹੈ। ਅਰਾਈਵਲ ਮੌਕੇ ਅਜੇ ਕੁਝ ਯਾਤਰੀ ਟੈਸਟ ਲਈ ਸੀਲੈਕਟ ਕੀਤੇ ਜਾ ਰਹੇ ਹਨ ਪਰ ਹਰ ਯਾਤਰੀ ਦਾ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ ਕੁਝ ਦਿਨਾਂ ਵਿੱਚ ਲਾਗੂ ਹੋ ਜਾਵੇਗਾ।
ਟਰਾਂਸਪੋਰਟ ਕੈਨੇਡਾ ਨਾਲ ਇੰਟਰਨੈਸ਼ਨਲ ਏਅਰਪੋਰਟਾਂ ਦੇ ਪ੍ਰਬੰਧਕ ਇਸ ਬਾਰੇ ਸਲਾਹ ਮਸ਼ਵਰੇ ਕਰ ਰਹੇ ਹਨ। ਟੈਸਟ ਅਤੇ ਆਈਸੋਲੇਸ਼ਨ ਲਾਜ਼ਮੀ ਕੀਤੇ ਜਾਣ ਨਾਲ ਏਅਰ ਟਰੈਵਲ ਇੰਡਸਟਰੀ ‘ਤੇ ਬੁਰਾ ਅਸਰ ਪੈਣ ਦਾ ਡਰ ਹੈ ਜੋ ਕੋਰੋਨਾ ਦੇ ਸਾਏ ਤੋਂ ਉਭਰਨ ਦਾ ਯਤਨ ਕਰ ਰਹੀ ਹੈ। ਉਧਰ ਅਮਰੀਕਾ ਨੇ ਕੈਨੇਡਾ ਸਮੇਤ ਹਰ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ 24 ਘੰਟੇ ਪਹਿਲਾਂ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮੁਕੰਮਲ ਤਾਲਾਬੰਦੀ ਲਗਾਉਣ ਨਾਲੋਂ ਸਖ਼ਤ ਸ਼ਰਤਾਂ ਲਾਗੂ ਕਰਨਾ ਬਿਹਤਰ ਬਦਲ ਹੈ।
ਸਾਊਥ ਅਫਰੀਕਾ ਤੋਂ ਕੈਨੇਡਾ ਪਰਤਣ ਦੀ ਕੋਸ਼ਿਸ਼ ਕਰ ਰਹੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਕਮਿਊਨਿਕੇਸ਼ਨ ਦੀ ਘਾਟ ਕਾਰਨ ਉਹ ਪਰੇਸ਼ਾਨ ਹਨ ਤੇ ਉੱਤੋਂ ਟੈਸਟਿੰਗ ਵਾਲੀਆਂ ਸ਼ਰਤਾਂ ਕਾਰਨ ਕਈਆਂ ਦਾ ਟਰਿੱਪ ਅਸੰਭਵ ਹੋ ਗਿਆ ਹੈ।ਮੇਗਨ ਤਾਨਿਆ ਹੌਜਕਿੰਸਨ ਸਾਊਥ ਅਫਰੀਕਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ ਜਦੋਂ ਪਿਛਲੇ ਹਫ਼ਤੇ ਕੈਨੇਡੀਅਨ ਸਰਕਾਰ ਨੇ ਸਾਊਥ ਅਫਰੀਕਾ ਸਮੇਤ ਕਈ ਅਫਰੀਕੀ ਦੇਸ਼ਾਂ ਲਈ ਟਰੈਵਲ ਸਬੰਧੀ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਅਜਿਹਾ ਨੋਵਲ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਪਸਾਰ ਨੂੰ ਰੋਕਣ ਲਈ ਕੀਤਾ ਗਿਆ। ਹੌਜਕਿੰਸਨ ਨੇ ਆਖਿਆ ਕਿ ਉਸ ਨੇ ਅਗਲੇ ਮੰਗਲਵਾਰ ਵਾਇਆ ਯੂਨਾਈਟਿਡ ਕਿੰਗਡਮ ਕੈਨੇਡਾ ਪਰਤਣਾ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਉਹ ਕੈਨੇਡਾ ਵੱਲੋਂ ਟਰੈਵਲਰਜ਼ ਲਈ ਜਾਰੀ ਕੀਤੇ ਨਵੇਂ ਨਿਯਮਾਂ ਨੂੰ ਪੂਰਾ ਕਰ ਸਕੇਗੀ।