ਇੰਟਰਨੈਸ਼ਨਲ ਡੈਸਕ / ਪਾਕਿਸਤਾਨ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਰੁਤਬਾ ਇਮਰਾਨ ਖਾਨ ਨੂੰ ਜਿਹੜਾ ਪੱਤਰ ਲਿਖਿਆ ਸੀ, ਉਸ ਦਾ ਜਵਾਬ ਆ ਗਿਆ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਆਪਣੇ ਰਿਸ਼ਤੇ ਸੁਧਰਨ ਦੀ ਗੱਲ ਤਾਂ ਕਹੀ ਪਰ ਆਪਣੀ ਆਦਤ ਤੋਂ ਬਾਜ਼ ਨਹੀਂ ਆਏ। ਇਮਰਾਨ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੀ ਸਮੱਸਿਆ ਦਾ ਹੱਲ ਕੀਤੇ ਬਿਨਾਂ ਦੋਹਾਂ ਦੇਸ਼ਾਂ ਵਿਚਾਲੇ ਸਥਾਈ ਸ਼ਾਂਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ। ਇਹੀ ਨਹੀਂ ਇਮਰਾਨ ਨੇ ਆਪਣੇ ਪੱਤਰ ਵਿਚ ਪਾਕਿਸਤਾਨ ਦੀ ਸਥਾਪਨਾ ਦੀ ਗੱਲ ਕਰਦਿਆਂ ਇਸ਼ਾਰਿਆਂ ਵਿਚ ਕੁਝ ਹੋਰ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਵਿਚਾਲੇ ਹੋ ਰਹੇ ਇਸ ਪੱਤਰ ਵਿਵਹਾਰ ਦਾ ਅਸਰ ਜ਼ਮੀਨੀ ਤੌਰ ‘ਤੇ ਹੁੰਦਾ ਹੈ ਜਾਂ ਨਹੀਂ। ਇਮਰਾਨ ਨੇ ਆਪਣੇ ਪੱਤਰ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਖੇ ਗਏ ਪੱਤਰ ਲਈ ਧੰਨਵਾਦ ਕਰਨ ਤੋਂ ਕੀਤੀ ਹੈ। ਇਮਰਾਨ ਨੇ ਅੱਗੇ ਲਿਖਿਆ ਕਿ ਪਾਕਿਸਤਾਨ ਦੀ ਜਨਤਾ ਇਸ ਦਿਹਾੜੇ ਦਾ ਆਯੋਜਨ ਕਰਕੇ ਆਪਣੇ ਸੰਸਥਾਪਕਾਂ ਦੀ ਦੂਰਦਰਸ਼ਿਤਾ ਅਤੇ ਬੁੱਧੀਮਾਨੀ ਦੇ ਪ੍ਰਤੀ ਧੰਨਵਾਦ ਜ਼ਾਹਰ ਕਰਦੀ ਹੈ, ਜਿਹਨਾਂ ਨੇ ਇਕ ਸੁੰਤਤਰ, ਪ੍ਰਭੂਸੱਤਾ ਦੇਸ਼ ਬਾਰੇ ਸੋਚਿਆ। ਜਿੱਥੇ ਉਹ ਆਜ਼ਾਦੀ ਨਾਲ ਰਹਿ ਸਕਣ ਅਤੇ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰ ਸਕਣ।
ਪਾਕਸਿਤਾਨ ਵੀ ਭਾਰਤ ਸਮੇਤ ਆਪਣੇ ਗੁਆਂਢੀ ਦੇਸ਼ਾਂ ਨਾਲ ਸ਼ਾਂਤੀਪੂਰਵਕ ਅਤੇ ਸਹਿਯੋਗ ਨਾਲ ਰਹਿਣ ਦੀ ਇੱਛਾ ਰੱਖਦਾ ਹੈ। ਇਮਰਾਨ ਨੇ ਲਿਖਿਆ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਦੱਖਣੀ ਏਸ਼ੀਆ ਵਿਚ ਸਥਾਈ ਸ਼ਾਂਤੀ ਅਤੇ ਮਲਕੀਅਤ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਮੂ ਅਤੇ ਕਸ਼ਮੀਰ ਸਮੇਤ ਹੋਰ ਸਾਰੇ ਮੁੱਦਿਆਂ ਦਾ ਹੱਲ ਹੋਵੇ। ਰਚਨਾਤਮਕ ਨਤੀਜੇ ਕੱਢਣ ਲਈ ਅਜਿਹਾ ਹੀ ਮਾਹੌਲ ਬਣਾਉਣਾ ਬਹੁਤ ਹੀ ਜ਼ਰੂਰੀ ਹੈ। ਮੈਂ ਇਸ ਮੌਕੇ ਕੋਵਿਡ-19 ਮਹਾਮਾਰੀ ਤੋਂ ਲੜਾਈ ਵਿਚ ਭਾਰਤ ਦੀ ਜਨਤਾ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਵੀ ਦਿੰਦਾ ਹਾਂ। ਇੱਥੇ ਦੱਸ ਦਈਏ ਕਿ ਪੀ.ਐੱਮ. ਮੋਦੀ ਨੇ 23 ਮਾਰਚ, 2021 ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੱਤਰ ਲਿਖਿਆ ਸੀ। ਮੋਦੀ ਨੇ ਆਪਣੇ ਪੱਤਰ ਵਿਚ ਲਿਖਿਆ ਸੀ ਕਿ ਇਕ ਗੁਆਂਢੀ ਦੇਸ਼ ਦੇ ਤੌਰ ‘ਤੇ ਭਾਰਤ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੇ ਲੋਕਾਂ ਲਈ ਦੋਸਤਾਨਾ ਰਿਸ਼ਤੇ ਦੀ ਇੱਛਾ ਰੱਖਦਾ ਹੈ।
ਇਸ ਲਈ ਭਰੋਸਾ ਅਤੇ ਅੱਤਵਾਦ ਤੇ ਹਮਲਾਵਰਤਾ ਤੋਂ ਮੁਕਤ ਮਾਹੌਲ ਬਹੁਤ ਜ਼ਰੂਰੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਹਿੰਦੂ ਭਾਈਚਾਰੇ ਨੂੰ ਹੋਲੀ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਇਮਰਾਨ ਨੇ ਟਵੀਟ ਕੀਤਾ,’’ਸਾਡੇ ਹਿੰਦੂ ਭਾਈਚਾਰੇ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।’’ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਸਮੇਤ ਕਈ ਹੋਰ ਨੇਤਾਵਾਂ ਨੇ ਵੀ ਇਸ ਮੌਕੇ ‘ਤੇ ਹਿੰਦੂ ਸਾਂਸਦਾਂ ਅਤੇ ਭਾਈਚਾਰੇ ਨੂੰ ਵਧਾਈ ਦਿੱਤੀ। ਕੈਸਰ ਨੇ ਪਾਕਿਸਤਾਨ ਦੇ ਵਿਕਾਸ ਵਿਚ ਹਿੰਦੂ ਭਾਈਚਾਰੇ ਦੀ ਭੂਮਿਕਾ ਦੀ ਤਾਰੀਫ਼ ਕਰਦਿਆਂ ਕਿਹਾ,’’ਰੰਗਾਂ ਦਾ ਇਹ ਤਿਉਹਾਰ ਖੁਸ਼ੀਆਂ ਫੈਲਾਉਣ ਦਾ ਮੌਕਾ ਦਿੰਦਾ ਹੈ।’’ ਉਹਨਾਂ ਨੇ ਕਿਹਾ ਕਿ ਸਾਰੇ ਘੱਟ ਗਿਣਤੀ ਭਾਈਚਾਰਿਆਂ ਨੂੰ ਪਾਕਿਸਤਾਨ ਵਿਚ ਆਪਣੇ ਧਾਰਮਿਕ ਤਿਉਹਾਰ ਖੁੱਲ੍ਹ ਕੇ ਮਨਾਉਣ ਦਾ ਅਧਿਕਾਰ ਹੈ। ਪਾਕਿਸਤਾਨ ਵਿਚ ਹਿੰਦੂ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਮੁਤਾਬਕ ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ।