ਜਲੰਧਰ : ਕੇਂਦਰੀ ਸੂਚਨਾ ਤੇ ਪ੍ਰਸਾਰਨ ਅਤੇ ਯੁਵਾ ਮਾਮਲੇ ਤੇ ਖੇਡਾਂ ਬਾਰੇ ਮੰਤਰੀ ਸ੍ਰੀ ਅਨੁਰਾਗ ਠਾਕੁਰ ਨੇ ਸੂਬੇ ਦੀ ‘ਆਪ’ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਨੂੰ ਹੁਣ ਤੱਕ ਦਾ ਸਭ ਤੋਂ ਮਾੜਾ ਕਾਰਜਕਾਲ ਦੱਸਦਿਆਂ ਕਿਹਾ ਕਿ ਇਸ ਸਰਕਾਰ ਦੇ ਸਮੇਂ ‘ਚ ਨਾ ਸਿਰਫ਼ ਪੰਜਾਬ ਦੀ ਸ਼ਾਂਤੀ ਨੂੰ ਖ਼ਰਾਬ ਕਰਨ ਦਾ ਖ਼ਤਰਾ ਪੈਦਾ ਹੋ ਗਿਆ ਸੀ, ਸਗੋਂ ਲੋਕਾਂ ਨਾਲ ਕਈ ਝੂਠੇ ਵਾਅਦੇ ਅਤੇ ਮਾੜੀ ਕਾਨੂੰਨ ਵਿਵਸਥਾ ਕਰਕੇ ਪੰਜਾਬ ਦੇ ਲੋਕਾਂ ਦਾ ‘ਆਪ’ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ, ਕਿਉਂਕਿ ਲੋਕਾਂ ਨੂੰ ਇਨ੍ਹਾਂ ਦੀ ਅਸਲੀਅਤ ਪਤਾ ਲੱਗ ਗਈ ਹੈ | ਜਲੰਧਰ ਚ ਚੋਣ ਪ੍ਰਚਾਰ ਲਈ ਪਹੁੰਚੇ ਕੇਂਦਰੀ ਮੰਤਰੀ ਸ੍ਰੀ ਠਾਕੁਰ ਨੇ ਕਿਹਾ ਕਿ ‘ਆਪ’ ਦੇ ਲੋਕ ਹੁਣ ਬਦਨਾਮ ਹੋ ਗਏ ਹਨ, ਕਿਉਂਕਿ ਪਹਿਲਾਂ ਉਨ੍ਹਾਂ ਨੇ ਦਿੱਲੀ ਨੂੰ ਲੁੱਟਿਆ ਸੀ ਤੇ ਹੁਣ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ | ‘ਆਪ’ ਨੂੰ ਸੱਤਾ ਦੇ ਨਸ਼ੇ ਵਿਚ ਡੁੱਬੀ ਪਾਰਟੀ ਕਰਾਰ ਦਿੰਦੇ ਹੋਏ ਸ੍ਰੀ ਠਾਕੁਰ ਨੇ ਕਿਹਾ ਕਿ ਦਾਅਵੇ ਕਰਨ ਦੇ ਬਾਵਜੂਦ ਪੰਜਾਬ ‘ਚੋਂ ਨਸ਼ੇ ਖ਼ਤਮ ਨਹੀਂ ਕੀਤੇ ਜਾ ਸਕੇ ਹਨ | ‘ਆਪ’ ਸਰਕਾਰ ਨੇ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਤੋਂ ਇਲਾਵਾ ਜਿਹੜੇ ਵਾਅਦੇ ਕੀਤੇ ਸਨ, ਸਾਰੇ ਝੂਠੇ ਸਾਬਤ ਹੋਏ ਹਨ, ਸਗੋਂ ਕੇਂਦਰ ਦੀ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਉਨ੍ਹਾਂ ਦੇ ਖਾਤੇ ਵਿਚ 6000 ਰੁਪਏ ਪਾਏ ਜਾ ਰਹੇ ਹਨ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਰਕਾਰ ਦੀਆਂ ਨੌਂ ਸਾਲ ਦੀਆਂ ਪ੍ਰਾਪਤੀਆਂ ਨੂੰ ਅਹਿਮ ਦੱਸਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਾਰਦਰਸ਼ਤਾ ਅਤੇ ਨਵੀਂ ਤਕਨੀਕ ਦੀ ਵਰਤੋਂ ਕਰਕੇ ਉਸ 2.50 ਲੱਖ ਕਰੋੜ ਬਚਾਏ ਹਨ, ਜਿਸ ਨੂੰ ਪਹਿਲਾਂ ਹਜ਼ਮ ਕਰ ਲਿਆ ਜਾਂਦਾ ਸੀ ਤੇ ਹੁਣ ਇਸ ਰਕਮ ਨੂੰ ਗ਼ਰੀਬਾਂ ਦੀ ਭਲਾਈ ਲਈ ਖ਼ਰਚ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਾਰਤ ਹੁਣ ਮਦਦ ਲੈਣ ਵਾਲਾ ਦੇਸ਼ ਨਹੀਂ ਰਿਹਾ, ਸਗੋਂ ਅਲੱਗ-ਅਲੱਗ ਸਮਿਆਂ ‘ਤੇ ਕੁਦਰਤੀ ਆਫ਼ਤਾਂ ਵਿਚ ਵੀ ਭਾਰਤ ਵਲੋਂ ਕਈ ਦੇਸ਼ਾਂ ਦੀ ਮਦਦ ਕੀਤੀ ਗਈ ਹੈ, ਜਿਸ ਕਰਕੇ ਹੁਣ ਭਾਰਤ ਦੀ ਗਿਣਤੀ ਮਦਦਗਾਰ ਵਾਲੇ ਦੇਸ਼ਾਂ ਵਿਚ ਹੁੰਦੀ ਹੈ | ਵਾਈ. ਟਵੰਟੀ ਅਤੇ ਜੀ-20 ਨੂੰ ਦੇਸ਼ ਲਈ ਅਹਿਮ ਦੱਸਦਿਆਂ ਕਿਹਾ ਕਿ ਸਾਰੇ ਸੰਸਾਰ ਨੇ ਦੇਖਿਆ ਕਿ ਭਾਰਤ ਨੇ ਕਿਸ ਤਰ੍ਹਾਂ ਨਾਲ ਕਲਾ, ਸੱਭਿਆਚਾਰ, ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਜੀ-20 ਦਾ ਬਾਖ਼ੂਬੀ ਨਾਲ ਆਯੋਜਨ ਕੀਤਾ ਗਿਆ, ਜਿਸ ਦੀ ਵੱਡੇ ਪੱਧਰ ‘ਤੇ ਪ੍ਰਸੰਸਾ ਕੀਤੀ ਗਈ | ਦਿੱਲੀ ਵਿਚ ਪਹਿਲਵਾਨਾਂ ਦੇ ਚੱਲ ਰਹੇ ਸੰਘਰਸ਼ ਦੇ ਮਾਮਲੇ ਵਿਚ ਸ੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਵਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਹਰ ਸੰਭਵ ਯਤਨ ਕੀਤੇ ਗਏ ਹਨ | 2024 ਦੀਆਂ ਲੋਕ-ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਪੁੱਛੇ ਸਵਾਲ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਆਪਣੇ ਕੀਤੇ ਕੰਮਾਂ ਦੇ ਆਧਾਰ ਅਤੇ ਸ੍ਰੀ ਨਰਿੰਦਰ ਮੋਦੀ ਵਰਗੇ ਲੋਕਪਿ੍ਯ ਚਿਹਰੇ ਨਾਲ ਹੀ ਲੋਕਾਂ ਵਿਚ ਜਾਏਗੀ ਤੇ ਜਿਸ ਤਰ੍ਹਾਂ ਨਾਲ ਉਹ ਲਗਾਤਾਰ ਰਾਜਾਂ ਵਿਚ ਜਿੱਤ ਹਾਸਿਲ ਕਰ ਰਹੀ ਹੈ, ਸਗੋਂ 2024 ਵਿਚ ਵੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ | ਵਿਰੋਧੀ ਪਾਰਟੀਆਂ ਵਲੋਂ ਬਣਾਏ ਜਾ ਰਹੇ ਗੱਠਜੋੜ ਨੂੰ ਮਹਾਂ ਗੱਠਜੋੜ ਕਰਾਰ ਦਿੰਦੇ ਹੋਏ ਸ੍ਰੀ ਠਾਕੁਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਗੱਠਜੋੜ ਬਣਨ ਨਾਲ ਭਾਜਪਾ ਨੂੰ ਕੋਈ ਫ਼ਰਕ ਨਹੀਂ ਪਏਗਾ, ਕਿਉਂਕਿ 2014 ਵਿਚ ਅਤੇ ਉੱਤਰ ਪ੍ਰਦੇਸ਼ ਵਿਚ ਵੀ ਪਹਿਲਾਂ ਇਸ ਤਰ੍ਹਾਂ ਦੇ ਗੱਠਜੋੜ ਬਣਾਏ ਗਏ ਸਨ | ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ | ਖ਼ਬਰਾਂ ਦੀ ਨਿਗਰਾਨੀ ਕਰਨ ਬਾਰੇ ਪੁੱਛੇ ਸਵਾਲ ‘ਤੇ ਕੇਂਦਰੀ ਮੰਤਰੀ ਸ੍ਰੀ ਠਾਕੁਰ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਪ੍ਰੈਸ ਦੀ ਆਜ਼ਾਦੀ ਦੀ ਮੁੱਦਈ ਰਹੀ ਹੈ ਤੇ ਵਿਭਾਗ ਨੂੰ ਸਿਰਫ਼ ਗ਼ਲਤ ਖ਼ਬਰਾਂ ਦੀ ਜਾਂਚ ਦਾ ਕੰਮ ਦਿੱਤਾ ਗਿਆ ਹੈ, ਜਿਸ ਨਾਲ ਨਾ ਸਿਰਫ਼ ਪਾਠਕਾਂ ਦਾ ਸਗੋਂ ਲੋਕਾਂ ਦਾ ਫ਼ਾਇਦਾ ਹੋਏਗਾ |