ਸ੍ਰੀ ਅਨੰਦਪੁਰ ਸਾਹਿਬ / ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 346ਵਾਂ ਸ਼ਹੀਦੀ ਦਿਹਾੜਾ ਸਤਿਕਾਰ ਨਾਲ ਮਨਾਇਆ ਗਿਆ ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਹੋਏ ਸਮਾਗਮਾਂ ‘ਚ ਪਾਠ ਦੇ ਭੋਗ ਉਪਰੰਤ ਭਾਈ ਜਗਤੇਸ਼ਵਰ ਸਿੰਘ ਦੇ ਜਥੇ ਨੇ ਸ਼ਬਦ ਕੀਰਤਨ ਕੀਤਾ । ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਜ਼ਰੀ ਭਰਕੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ । ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ[ ਪੀ[ ਸਿੰਘ ਅਤੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਕਾਂਗਰਸੀ ਹਾਜ਼ਰ ਸਨ । ਸ਼੍ਰੋਮਣੀ ਕਮੇਟੀ ਵਲੋਂ ਚੰਨੀ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਦਾ ਹੁਣ ਵਾਲਾ ਸਰੂਪ ਦਾ ਸਿਹਰਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਦਸਮੇਸ਼ ਪਿਤਾ ਜੀ ਦੀਆਂ ਕੁਰਬਾਨੀਆਂ ਨੂੰ ਜਾਂਦਾ ਹੈ । ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਧਾਰਮਿਕ ਆਜ਼ਾਦੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਆਪ ਜਾ ਕੇ ਦਿੱਤੀ ਕੁਰਬਾਨੀ ਵਰਗੀ ਮਿਸਾਲ ਹਾਲੇ ਤੱਕ ਦੇ ਵਿਸ਼ਵ ਭਰ ਦੇ ਇਤਿਹਾਸ ‘ਚ ਹੋਰ ਕਿਧਰੇ ਨਹੀਂ ਮਿਲਦੀ । ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪਿ੍ੰ: ਸੁਰਿੰਦਰ ਸਿੰਘ ਅਤੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਆਦਿ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਕੁਰਬਾਨੀ ਸਮੁੱਚੀ ਮਾਨਵਤਾ ਦੀ ਧਾਰਮਿਕ ਆਜ਼ਾਦੀ ਲਈ ਹੈ । ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਦਿਹਾੜੇ ਮੌਕੇ ਰਾਸ਼ਟਰ ਪੱਧਰ ‘ਤੇ ਛੁੱਟੀ ਦਾ ਐਲਾਨ ਕਰੇ ।
ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਦਲਜੀਤ ਸਿੰਘ ਭਿੰਡਰ, ਸਹਾਇਕ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਕਾਂਗਰਸੀ ਆਗੂ ਜਤਿੰਦਰ ਪਾਲ ਸਿੰਘ ਢੇਰ, ਸਵਤੰਤਰ ਸੈਣੀ, ਗੁਰਮੇਲ ਗਿੱਲ, ਜਥੇਦਾਰ ਸੰਤੋਖ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਪ੍ਤਿਪਾਲ ਸਿੰਘ ਗੰਡਾ, ਮਹਿੰਦਰ ਸਿੰਘ ਭਸੀਨ, ਸਰਬਜੀਤ ਸਿੰਘ, ਪੰਜ ਪਿਆਰਾ ਭਾਈ ਸਰਬਜੀਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਕੁਲਵੰਤ ਸਿੰਘ, ਪਿ੍ੰ: ਨਿਰੰਜਣ ਸਿੰਘ ਰਾਣਾ, ਤੇਜਿੰਦਰ ਸਿੰਘ ਵਾਲੀਆ, ਮਹਿੰਦਰ ਸਿੰਘ ਵਾਲੀਆ, ਮਾਤਾ ਗੁਰਚਰਨ ਕੌਰ, ਬੀਬੀ ਤੇਜਿੰਦਰ ਕੌਰ, ਬੀਬੀ ਸੁਰਿੰਦਰ ਪਾਲ ਕੌਰ, ਬੀਬੀ ਮਨਜੀਤ ਕੌਰ ਆਦਿ ਹਾਜ਼ਰ ਸਨ । ਭਾਈ ਜੈਤਾ ਜੀ ਦੇ ‘ਜਨਮ ਦਿਵਸ’ ‘ਤੇ ਗਜ਼ਟਿਡ ਛੁੱਟੀ ਦਾ ਐਲਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸ਼ਰਧਾਲੂ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਾਈ ਜੈਤਾ ਜੀ ਦੇ ਆਤਮ-ਬਲੀਦਾਨ ਅਤੇ ਸਮਰਪਣ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਮਹਾਨ ਸਿੱਖ ਸ਼ਹੀਦ ਭਾਈ ਜੈਤਾ ਜੀ ਦੇ ਜਨਮ ਦਿਵਸ ‘ਤੇ ਹਰੇਕ ਸਾਲ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ।