ਫ਼ੌਜ ਦੇ ਜਵਾਨਾਂ ਦੀ ਬਦੌਲਤ ਚੈਨ ਦੀ ਨੀਂਦ ਸੌਂਦਾ ਹੈ ਦੇਸ਼-ਅਮਿਤ ਸ਼ਾਹ

ਸ੍ਰੀਨਗਰ / ਜੰਮੂ-ਕਸ਼ਮੀਰ ਦੇ ਦੌਰੇ ‘ਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਲਿਤਪੋਰਾ ‘ਚ 14 ਫਰਵਰੀ 2019 ਨੂੰ ਜੈਸ਼ ਅੱਤਵਾਦੀ ਦੇ ਫਿਦਾਈਨ ਹਮਲੇ ‘ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ 40 ਜਵਾਨਾਂ ਦੀ ਯਾਦ ‘ਚ ਬਣਾਈ ਸ਼ਹੀਦੀ ਯਾਦਗਾਰ ‘ਤੇ ਫੱਲ ਮਾਲਾ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ।

ਇਸ ਮੌਕੇ ਉਪ-ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਸਨ । ਅਮਿਤ ਸ਼ਾਹ ਨੇ ਸੀ.ਆਰ.ਪੀ.ਐਫ. ਦੀ 185 ਬਟਾਲੀਅਨ ਦੇ ਹੈੱਡਕੁਆਰਟਰ ਲਿਤਪੋਰਾ ਵਿਖੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਜੰਮੂ-ਕਸ਼ਮੀਰ ਦੇ 3 ਦਿਨਾਂ ਦੌਰਾ ਦਾ ਇਹ ਸਭ ਤੋਂ ਅਹਿਮ ਪ੍ਰੋਗਰਾਮ ਸੀ । ਉਨ੍ਹਾਂ ਦੱਸਿਆ ਕਿ ਜਵਾਨਾਂ ਕੋਲ ਰਾਤ ਗੁਜਾਰਨ ਨਾਲ ਉਨ੍ਹਾਂ ਨੂੰ ਜਵਾਨਾਂ ਦੀਆਂ ਮੁਸ਼ਕਿਲਾਂ ਦਾ ਤਜਰਬਾ ਹੋਇਆ ਹੈ ਜੋ ਮਨਫ਼ੀ 43 ਡਿਗਰੀ ਸੈਲਸੀਅਸ ਤਾਪਮਾਨ ‘ਚ ਦੇਸ਼ ਦੀ ਸੇਵਾ ਨਿਭਾਉਂਦੇ ਹਨ, ਜਿਸ ਦੀ ਬਦੌਲਤ ਦੇਸ਼ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝ ਕੇ ਚੈਨ ਦੀ ਨੀਂਦ ਸੌਂਦੇ ਹਨ ।

ਉਨ੍ਹਾਂ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਾ 370 ਅਤੇ 35 ਏ ਨੂੰ ਹਟਾਉਣ ਮੌਕੇ ਇਥੇ ਖੂਨ-ਖਰਾਬਾ ਹੋਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਸਨ ਪਰ ਤੁਹਾਡੀ ਤਿਆਰੀ ਦੀ ਬਦੌਲਤ ਇਕ ਵੀ ਗੋਲੀ ਨਹੀਂ ਚਲਾਉਣੀ ਪਈ ਅਤੇ ਕਸ਼ਮੀਰ ‘ਚ ਤਰੱਕੀ ਦਾ ਦੌਰ ਸ਼ਰੂ ਹੋ ਗਿਆ ਹੈ । ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਜੈਸ਼ ਦੇ ਫਿਦਾਇਨ ਹਮਲਾਵਾਰ ਨੇ ਸੀ.ਆਰ.ਪੀ.ਐਫ. ਦੇ ਕਾਫਲੇ ‘ਚ ਆਪਣੀ ਗੱਡੀ ਵਾੜ ਕੇ ਆਪਣੇ-ਆਪ ਨੂੰ ਉਡਾ ਲਿਆ ਸੀ, ਜਿਸ ਦੌਰਾਨ 40 ਜਵਾਨ ਸ਼ਹੀਦ ਹੋ ਗਏ ਸਨ । ਲਿਤਪੋਰਾ ਵਿਖੇ 14 ਫਰਵਰੀ, 2020 ਨੂੰ ਸ਼ਹੀਦਾਂ ਦੀ ਯਾਦ ‘ਚ ਸੀ. ਆਰ. ਪੀ. ਐਫ. ਦੇ ਸਿਖਲਾਈ ਕੈਂਪ ‘ਤੇ ਸ਼ਹੀਦੀ ਯਾਦਗਾਰ ਸਥਾਪਿਤ ਕੀਤੀ ਗਈ ਸੀ, ਜਿਥੇ ਸ਼ਹੀਦਾਂ ਦੇ ਨਾਂਅ, ਤਸਵੀਰਾਂ ਤੇ ਰੈਂਕਾਂ ਦੇ ਨਾਲ ਸੀ.ਆਰ.ਪੀ.ਐਫ. ਦਾ ਮੋਟੋ ‘ਸੇਵਾ ਤੇ ਨਿਸ਼ਠਾ’ ਅੰਕਿਤ ਹੈ ।

Leave a Reply

Your email address will not be published. Required fields are marked *