ਫ਼ੌਜਾਂ ਵਾਪਸ ਬੁਲਾਉਣ ਦਾ ਫ਼ੈਸਲਾ ਬਿਲਕੁਲ ਸਹੀ-ਜੋ ਬਾਈਡਨ

Home » Blog » ਫ਼ੌਜਾਂ ਵਾਪਸ ਬੁਲਾਉਣ ਦਾ ਫ਼ੈਸਲਾ ਬਿਲਕੁਲ ਸਹੀ-ਜੋ ਬਾਈਡਨ
ਫ਼ੌਜਾਂ ਵਾਪਸ ਬੁਲਾਉਣ ਦਾ ਫ਼ੈਸਲਾ ਬਿਲਕੁਲ ਸਹੀ-ਜੋ ਬਾਈਡਨ

ਸਿਆਟਲ/ਸੈਕਰਾਮੈਂਟੋ / ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਨੂੰ ਉਥੋਂ ਕੱਢਣ ਦੇ ਆਪਣੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਸਹੀ ਕਰਾਰ ਦਿੱਤਾ ਅਤੇ ਕਿਹਾ ਕਿ ਮੈਂ ਆਪਣੇ ਫ਼ੈਸਲੇ ‘ਤੇ ਪੂਰੀ ਤਰ੍ਹਾਂ ਅਟੱਲ ਖੜ੍ਹਾ ਹਾਂ |

ਅੱਜ ਵਾਈਟ ਹਾਊਸ ਤੋਂ ਸੰਬੋਧਨ ਕਰਦੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਅਮਰੀਕਾ ਦਾ ਅਫ਼ਗਾਨਿਸਤਾਨ ਵਿਚ ਮਿਸ਼ਨ ਕਦੇ ਵੀ ਰਾਸ਼ਟਰ ਨਿਰਮਾਣ ਦਾ ਨਹੀਂ ਰਿਹਾ | ਸਾਡਾ ਹਮੇਸ਼ਾ ਇਕੋ ਇਕ ਰਾਸ਼ਟਰੀ ਹਿਤ ਅੱਤਵਾਦ ਨੂੰ ਰੋਕਣਾ ਰਿਹਾ ਹੈ | ਬਾਈਡਨ ਨੇ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਅਮਰੀਕਾ ਦਾ ਕੋਈ ਨੁਕਸਾਨ ਕੀਤਾ ਤਾਂ ਇਸ ਦੇ ਨਤੀਜੇ ਬੜੇ ਭਿਆਨਕ ਹੋਣਗੇ | ਬਾਈਡਨ ਨੇ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਲਈ ਉਥੋਂ ਦੇ ਰਾਜਨੀਤਕ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਲਵਾਰਿਸ ਛੱਡ ਦਿੱਤਾ ਅਤੇ ਆਪ ਉਥੋਂ ਭੱਜ ਗਏ | ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਵਿਚ ਅਫ਼ਗਾਨਿਸਤਾਨ ‘ਚ ਅਮਰੀਕੀ ਮਿਸ਼ਨ ਨੇ ਬਹੁਤ ਸਾਰੀਆਂ ਗ਼ਲਤੀਆਂ ਕੀਤੀਆਂ ਹਨ ਤੇ ਬਹੁਤ ਸਾਰੇ ਅਮਰੀਕੀ ਸੈਨਿਕਾਂ ਨੇ ਸ਼ਹਾਦਤ ਦਿੱਤੀ ਹੈ | ਇਸ ਲਈ 20 ਸਾਲ ਦੇ ਲੰਮੇ ਸੰਘਰਸ਼ ਨੂੰ ਸਮਾਪਤ ਕਰਕੇ ਉਥੋਂ ਫ਼ੌਜਾਂ ਨੂੰ ਕੱਢਣ ਦਾ ਫ਼ੈਸਲਾ ਬਿਲਕੁਲ ਸਹੀ ਹੈ |

ਮੈਨੂੰ ਇਸ ‘ਤੇ ਕੋਈ ਅਫ਼ਸੋਸ ਨਹੀਂ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅਸ਼ਰਫ਼ ਗਨੀ ਸਮੇਤ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਅਫ਼ਗਾਨ ਫ਼ੌਜਾਂ ਬਾਗੀਆਂ ਨਾਲ ਲੋਹਾ ਲੈਣ ਦੇ ਸਮਰੱਥ ਹਨ ਪਰ ਸੱਚਾਈ ਇਹ ਹੈ ਕਿ ਆਸ ਨਾਲੋਂ ਕਈ ਗੁਣਾ ਤੇਜ਼ੀ ਨਾਲ ਤਾਲਿਬਾਨ ਨੇ ਅਫ਼ਗਾਨ ਸਰਕਾਰ ਦਾ ਤਖ਼ਤਾ ਪਲਟ ਦਿੱਤਾ | ਬਾਈਡਨ ਨੇ ਕਿਹਾ ਕਿ ਫ਼ੌਜਾਂ ਕੱਢਣ ਦਾ ਕੰਮ ਸੁਖਾਲਾ ਨਹੀਂ ਰਿਹਾ ਪਰੰਤੂ ਉਹ ਆਪਣੀ ਚੋਣ ਮੁਹਿੰਮ ਵੇਲੇ ਕੀਤੇ ਪ੍ਰਣ ਕਿ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜ ਦਾ ਦਖ਼ਲ ਸਮਾਪਤ ਹੋ ਜਾਵੇਗਾ, ਉਪਰ ਕਾਇਮ ਰਹੇ ਹਨ | ਬਾਈਡਨ ਨੂੰ ਅਫ਼ਗਾਨਿਸਤਾਨ ‘ਚੋਂ ਫ਼ੌਜ ਕੱਢਣ ਦੇ ਫ਼ੈਸਲੇ ਦਾ ਰਿਪਬਲਕਿਨਾਂ ਅਤੇ ਕੁਝ ਡੈਮੋਕ੍ਰੇਟਸ ਦੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਦੀ ਰਾਖੀ ਬਾਰੇ ਵੀ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੇ 20 ਸਾਲ ਉਥੇ ਸਾਡਾ ਸਾਥ ਦਿੱਤਾ | ਅਸੀਂ ਹੁਣ ਉਨ੍ਹਾਂ ਨੂੰ ਇਕੱਲੇ ਨਹੀਂ ਛੱਡ ਸਕਦੇ |

Leave a Reply

Your email address will not be published.