ਜ਼ਿਮਨੀ ਚੋਣਾਂ ‘ਚ ਭਾਜਪਾ ਨੂੰ ਝਟਕਾ

ਨਵੀਂ ਦਿੱਲੀ / ਚੋਣ ਕਮਿਸ਼ਨ ਵਲੋਂ 13 ਰਾਜਾਂ ‘ਚ ਤਿੰਨ ਸੰਸਦੀ ਤੇ 29 ਵਿਧਾਨ ਸਭਾ ਹਲਕਿਆਂ ਲਈ 30 ਅਕਤੂਬਰ ਨੂੰ ਪਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ, ਜਿਸ ਨੇ ਪੂਰੇ ਦਮਖਮ ਨਾਲ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ‘ਚ ਲੱਗੀ ਭਾਜਪਾ ਨੂੰ ਝਟਕਾ ਦਿੱਤਾ ਹੈ, ਜਦੋਂਕਿ ਇਨ੍ਹਾਂ ਨਤੀਜਿਆਂ ਨੂੰ ਦੇਸ਼ ਦੇ ਰਾਜਨੀਤਿਕ ਮੂਡ ਦੇ ‘ਬੈਰੋਮੀਟਰ’ ਵਜੋਂ ਵੀ ਦੇਖਿਆ ਜਾ ਰਿਹਾ ਹੈ ।

ਲੋਕ ਸਭਾ ਦੀਆਂ ਤਿੰਨ ਸੀਟਾਂ ‘ਚੋਂ ਹਿਮਾਚਲ ਪ੍ਰਦੇਸ਼ ਦੀ ਵੱਕਾਰੀ ਮੰਡੀ ਲੋਕ ਸਭਾ ਸੀਟ ਤੋਂ ਸਾਬਕਾ ਸਵਰਗੀ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਭਾਜਪਾ ਉਮੀਦਵਾਰ ਬਿ੍ਗੇਡੀਅਰ (ਸੇਵਾ ਮੁਕਤ) ਖੁਸ਼ਹਾਲ ਠਾਕੁਰ ਨੂੰ ਮਾਤ ਦੇ ਕੇ ਸੱਤਾਧਾਰੀ ਪਾਰਟੀ ਤੋਂ ਸੀਟ ਖੋਹ ਲਈ । ਦਾਦਰਾ ਤੇ ਨਗਰ ਹਵੇਲੀ ਸੀਟ ਤੋਂ ਸ਼ਿਵ ਸੈਨਾ ਦੀ ਉਮੀਦਵਾਰ ਤੇ ਸਾਬਕਾ ਆਜ਼ਾਦ ਉਮੀਦਵਾਰ ਸਵਰਗੀ ਮੋਹਨ ਦੇਲਕਰ ਦੀ ਪਤਨੀ ਕਾਲਾਬੇਨ ਦੇਲਕਰ ਨੇ ਭਾਜਪਾ ਉਮੀਦਵਾਰ ਨੂੰ 51,269 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ, ਜਦੋਂਕਿ ਮੱਧ ਪ੍ਰਦੇਸ਼ ਦੀ ਖੰਡਵਾ ਸੰਸਦੀ ਸੀਟ ਤੋਂ ਸੱਤਾਧਾਰੀ ਭਾਜਪਾ ਦੇ ਗਿਆਨੇਸ਼ਵਰ ਪਾਟਿਲ ਆਪਣੇ ਕਾਂਗਰਸੀ ਵਿਰੋਧੀ ਰਾਜਨਰਾਇਣ ਸਿੰਘ ਪੂਰਨੀ ਨੂੰ ਹਰਾਉਣ ‘ਚ ਕਾਮਯਾਬ ਰਹੇ ।

ਦੂਜੇ ਪਾਸੇ ਆਸਾਮ ਦੀਆਂ 5, ਪੱਛਮੀ ਬੰਗਾਲ ਦੀਆਂ 4, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮੇਘਾਲਿਆ ਦੀਆਂ ਤਿੰਨ-ਤਿੰਨ, ਬਿਹਾਰ, ਕਰਨਾਟਕ ਤੇ ਰਾਜਸਥਾਨ ਦੀਆਂ ਦੋ-ਦੋ ਤੇ ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਤੇ ਤੇਲੰਗਾਨਾ ਦੀ ਇਕ-ਇਕ ਸੀਟ ‘ਤੇ ਵਿਧਾਨ ਸਭਾ ਉਪ ਚੋਣਾਂ ਹੋਈਆਂ ਸਨ । ਇਨ੍ਹਾਂ 29 ਸੀਟਾਂ ‘ਚੋਂ ਭਾਜਪਾ ਨੇ ਪਹਿਲਾਂ ਅੱਧੀ ਦਰਜਨ ਦੇ ਕਰੀਬ ਹਲਕਿਆਂ ‘ਚ ਜਿੱਤ ਹਾਸਲ ਕੀਤੀ ਸੀ, ਜਦੋਂਕਿ ਕਾਂਗਰਸ ਕੋਲ 9, ਜਦਕਿ ਬਾਕੀ ਸੀਟਾਂ ਖੇਤਰੀ ਪਾਰਟੀਆਂ ਕੋਲ ਸਨ ।

ਹਿਮਾਚਲ ‘ਚ ਕਾਂਗਰਸ ਦੀ ਸ਼ਾਨਦਾਰ ਜਿੱਤ ਸ਼ਿਮਲਾ / ਹਿਮਾਚਲ ਪ੍ਰਦੇਸ਼ ‘ਚ ਭਾਜਪਾ ਨੂੰ ਝਟਕਾ ਦਿੰਦਿਆਂ ਵਿਰੋਧੀ ਧਿਰ ਕਾਂਗਰਸ ਨੇ ਮੰਡੀ ਲੋਕ ਸਭਾ ਸੀਟ ਸਮੇਤ ਫਤਹਿਪੁਰ, ਅਰਕੀ ਤੇ ਜੁਬਲ-ਕੋਟਖਾਈ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ‘ਤੇ ਜਿੱਤ ਹਾਸਲ ਕੀਤੀ । ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੇ ਫਤਿਹਪੁਰ ਤੇ ਅਰਕੀ ਵਿਧਾਨ ਸਭਾ ਸੀਟਾਂ ਨੂੰ ਬਰਕਰਾਰ ਰੱਖਿਆ, ਜਦੋਂਕਿ ਇਸ ਨੇ ਭਾਜਪਾ ਤੋਂ ਜੁਬਲ-ਕੋਟਖਾਈ ਸੀਟ ਖੋਹ ਲਈ । ਮੰਡੀ ‘ਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ ਕਾਰਗਿਲ ਜੰਗ ਦੇ ਨਾਇਕ ਭਾਜਪਾ ਦੇ ਬਿ੍ਗੇਡੀਅਰ ਖੁਸ਼ਹਾਲ ਠਾਕੁਰ ਨੂੰ ਹਰਾਇਆ । 2019 ਦੀਆਂ ਸੰਸਦੀ ਚੋਣਾਂ ‘ਚ ਭਾਜਪਾ ਦੇ ਰਾਮ ਸਵਰੂਪ ਸ਼ਰਮਾ ਨੇ 4,05,000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ । ਕਾਂਗਰਸ ਦੇ ਉਮੀਦਵਾਰ ਭਵਾਨੀ ਸਿੰਘ ਪਠਾਨੀਆ, ਸੰਜੇ ਅਤੇ ਰੋਹਿਤ ਠਾਕੁਰ ਕ੍ਰਮਵਾਰ ਫਤਹਿਪੁਰ, ਅਰਕੀ ਤੇ ਜੁਬਲ-ਕੋਟਖਾਈ ਵਿਧਾਨ ਸਭਾ ਹਲਕਿਆਂ ਤੋਂ ਜੇਤੂ ਰਹੇ ਹਨ । ਪ੍ਰਦੇਸ਼ ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਨੇ ਭਾਜਪਾ ਦੀ ਹਾਰ ਤੋਂ ਬਾਅਦ ਮੁੱਖ ਮੰਤਰੀ ਜੈ ਰਾਮ ਠਾਕੁਰ ਤੋਂ ਨੈਤਿਕ ਆਧਾਰ ‘ਤੇ ਅਸਤੀਫੇ ਦੀ ਮੰਗ ਕੀਤੀ ਹੈ ।

ਅਭੈ ਚੌਟਾਲਾ ਚੌਥੀ ਵਾਰ ਐਲਨਾਬਾਦ ਹਲਕੇ ਤੋਂ ਬਣੇ ਵਿਧਾਇਕ ਸਿਰਸਾ / ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਚੌਥੀ ਵਾਰ ਐਲਨਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ । ਅਭੈ ਚੌਟਾਲਾ ਨੇ ਭਾਜਪਾ ਜਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ 6739 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ । ਅਭੈ ਸਿੰਘ ਚੌਟਾਲਾ ਨੂੰ 65992 ਵੋਟਾਂ ਪ੍ਰਾਪਤ ਹੋਈਆਂ, ਜਦੋਂਕਿ ਭਾਜਪਾ ਜਜਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਨੂੰ 59253 ਵੋਟਾਂ ਪ੍ਰਾਪਤ ਹੋਈਆਂ ਹਨ । ਕਾਂਗਰਸ ਦੇ ਪਵਨ ਬੈਲੀਵਾਲ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ ।

ਪੱਛਮੀ ਬੰਗਾਲ ‘ਚ ਤਿ੍ਣਮੂਲ ਕਾਂਗਰਸ ਦੀ 4-0 ਨਾਲ ਹੂੰਝਾ ਫੇਰ ਜਿੱਤ ਕੋਲਕਾਤਾ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ‘ਚ ਤਿ੍ਣਮੂਲ ਕਾਂਗਰਸ ਨੇ ਤਕਰੀਬਨ 6 ਮਹੀਨੇ ਪਹਿਲਾਂ ਭਾਜਪਾ ਵਲੋਂ ਜਿੱਤੀਆਂ ਦੋ ਸੀਟਾਂ ਖੋਹਣ ਦੇ ਨਾਲ ਹੀ ਚਾਰ ਵਿਧਾਨ ਸਭਾ ਸੀਟਾਂ ‘ਤੇ ਹੂੰਝਾ ਫੇਰ 4-0 ਨਾਲ ਜਿੱਤ ਹਾਸਿਲ ਕੀਤੀ । ਬੀਤੇ ਮਹੀਨੇ ਭਵਾਨੀਪੁਰ ਸਮੇਤ ਤਿੰਨ ਸੀਟਾਂ ਵੀ ਤਿ੍ਣਮੂਲ ਨੇ 3-0 ਨਾਲ ਜਿੱਤੀਆਂ ਸਨ । ਕਾਂਗਰਸ ਤੇ ਮਾਰਕਸੀ ਵਿਧਾਨ ਸਭਾ ਉਪ ਚੋਣਾਂ ‘ਚ ਆਪਣਾ ਖਾਤਾ ਨਹੀਂ ਖੋਲ ਸਕੇ । ਭਾਜਪਾ ਦੀਆਂ ਵੋਟਾਂ ‘ਚ ਵੀ ਭਾਰੀ ਗਿਰਾਵਟ ਵੀ ਦੇਖਣ ਨੂੰ ਮਿਲੀ । ਤਿ੍ਣਮੂਲ ਨੇ ਸ਼ਾਂਤੀਪੁਰ ਸੀਟ 15,878, ਦਿਨਹਾਟਾ ਸੀਟ 1,66,089, ਖੜਦਾ ਸੀਟ 93,832 ਤੇ ਗੋਸਾਬਾ ਸੀਟ 1,43,051 ਵੋਟਾਂ ਦੇ ਫਰਕ ਨਾਲ ਜਿੱਤੀ ।

ਬੰਗਾਲ ਦੇ ਲੋਕਾਂ ਨੇ ਵਿਕਾਸ ਤੇ ਏਕਤਾ ਨੂੰ ਚੁਣਿਆ-ਮਮਤਾ ਕੋਲਕਾਤਾ, (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚਾਰ ਵਿਧਾਨ ਸਭਾ ਸੀਟਾਂ ‘ਤੇ ਜਿੱਤ ਦੀ ਮੁਬਾਰਕਬਾਦ ਜੇਤੂ ਉਮੀਦਵਾਰਾਂ ਨੂੰ ਦਿੰਦਿਆਂ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ । ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਘਿ੍ਣਾ ਅਤੇ ਝੂਠ ਦੀ ਰਾਜਨੀਤੀ ਦੇ ਵਿਰੁੱਧ ਵਿਕਾਸ ਤੇ ਏਕਤਾ ਨੂੰ ਚੁਣਿਆ ਹੈ । ਮਮਤਾ ਨੇ ਕਿਹਾ ਕਿ ਅਸੀ ਬੰਗਾਲ ਨੂੰ ਵੱਖਰੇ ਤਰ੍ਹਾਂ ਦੀ ਉਚਾਈ ‘ਤੇ ਲੈ ਕੇ ਜਾਣ ਲਈ ਵਚਨਵੱਧ ਹਾਂ ।

ਰਾਜਸਥਾਨ: ਭਾਜਪਾ ਉਮੀਦਵਾਰ ਤੀਜੇ ਤੇ ਚੌਥੇ ਸਥਾਨ ‘ਤੇ ਰਹੇ ਜੈਪੁਰ, (ਏਜੰਸੀ)- ਰਾਜਸਥਾਨ ‘ਚ ਸੱਤਾਧਾਰੀ ਕਾਂਗਰਸ ਨੇ ਵੱਲਭਨਗਰ ਤੇ ਧਾਰਿਆਵਾੜ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ‘ਚ ਜਿੱਤ ਦਰਜ ਕੀਤੀ ਹੈ । ਮੁੱਖ ਵਿਰੋਧੀ ਭਾਜਪਾ ਨਾ ਸਿਰਫ ਚੋਣਾਂ ਹਾਰ ਗਈ, ਸਗੋਂ ਇਸ ਦੇ ਉਮੀਦਵਾਰ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ‘ਤੇ ਰਹੇ । ਉਪ ਚੋਣਾਂ ਤੋਂ ਪਹਿਲਾਂ, ਧਾਰਿਆਵਾੜ ਸੀਟ ਦੀ ਨੁਮਾਇੰਦਗੀ ਭਾਜਪਾ ਤੇ ਵੱਲਭਨਗਰ ਦੀ ਕਾਂਗਰਸ ਵਲੋਂ ਕੀਤੀ ਗਈ ਸੀ । ਇਸ ਜਿੱਤ ਨਾਲ 200 ਮੈਂਬਰੀ ਰਾਜਸਥਾਨ ਵਿਧਾਨ ਸਭਾ ‘ਚ ਭਾਜਪਾ ਦੇ 71 ਵਿਧਾਇਕਾਂ ਦੇ ਮੁਕਾਬਲੇ ਕਾਂਗਰਸ ਦੀ ਗਿਣਤੀ 108 ਹੋ ਗਈ ਹੈ ।

Leave a Reply

Your email address will not be published. Required fields are marked *