ਹੰਗਾਮਿਆਂ `ਚ ਹੀ ਲੰਘ ਗਿਆ ਸੰਸਦ ਦਾ ਮਾਨਸੂਨ ਇਜਲਾਸ

Home » Blog » ਹੰਗਾਮਿਆਂ `ਚ ਹੀ ਲੰਘ ਗਿਆ ਸੰਸਦ ਦਾ ਮਾਨਸੂਨ ਇਜਲਾਸ
ਹੰਗਾਮਿਆਂ `ਚ ਹੀ ਲੰਘ ਗਿਆ ਸੰਸਦ ਦਾ ਮਾਨਸੂਨ ਇਜਲਾਸ

ਨਵੀਂ ਦਿੱਲੀ: ਸੰਸਦ ਦਾ ਪੂਰਾ ਮਾਨਸੂਨ ਇਜਲਾਸ ਹੰਗਾਮਿਆਂ ਦੀ ਭੇਟ ਚੜ੍ਹ ਗਿਆ। ਸਰਕਾਰ ਦੀ ਅੜੀ ਕਾਰਨ ਪੂਰੇ ਇਜਲਾਸ ਵਿਚ ਰੁਕਾਵਟਾਂ ਤੇ ਹੰਗਾਮੇ ਜਾਰੀ ਰਹੇ।

ਅਜਿਹੇ ਮਾਹੌਲ ਵਿਚ ਸਦਨ ਦੀ ਕਾਰਵਾਈ ਦੋ ਦਿਨ ਪਹਿਲਾਂ ਖਤਮ ਕਰਨੀ ਪਈ। ਇਸ ਵਾਰ ਲੋਕ ਸਭਾ ਵਿਚ ਸਿਰਫ 22 ਫੀਸਦੀ ਕੰਮ ਹੀ ਹੋ ਸਕਿਆ। 17 ਬੈਠਕਾਂ ਵਿਚ 21 ਘੰਟੇ ਹੀ ਕਾਰਵਾਈ ਚੱਲ ਸਕੀ। ਇਸ ਸਮੁੱਚੀ ਕਾਰਵਾਈ ਵਿਚ ਸਿਰਫ ਓ.ਬੀ.ਸੀ. (ਹੋਰ ਪਛੜੇ ਵਰਗ) ਰਾਖਵੇਂਕਰਨ ਬਾਰੇ ਬਿੱਲ ਹੀ ਸਭ ਧਿਰਾਂ ਦੀ ਸਹਿਮਤੀ ਨਾਲ ਪਾਸ ਹੋ ਸਕਿਆ। ਇਸ ਬਿੱਲ ਅਧੀਨ ਹੋਰ ਪਛੜੇ ਵਰਗਾਂ ਦੇ ਰਾਖਵੇਂਕਰਨ ਦੇ ਅਧਿਕਾਰ ਰਾਜਾਂ ਨੂੰ ਦਿੱਤੇ ਗਏ ਹਨ। ਬਾਕੀ ਸਾਰਾ ਸਮਾਂ ਵਿਰੋਧੀ ਧਿਰਾਂ ਅਤੇ ਸਰਕਾਰੀ ਧਿਰ ਇਕ-ਦੂਜੇ ‘ਤੇ ਸਖਤ ਇਲਜ਼ਾਮ ਲਾਉਂਦੀਆਂ ਰਹੀਆਂ। ਵਿਰੋਧੀ ਧਿਰਾਂ ਪੈਗਾਸਸ ਜਾਸੂਸੀ ਕਾਂਡ ਅਤੇ ਨਵੇਂ ਬਣੇ ਕਿਸਾਨ ਕਾਨੂੰਨਾਂ ਨੂੰ ਮੁੱਖ ਮੁੱਦਾ ਬਣਾ ਕੇ ਇਸ ਗੱਲ ‘ਤੇ ਅੜ ਗਈਆਂ ਕਿ ਪਹਿਲਾਂ ਇਨ੍ਹਾਂ ਉਤੇ ਚਰਚਾ ਕੀਤੀ ਜਾਏ। ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਦੋਵਾਂ ਸਦਨਾਂ ਵਿਚ ਕਾਰਵਾਈ ਨਹੀਂ ਚੱਲਣ ਦੇਣਗੇ। ਇਸ ਨਾਲ ਸੰਸਦ ਦਾ ਉਹ ਸਮਾਂ ਵੀ ਯਾਦ ਆ ਗਿਆ ਜਦੋਂ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਵੇਲੇ 2-ਜੀ ਘੁਟਾਲੇ ਦਾ ਮਾਮਲਾ ਉਛਲਿਆ ਸੀ।

ਉਸ ਸਮੇਂ ਵਿਰੋਧੀ ਧਿਰ ਹੁੰਦਿਆਂ ਭਾਜਪਾ ਨੇ ਵੀ ਸੰਸਦ ਦੇ ਸਦਨਾਂ ਦੀ ਕਾਰਵਾਈ ਵੱਡੀ ਹੱਦ ਤੱਕ ਚੱਲਣ ਨਹੀਂ ਸੀ ਦਿੱਤੀ। ਇਜ਼ਰਾਈਲੀ ਕੰਪਨੀ ਵੱਲੋਂ ਤਿਆਰ ਪੈਗਾਸਸ ਜਾਸੂਸੀ ਸਾਫਟਵੇਅਰ ਦੀ ਦੁਰਵਰਤੋਂ ਦਾ ਖੁਲਾਸਾ ਦੁਨੀਆਂ ਭਰ ਵਿਚ ਹੋਇਆ ਹੈ। ਜਿਥੋਂ-ਜਿਥੋਂ ਵੀ ਅਜਿਹੀਆਂ ਖਬਰਾਂ ਆਈਆਂ ਹਨ, ਉਥੋਂ ਦੀਆਂ ਬਹੁਤੀਆਂ ਸਰਕਾਰਾਂ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਪਰ ਕੇਂਦਰ ਸਰਕਾਰ ਵਲੋਂ ਸਦਨ ਵਿਚ ਇਸ ਬਾਰੇ ਬਹਿਸ ਨਾ ਕਰਵਾਉਣ ਦੀ ਅੜੀ ਨੇ ਇਸ ਮੁੱਦੇ ਨੂੰ ਹੋਰ ਵੀ ਮਘਾ ਦਿੱਤਾ। ਦੋਵੇਂ ਧਿਰਾਂ ਹੀ ਆਪੋ-ਆਪਣੇ ਪੱਖ ‘ਤੇ ਅੜੀਆਂ ਰਹੀਆਂ। ਵਿਰੋਧੀ ਪਾਰਟੀਆਂ ਦੀ ਸਦਨ ਵਿਚ ਘੱਟ-ਗਿਣਤੀ ਹੋਣ ਕਰਕੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਸੀ ਕਿ ਸਰਕਾਰ ਇਸ ਹੰਗਾਮੇ ਦੌਰਾਨ ਵੀ ਬਿੱਲ ਪਾਸ ਕਰਵਾ ਲਵੇਗੀ।

ਇਸ ਵਾਰ ਕੁੱਲ 30 ਬਿੱਲ ਪੇਸ਼ ਕੀਤੇ ਜਾਣੇ ਸਨ। ਸੰਸਦ ਦੇ ਦੋਵਾਂ ਸਦਨਾਂ ਵਿਚ ਹੰਗਾਮਿਆਂ ਕਾਰਨ ਭਾਵੇਂ ਤੈਅਸ਼ੁਦਾ ਏਜੰਡੇ ਮੁਤਾਬਕ ਕੰਮ ਨਹੀਂ ਹੋ ਸਕਿਆ ਪਰ ਫਿਰ ਵੀ ਇਨ੍ਹਾਂ ਹੰਗਾਮਿਆਂ ਦੌਰਾਨ ਸਰਕਾਰ ਨੇ ਦੋਵਾਂ ਸਦਨਾਂ ਵਿਚ ਆਪਣੀ ਬਹੁਗਿਣਤੀ ਦੇ ਬਲਬੂਤੇ 15 ਬਿੱਲ ਪਾਸ ਕਰਵਾ ਲਏ ਹਨ। ਪਰ ਦੂਜੇ ਪਾਸੇ ਬਹੁਤ ਸਾਰੀਆਂ ਵਿਰੋਧੀਆਂ ਪਾਰਟੀਆਂ ਹੁਣ ਸਰਕਾਰ ਵਿਰੁੱਧ ਇਕ ਮੰਚ ‘ਤੇ ਨਜ਼ਰ ਆ ਰਹੀਆਂ ਹਨ। ਇਸੇ ਦੌਰਾਨ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਦਿੱਲੀ ਦੇ ਦੌਰੇ ਨੇ ਵੀ ਵਿਰੋਧੀ ਇਕਜੁੱਟਤਾ ਨੂੰ ਹੋਰ ਮਜ਼ਬੂਤ ਕੀਤਾ ਹੈ।

ਲੋਕਤੰਤਰ ਦੀ ਹੱਤਿਆ ਹੋਈ: ਰਾਹੁਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਸਦਨ ‘ਚ ਲੋਕਤੰਤਰ ਦੀ ਹੱਤਿਆ ਕੀਤੀ ਹੈ। ਰਾਹੁਲ ਗਾਂਧੀ ਨੇ ਰਾਜ ਸਭਾ ‘ਚ ਹੋਏ ਹੰਗਾਮੇ ਦੀ ਘਟਨਾ ‘ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਦਨ ਦੇ ਅੰਦਰ ਸੰਸਦ ਮੈਂਬਰਾਂ ਨਾਲ ਧੱਕਾ-ਮੁੱਕੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਕਹਿੰਦੇ ਹਨ ਕਿ ਉਹ ਪ੍ਰੇਸ਼ਾਨ ਹਨ, ਸਪੀਕਰ ਵੀ ਇਹੀ ਕਹਿੰਦੇ ਹਨ ਪਰ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਉਣ ਕਿ ਸਦਨ ਸੁਚਾਰੂ ਢੰਗ ਨਾਲ ਚੱਲੇ।

ਮੋਦੀ ਨੇ ਸੰਸਦ ਨੂੰ ਗੈਰ ਪ੍ਰਸੰਗਿਕ ਬਣਾਇਆ: ਜੈਰਾਮ ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੀ ਸੰਸਦ ਨੂੰ ਗੈਰ-ਪ੍ਰਸੰਗਿਕ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਇਜਲਾਸ ਦੌਰਾਨ ਭਾਜਪਾ ਦੀਆਂ ਕਥਿਤ ਆਪਹੁਦਰੀਆਂ ਕਰਕੇ ਵਿਰੋਧੀ ਧਿਰਾਂ ਗੁੱਸੇ ਵਿਚ ਹਨ, ਕਿਉਂਕਿ ਸੰਸਦ ਵਿਚ ਪੇਸ਼ ਕਈ ਬਿੱਲਾਂ ਨੂੰ ਅਜੇ ਤੱਕ ਸੰਸਦੀ ਕਮੇਟੀ ਕੋਲ ਨਜ਼ਰਸਾਨੀ ਲਈ ਵੀ ਨਹੀਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਸਿਰਫ 12 ਫੀਸਦ ਬਿੱਲ ਸੰਸਦ ਕਮੇਟੀ ਕੋਲ ਨਜ਼ਰਸਾਨੀ ਲਈ ਭੇਜੇ ਗਏ ਹਨ ਜਦੋਂ ਕਿ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ 27 ਫੀਸਦ ਬਿੱਲ ਅਤੇ ਇਸ ਤੋਂ ਪਹਿਲਾਂ ਯੂਪੀਏ ਦੇ ਦੋ ਕਾਰਜਕਾਲਾਂ ਵਿੱਚ 60 ਫੀਸਦ ਬਿੱਲ ਸੰਸਦ ਕਮੇਟੀ ਕੋਲ ਨਜ਼ਰਸਾਨੀ ਲਈ ਭੇਜੇ ਗਏ ਸਨ|

Leave a Reply

Your email address will not be published.