ਜੰਮੂ / ਆਪਣੇ ਹੱਥ ‘ਚ ਇਕ ਕਿ੍ਕਟ ਬੈਟ ਫੜੀ ਬੈਠੇ ਛਤੀਸ਼ਗੜ੍ਹ ਨਾਲ ਸੰਬੰਧਿਤ ਇਕ ਪ੍ਰਵਾਸੀ ਮਜ਼ਦੂਰ ਮਿੰਟੂ ਸਿੰਘ ਨੇ ਰੋਣਹਾਕਾ ਹੋ ਕੇ ਦੱਸਿਆ ਕਿ ਇਹ ਉਨ੍ਹਾਂ ਲਈ ਇਹ ਕਸ਼ਮੀਰ ਦਾ ਆਖਰੀ ਤੋਹਫ਼ਾ ਹੈ ਤੇ ਉਹ ਹੁਣ ਕਦੇ ਵੀ ਵਾਪਸ ਕਸ਼ਮੀਰ ਨਹੀਂ ਆਵੇਗਾ । ਇਹ ਦਾਸਤਾਨ ਇਕੱਲੇ ਮਿੰਟੂ ਸਿੰਘ ਦੀ ਨਹੀਂ ਸਗੋਂ, ਉਨ੍ਹਾਂ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਹੈ, ਜਿਨ੍ਹਾਂ ਨੂੰ ਅੱਤਵਾਦੀਆਂ ਦੇ ਡਰ ਦੇ ਚਲਦਿਆਂ ਆਪਣੇ ਪਰਿਵਾਰਾਂ ਸਮੇਤ ਵਾਦੀ ਨੂੰ ਛੱਡਣਾ ਪੈ ਰਿਹਾ ਹੈ । ਜੰਮੂ ਰੇਲਵੇ ਸਟੇਸ਼ਨ ‘ਤੇ ਮਾਯੂਸ ਹੋ ਕੇ ਬੈਠੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ‘ਚੋਂ ਬਹੁਤਿਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਕੰਮ ਦੇਣ ਵਾਲਿਆਂ ਨੇ ਉਨ੍ਹਾਂ ਦੀ ਮਿਹਨਤ ਦੇ ਪੈਸੇ ਮਾਰ ਲਏ ਹਨ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ‘ਚ ਦਖ਼ਲ ਦੇਣਾ ਚਾਹੀਦਾ ਹੈ । ਕਸ਼ਮੀਰ ਛੱਡ ਕੇ ਜਾ ਰਹੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਰੋਟੀ-ਰੋਜ਼ੀ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਮਿਹਨਤ ਕਰਕੇ ਕਮਾ ਲੈਣਗੇ ਪਰ ਕਸ਼ਮੀਰ ਕਦੇ ਵਾਪਸ ਨਹੀਂ ਆਉਣਗੇ ।