ਹਿੰਦੀ ਫ਼ਿਲਮਾਂ ਦੀ ਪੰਜਾਬਣ ਅਦਾਕਾਰਾ ਕਾਮਿਨੀ ਕੌਸ਼ਲ

ਮਨਦੀਪ ਸਿੰਘ ਸਿੱਧੂ, ਮਾਰੂਫ਼ ਪੰਜਾਬਣ ਅਦਾਕਾਰਾ ਕਾਮਿਨੀ ਕੌਸ਼ਲ ਉਰਫ਼ ਉਮਾ ਕਸ਼ਯਪ ਦੀ ਪੈਦਾਇਸ਼ 1927 ਨੂੰ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਚੌਬੁਰਜੀ ਇਲਾਕੇ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਵਿੱਚ ਹੋਈ।

ਇਨ੍ਹਾਂ ਦੇ ਪਿਤਾ ਰਾਏ ਬਹਾਦੁਰ ਸ਼ਿਵਰਾਮ ਕਸ਼ਯਪ ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ ਬਾਟਨੀ (ਬਨਸਪਤੀ ਸ਼ਾਸਤਰੀ) ਦੇ ਪ੍ਰੋਫੈਸਰ ਸਨ ਅਤੇ ਉਨ੍ਹਾਂ ਨੂੰ ‘ਫਾਦਰ ਆਫ਼ ਇੰਡੀਅਨ ਬਾਟਨੀ’ ਵੀ ਕਿਹਾ ਜਾਂਦਾ ਸੀ। ਦੋ ਭਰਾਵਾਂ ਤੇ ਤਿੰਨ ਭੈਣਾਂ ’ਚ ਸਭ ਤੋਂ ਛੋਟੀ ਕਾਮਿਨੀ ਹਾਲੇ 7 ਵਰ੍ਹਿਆਂ ਦੀ ਸੀ ਜਦੋਂ ਇਨ੍ਹਾਂ ਦੇ ਪਿਤਾ ਫ਼ੌਤ ਹੋ ਗਏ। ਬਾਲ ਉਮਰੇ ਹੀ ਉਸ ਨੂੰ ਰੇਡੀਓ ਨਾਟਕਾਂ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਘੋੜਸਵਾਰੀ, ਤੈਰਾਕੀ ਅਤੇ ਸਾਈਕਲੰਿਗ ਦਾ ਵੀ ਸ਼ੌਕ ਸੀ। ਰਸ਼ੀਦ ਅਨਵਰ ਦੇ ਫ਼ਿਲਮਸਾਜ਼ ਅਦਾਰੇ ਇੰਡੀਆ ਪਿਕਚਰਜ਼, ਬੰਬੇ ਦੇ ਬੈਨਰ ਹੇਠ ਲਾਹੌਰ ਦੇ ਗੱਭਰੂ ਚੇਤਨ ਆਨੰਦ (ਸਹਾਇਕ ਮੋਹਨ ਸਹਿਗਲ) ਨੇ ਆਪਣੀ ਹਿਦਾਇਤਕਾਰੀ ਵਿੱਚ ਜਦੋਂ ਪਹਿਲੀ ਹਿੰਦੀ ਫ਼ਿਲਮ ‘ਨੀਚਾ ਨਗਰ’ (1946) ਬਣਾਈ ਤਾਂ ਇਸ ਵਿੱਚ ਉਮਾ ਕਸ਼ਯਪ ਨੂੰ ਕਾਮਿਨੀ ਕੌਸ਼ਲ ਦੇ ਨਾਮ ਨਾਲ ਨਵੀਂ ਅਦਾਕਾਰਾ ਵਜੋਂ ਮੁਤਆਰਿਫ਼ ਕਰਵਾਇਆ। ਜਿਸ ਦੇ ਹਮਰਾਹ ਅਦਾਕਾਰ ਰਫ਼ੀਕ ਅਨਵਰ ਸਨ। ਇਹ ਫ਼ਿਲਮ ਰੂਸੀ ਲੇਖਕ ਮੈਕਸਿਮ ਗੋਰਕੀ ਦੇ ਨਾਟਕ ‘ਦਿ ਲੋਅਰ ਡੈਪਥਸ’ ਉੱਤੇ ਆਧਾਰਿਤ ਸੀ ਜੋ ਸਮਾਜ ਵਿਚਲੇ ਅਮੀਰ-ਗ਼ਰੀਬ ਦੇ ਪਾੜੇ ਨੂੰ ਦਰਸਾਉਂਦੀ ਹੈ।

ਇਸ ਫ਼ਿਲਮ ਨੂੰ ਪਹਿਲੇ ਕਾਂਸ ਫ਼ਿਲਮ ਫੈਸਟੀਵਲ ਵਿੱਚ ਵਿਦੇਸ਼ੀ ਸ਼੍ਰੇਣੀ ’ਚ ਬਿਹਤਰੀਨ ਹਿੰਦੀ ਫ਼ਿਲਮ ਦਾ ‘ਗੋਲਡਨ ਪਾਮ’ ਪੁਰਸਕਾਰ ਹਾਸਲ ਹੋਇਆ। 1947 ਵਿੱਚ ਕਾਮਿਨੀ ਕੌਸ਼ਲ ਦੀ ਬੰਬੇ ਵਿਆਹੀ ਭੈਣ ਦੀ ਮੌਤ ਹੋ ਗਈ। ਲਿਹਾਜ਼ਾ ਆਪਣੇ ਭੈਣ ਦੇ ਬੱਚਿਆਂ ਦਾ ਖ਼ਿਆਲ ਰੱਖਣ ਲਈ ਉਸ ਨੂੰ ਮਜਬੂਰਨ ਆਪਣੇ ਜੀਜਾ ਬੀ[ ਐੱਸ[ ਸੂਦ (ਬ੍ਰਹਮ ਸਵਰੂਪ ਸੂਦ) ਨਾਲ ਵਿਆਹ ਕਰਵਾਉਣਾ ਪਿਆ, ਜਿਸ ਤੋਂ ਬਾਅਦ ਉਹ ਪੱਕੇ ਤੌਰ ’ਤੇ ਬੰਬੇ ਵੱਸ ਗਈ। ਕਾਮਿਨੀ ਪਹਿਲੀ ਅਜਿਹੀ ਭਾਰਤੀ ਫ਼ਿਲਮੀ ਅਦਾਕਾਰਾ ਸੀ ਜੋ ਵਿਆਹ ਤੋਂ ਬਾਅਦ ਵੀ ਸਿਨੇ ਪਰਦੇ ’ਤੇ ਛਾਈ ਰਹੀ। ਜਾਗੀਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਗਜਾਨਨ ਜਾਗੀਰਦਾਰ ਨਿਰਦੇਸ਼ਿਤ ਫ਼ਿਲਮ ‘ਜੇਲ ਯਾਤਰਾ’ ਉਰਫ਼ ‘ਪਿਲੀਗ੍ਰੀਮੇਜ ਟੂ ਪ੍ਰਿਜ਼ਨ’ (1947) ’ਚ ਕਾਮਿਨੀ ਨੇ ਰਾਜ ਕਪੂਰ ਦੇ ਹਮਰਾਹ ਹੀਰੋਇਨ ਦਾ ਪਾਰਟ ਅਦਾ ਕੀਤਾ। ਫ਼ਿਲਮੀਸਤਾਨ ਲਿਮਟਿਡ, ਬੰਬੇ ਦੀ ਮੁਣਸ਼ੀ ਦਿਲ ਨਿਰਦੇਸ਼ਿਤ ਫ਼ਿਲਮ ‘ਦੋ ਭਾਈ’ (1947) ’ਚ ਉਸ ਨੇ ਰਾਜਨ ਹਕਸਰ ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ।

ਸਚਿਨ ਦੇਵ ਬਰਮਨ ਦੇ ਸੰਗੀਤ ਵਿੱਚ ਰਾਜਾ ਮਹਿੰਦੀ ਅਲੀ ਖ਼ਾਨ ਦੇ ਲਿਖੇ ਤੇ ਕਾਮਿਨੀ ਕੌਸ਼ਲ ’ਤੇ ਫ਼ਿਲਮਾਏ ‘ਮੇਰਾ ਸੁੰਦਰ ਸਪਨ ਬੀਤ ਗਿਆ ਮੈਂ ਪ੍ਰੇਮ ਮੇਂ ਸਬ ਕੁਛ ਹਾਰ ਗਈ’ ਤੇ ‘ਆਜ ਪ੍ਰੀਤ ਕਾ ਨਾਤਾ ਟੂਟ ਗਿਆ’ (ਗੀਤਾ ਰਾਏ) ਆਦਿ ਗੀਤ ਬੇਹੱਦ ਮਕਬੂਲ ਹੋਏ। ਰਾਜ ਕਪੂਰ ਦੇ ਫ਼ਿਲਮਸਾਜ਼ ਅਦਾਰੇ ਆਰ[ ਕੇ[ ਫ਼ਿਲਮਜ਼, ਬੰਬੇ ਦੀ ਰਾਜ ਕਪੂਰ ਨਿਰਦੇਸ਼ਿਤ ਫ਼ਿਲਮ ‘ਆਗ’ (1948) ਵਿੱਚ ਉਸ ਨੇ ਰਾਜ ਕਪੂਰ ਨਾਲ ਮੁੱਖ ਕਿਰਦਾਰ ਨਿਭਾਇਆ। ਬੰਬੇ ਟਾਕੀਜ਼, ਬੰਬੇ ਦੀ ਸ਼ਾਹਿਦ ਲਤੀਫ਼ ਨਿਰਦੇਸ਼ਿਤ ਫ਼ਿਲਮ ‘ਜ਼ਿੱਦੀ’ (1948) ’ਚ ਉਸ ਨੇ ‘ਆਸ਼ਾ’ ਦਾ ਪਾਰਟ ਕੀਤਾ, ਜਿਸ ਦੇ ਰੂਬਰੂ ਦੇਵ ਆਨੰਦ ਸਨ। ਫ਼ਿਲਮੀਸਤਨ ਲਿਮਟਿਡ, ਬੰਬੇ ਦੀ ਰਮੇਸ਼ ਸਹਿਗਲ ਨਿਰਦੇਸ਼ਿਤ ਫ਼ਿਲਮ ‘ਸ਼ਹੀਦ’ (1948) ’ਚ ਉਸ ਦੇ ਹਮਰਾਹ ਦਿਲੀਪ ਕੁਮਾਰ ਸਨ। ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਦੇ ਸੰਗੀਤ ਵਿੱਚ ਇਸ ਫ਼ਿਲਮ ਦੇ ਤਮਾਮ ਗੀਤ ਬੜੇ ਪਸੰਦ ਕੀਤੇ ਗਏ, ਪਰ ਕਾਮਿਨੀ ਕੌਸ਼ਲ ’ਤੇ ਫ਼ਿਲਮਾਇਆ ਸੁਰਿੰਦਰ ਕੌਰ ਦਾ ਗੀਤ ‘ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫ਼ਸਾਨਾ[[[’ ਹੱਦ ਦਰਜਾ ਮਕਬੂਲ ਹੋਇਆ।

ਇਸੇ ਦੌਰ ’ਚ ਆਈਆਂ ਕਾਮਿਨੀ ਦੀਆਂ ਕੁਝ ਮਸ਼ਹੂਰ ਜ਼ਮਾਨਾ ਫ਼ਿਲਮਾਂ ’ਚ ਆਲ ਇੰਡੀਆ ਪਿਕਚਰਜ਼, ਬੰਬੇ ਦੀ ‘ਪਗੜੀ’ (1948), ਫ਼ਿਲਮੀਸਤਾਨ ਦੀ ‘ਨਦੀਆ ਕੇ ਪਾਰ’ (1948) ਦਿਲੀਪ ਕੁਮਾਰ ਨਾਲ, ਜਗਤ ਪਿਕਚਰਜ਼, ਬੰਬੇ ਦੀ ‘ਸ਼ਾਇਰ’ (1949) ਦੇਵ ਆਨੰਦ ਨਾਲ, ਐੱਮ[ ਐਂਡ[ ਟੀ[ ਫ਼ਿਲਮਜ਼, ਬੰਬੇ ਦੀ ‘ਨਮੂਨਾ’ (1949) ਦੇਵ ਆਨੰਦ ਨਾਲ, ਫ਼ਿਲਮੀਸਤਾਨ ਦੀ ‘ਸ਼ਬਨਮ’ (1949) ਦਿਲੀਪ ਕੁਮਾਰ ਨਾਲ, ਪ੍ਰਕਾਸ਼ ਪਿਕਚਰਜ਼ ਦੀ ‘ਰਾਖੀ’ (1949) ਕਰਨ ਦੀਵਾਨ ਨਾਲ ਤੋਂ ਇਲਾਵਾ ਆਲ ਇੰਡੀਆ ਪਿਕਚਰਜ਼ ਦੀ ‘ਪਾਰਸ’ (1949) ’ਚ ਕਾਮਿਨੀ ਨੇ ਅਦਾਕਾਰ ਰਹਿਮਾਨ ਨਾਲ ‘ਗੀਤਾ ਦੇਵੀ’ ਦਾ ਸੋਹਣਾ ਪਾਰਟ ਅਦਾ ਕੀਤਾ। ਫ਼ਿਲਮ ‘ਸ਼ਾਇਰ’ ’ਚ ਕਾਮਿਨੀ ਤੇ ਦੇਵ ਅਨੰਦ ’ਤੇ ਫ਼ਿਲਮਾਇਆ ‘ਯੇਹ ਦੁਨੀਆ ਹੈ ਯਹਾਂ ਦਿਲ ਕਾ ਲਗਾਨਾ ਕਿਸ ਕੋ ਆਤਾ ਹੈ’ (ਲਤਾ ਮੰਗੇਸ਼ਕਰ, ਮੁਕੇਸ਼) ਗੀਤ ਖ਼ੂਬ ਹਿੱਟ ਹੋਇਆ ਸੀ। ਫ਼ਿਲਮ ‘ਸ਼ਹੀਦ’ ਦੇ ਸੈੱਟ ’ਤੇ ਕਾਮਿਨੀ ਕੌਸ਼ਲ ਨੂੰ ਦਿਲੀਪ ਕੁਮਾਰ ਨਾਲ ਮੁਹੱਬਤ ਹੋ ਗਈ।

ਇਸ ਤੋਂ ਬਾਅਦ ਦੋਵਾਂ ਨੇ ਇਕੱਠਿਆਂ ‘ਨਦੀਆ ਕੇ ਪਾਰ’, ‘ਸ਼ਬਨਮ’ (1949) ਤੇ ‘ਆਰਜ਼ੂ’ (1950) ’ਚ ਅਦਾਕਾਰੀ ਕੀਤੀ। ਇਨ੍ਹਾਂ ਫ਼ਿਲਮਾਂ ਦੀ ਕਾਮਯਾਬੀ ਤੋਂ ਬਾਅਦ ਉਸ ਨੇ ‘ਬਿਖ਼ਰੇ ਮੋਤੀ’ (1951), ‘ਪੂਨਮ’ (1952), ‘ਝਾਂਜਰ’, ‘ਰਾਜ ਰਤਨ’, ‘ਆਸ’, ‘ਆਂਸੂ’ (1953), ‘ਰਾਧਾ ਕ੍ਰਿਸ਼ਨ’, ‘ਸੰਗਮ’, ਬਿਰਾਜ ਬਹੂ’ (1954), ‘ਆਬਰੂ’ (1956), ‘ਬੜੇ ਸਰਕਾਰ’, ‘ਬੜਾ ਭਾਈ’ (1957), ‘ਜੇਲ੍ਹਰ’, ‘ਨਾਈਟ ਕਲੱਬ’, ‘ਗ੍ਰੇਟ ਸ਼ੋਅ ਆਫ਼ ਇੰਡੀਆ’, ‘ਸਰਕਸ ਸੁੰਦਰੀ’ (1958), ‘ਬੈਂਕ ਮੈਨੇਜਰ’ (1959) ਆਦਿ ਫ਼ਿਲਮਾਂ ’ਚ ਮਰਕਜ਼ੀ ਕਿਰਦਾਰ ਅਦਾ ਕੀਤੇ। ਫ਼ਿਲਮ ‘ਬਿਰਾਜ ਬਹੂ’ ’ਚ ਉਮਦਗੀ ਨਾਲ ਨਿਭਾਏ ਟਾਈਟਲ ਕਿਰਦਾਰ ਲਈ ਕਾਮਿਨੀ ਨੂੰ ਬਿਹਤਰੀਨ ਅਦਾਕਾਰਾ ਦਾ ਫ਼ਿਲਮਫੇਅਰ ਐਵਾਰਡ ਮਿਿਲਆ ਸੀ। ਕਾਮਿਨੀ ਕੌਸ਼ਲ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕੇਆਰਟਸ, ਬੰਬੇ ਦੇ ਬੈਨਰ ਹੇਠ ਐੱਮ[ ਸਾਦਿਕ ਦੀ ਹਿਦਾਇਤਕਾਰੀ ਵਿੱਚ ਫ਼ਿਲਮ ‘ਪੂਨਮ’ (1952) ਬਣਾਈ ਤੇ ਅਸ਼ੋਕ ਕੁਮਾਰ ਨਾਲ ਅਦਾਕਾਰੀ ਵੀ ਕੀਤੀ। ਆਪਣੇ ਬੈਨਰ ਹੇਠ ਹੀ ਪੀ. ਐੱਲ. ਸੰਤੋਸ਼ੀ ਦੀ ਹਿਦਾਇਤਕਾਰੀ ਵਿੱਚ ਦੂਸਰੀ ਫ਼ਿਲਮ ‘ਚਾਲੀਸ ਬਾਬਾ ਏਕ ਚੋਰ’ (1954) ਦਾ ਨਿਰਮਾਣ ਕੀਤਾ। ਇਸ ਫ਼ਿਲਮ ’ਚ ਕਾਮਿਨੀ ਨਾਲ ਅਦਾਕਾਰ ਬਲਰਾਜ ਸਨ।

1960ਵਿਆਂ ਤੇ 70ਵਿਆਂ ਦੇ ਦਹਾਕੇ ’ਚ ਆਈਆਂ ਉਸ ਦੀਆਂ ਕੁਝ ਯਾਦਗਾਰੀ ਫ਼ਿਲਮਾਂ ਤੋਂ ਬਾਅਦ ਉਸ ਦੀ ਆਖ਼ਰੀ ਹਿੰਦੀ ਫ਼ਿਲਮ ਹਿਦਾਇਤਕਾਰ ਪ੍ਰਦੀਪ ਸਰਕਾਰ ਦੀ ‘ਲਾਗਾ ਚੁਨਰੀ ਮੇਂ ਦਾਗ਼’ ਉਰਫ਼ ‘ਜਰਨੀ ਆਫ਼ ਏ ਵੂਮਨ’ (2007) ਸੀ, ਜਿਸ ਵਿੱਚ ਉਨ੍ਹਾਂ ਨੇ ‘ਦਾਦੀ ਮਾਂ’ ਦਾ ਪਾਰਟ ਅਦਾ ਕੀਤਾ। ਉਸ ਨੇ ਚਰਿੱਤਰ ਅਦਾਕਾਰਾ ਵਜੋਂ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੇ ਫ਼ਨ ਦੀ ਨੁਮਾਇਸ਼ ਕੀਤੀ। ਸੋਹਨ ਲਾਲ ਕੰਵਰ ਦੇ ਫ਼ਿਲਮਸਾਜ਼ ਅਦਾਰੇ ਫ਼ਿਲਮ ਨਗਰ, ਬੰਬੇ ਦੀ ਚਮਨ ਨੀਲੈ ਨਿਰਦੇਸ਼ਿਤ ਫ਼ਿਲਮ ‘ਸ਼ੇਰਨੀ’ (1973) ’ਚ ਉਸ ਨੇ ਫ਼ਿਲਮ ਦੇ ਹੀਰੋ ਸੁਭਾਸ਼ ਘਈ ਦੀ ਮਾਂ ਦਾ ਕਿਰਦਾਰ ਨਿਭਾਇਆ। ਹੰਸਰਾਜ ਬਹਿਲ ਦੇ ਸੰਗੀਤ ਵਿੱਚ ਵਰਮਾ ਮਲਿਕ ਦਾ ਲਿਿਖਆ ਭੰਗੜਾ ਗੀਤ ‘ਅੱਖ ਕੁੜੀ ਦੀ ਆਂਡੇ ਵਰਗੀ[[[ਨੀਂ ਅੱਖਾਂ ਤੇਰੀਆਂ ਦਾ ਸੁਰਮਾ’ (ਮੁਹੰਮਦ ਰਫ਼ੀ, ਮੀਨੂੰ ਪ੍ਰਸ਼ੋਤਮ) ਪ੍ਰੇਮ ਨਾਥ, ਕਾਮਿਨੀ ਕੌਸ਼ਲ, ਨਾਜ਼, ਸੁਭਾਸ਼ ਘਈ ਤੇ ਸਾਥੀਆਂ ’ਤੇ ਫ਼ਿਲਮਾਇਆ ਗਿਆ ਸੀ ਜੋ ਬਹੁਤ ਮਕਬੂਲ ਹੋਇਆ। ਜਦੋਂ ਪ੍ਰੇਮ ਨਾਥ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪੀ. ਐੱਨ. ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਚਮਨ ਨੀਲੈ ਦੀ ਹਿਦਾਇਤਕਾਰੀ ਵਿੱਚ ਧਾਰਮਿਕ ਪੰਜਾਬੀ ਫ਼ਿਲਮ ‘ਸਤਿ ਸ੍ਰੀ ਅਕਾਲ’ (1977) ਬਣਾਈ ਤਾਂ ਕਾਮਿਨੀ ਨੂੰ ਫ਼ਿਲਮ ਦੇ ਹੀਰੋ ਪ੍ਰੀਕਸ਼ਤ ਸਾਹਨੀ (ਪ੍ਰੀਤਮ ਸਿੰਘ) ਦੀ ਮਾਂ ਦਾ ਰੋਲ ਨਿਭਾਉਣ ਦਾ ਮੌਕਾ ਦਿੱਤਾ।

ਹਿੰਦੀ ਤੇ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਕਾਮਿਨੀ ਕੌਸ਼ਲ ਨੇ ਬਾਲ ਰਸਾਲੇ ‘ਪਰਾਗ਼’ ਵਿੱਚ ਬਾਲ ਕਹਾਣੀਆਂ ਵੀ ਲਿਖੀਆਂ। ਇਨ੍ਹਾਂ ਕਹਾਣੀਆਂ ’ਤੇ ਦੂਰਦਰਸ਼ਨ ਨੇ ਇੱਕ ਕਿਸ਼ਤਵਾਰ ਪ੍ਰੋਗਰਾਮ ‘ਚਾਂਦ ਸਿਤਾਰੇ’ ਵੀ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਟੈਲੀਵਿਜ਼ਨ ਦੇ ਹੋਰਨਾਂ ਲੜੀਵਾਰਾਂ ਵਿੱਚ ਵੀ ਉਸ ਨੇ ਅਦਾਕਾਰੀ ਕੀਤੀ। 1986 ਵਿੱਚ ਉਸ ਨੇ ਇੱਕ ਐਨੀਮੇਸ਼ਨ ਫ਼ਿਲਮ ‘ਮੇਰੀ ਪਰੀ’ ਵੀ ਬਣਾਈ ਸੀ। 2015 ਵਿੱਚ ‘ਫ਼ਿਲਮਫੇਅਰ ਲਾਈਫਟਾਈਮ ਅਚੀਵਮੈਂਟ’ ਨਾਲ ਸਰਫ਼ਰਾਜ਼ ਹੋਣ ਵਾਲੀ ਕਾਮਿਨੀ ਕੌਸ਼ਲ ਅੱਜਕੱਲ੍ਹ ਮੁੰਬਈ ਵਿਖੇ 94 ਸਾਲਾਂ ਦੀ ਉਮਰ ਵਿੱਚ ਖ਼ੁਸ਼ਹਾਲ ਜ਼ਿੰਦਗੀ ਬਸਰ ਕਰ ਰਹੀ ਹੈ।

Leave a Reply

Your email address will not be published. Required fields are marked *