ਹਿਮਾਚਲ ਪ੍ਰਦੇਸ਼ ਦੇ ਕਿਨੌਰ ‘ਚ ਢਿੱਗਾਂ ਡਿਗਣ ਨਾਲ 14 ਲੋਕਾਂ ਦੀ ਮੌਤ-13 ਨੂੰ ਬਚਾਇਆ

Home » Blog » ਹਿਮਾਚਲ ਪ੍ਰਦੇਸ਼ ਦੇ ਕਿਨੌਰ ‘ਚ ਢਿੱਗਾਂ ਡਿਗਣ ਨਾਲ 14 ਲੋਕਾਂ ਦੀ ਮੌਤ-13 ਨੂੰ ਬਚਾਇਆ
ਹਿਮਾਚਲ ਪ੍ਰਦੇਸ਼ ਦੇ ਕਿਨੌਰ ‘ਚ ਢਿੱਗਾਂ ਡਿਗਣ ਨਾਲ 14 ਲੋਕਾਂ ਦੀ ਮੌਤ-13 ਨੂੰ ਬਚਾਇਆ

ਸ਼ਿਮਲਾ / ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ‘ਚ ਢਿੱਗਾਂ ਡਿਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਲਬੇ ਹੇਠੋਂ ਹੁਣ ਤੱਕ 13 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਢਿੱਗਾਂ ਡਿੱਗਣ ਨਾਲ ਇਕ ਬੱਸ ਸਮੇਤ ਕਈ ਹੋਰ ਵਾਹਨਾਂ ਦੇ ਮਲਬੇ ਹੇਠ ਦੱਬਣ ਕਾਰਨ ਦਰਜ਼ਨਾਂ ਲੋਕ ਅਜੇ ਵੀ ਲਾਪਤਾ ਹਨ |

ਕਿਨੌਰ ਦੇ ਡਿਪਟੀ ਕਮਿਸ਼ਨਰ ਏ.ਐਚ. ਸਾਦਿਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਚੌਰਾ ਪਿੰਡ ‘ਚ ਕਰੀਬ 11.50 ਵਜੇ ਢਿੱਗਾਂ ਡਿੱਗਣ ਦੀ ਘਟਨਾ ਵਾਪਰਨ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ | ਸੂਬਾ ਆਫਤਾਂ ਪ੍ਰਬੰਧਨ ਬਲ (ਐਸ.ਡੀ.ਆਰ.ਐਫ.) ਦੇ ਨਿਰਦੇਸ਼ਕ ਸੁਦੇਸ਼ ਕੁਮਾਰ ਮੋਕਟਾ ਨੇ ਦੱਸਿਆ ਕਿ ਹੁਣ ਤੱਕ 10 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਬਚਾਅ ਕਾਰਵਾਈ ਦੌਰਾਨ 13 ਲੋਕਾਂ ਨੂੰ ਜ਼ਖ਼ਮੀ ਹਾਲਤ ‘ਚ ਮਲਬੇ ਹੇਠੋਂ ਕੱਢ ਕੇ ਲਾਗਲੇ ਹਸਪਤਾਲਾਂ ‘ਚ ਪਹੁੰਚਾਇਆ ਗਿਆ ਹੈ | ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸੂਬਾ ਵਿਧਾਨ ਸਭਾ ‘ਚ ਦੱਸਿਆ ਕਿ ਮਲਬੇ ਹੇਠ 50-60 ਲੋਕਾਂ ਦੇ ਦੱਬੇ ਹੋਣ ਦੀਆਂ ਰਿਪੋਰਟਾਂ ਹਨ, ਪਰ ਅਸਲ ਗਿਣਤੀ ਬਾਰੇ ਅਜੇ ਕੋਈ ਪੱਕਾ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਨੌਰ ‘ਚ ਢਿੱਗਾਂ ਡਿੱਗਣ ਕਾਰਨ ਵਾਪਰੀ ਇਸ ਘਟਨਾ ਬਾਰੇ ਉਨ੍ਹਾਂ ਤੋਂ ਤਾਜ਼ਾ ਸਥਿਤੀ ਦੀ ਜਾਣਕਾਰੀ ਲਈ ਹੈ ਅਤੇ ਜਾਰੀ ਬਚਾਅ ਕਾਰਜਾਂ ਦੌਰਾਨ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਉਨ੍ਹਾਂ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ ਹੈ ਅਤੇ ਬਚਾਅ ਕਾਰਜਾਂ ‘ਚ ਸੂਬਾ ਸਰਕਾਰ ਦੀ ਮਦਦ ਕਰਨ ਲਈ ਆਈ.ਟੀ.ਬੀ.ਪੀ. ਨੂੰ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਦੱਸਿਆ ਇਸ ਘਟਨਾ ਦੌਰਾਨ ਮਲਬੇ ਹੇਠ ਦੱਬੀ ਗਈ ਹਿਮਾਚਲ ਸੜਕ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੇ ਡਰਾਈਵਰ ਤੇ ਕੰਡਕਟਰ ਜ਼ਖ਼ਮੀ ਹਾਲਤ ‘ਚ ਬਚਾਅ ਲਿਆ ਗਿਆ ਹੈ ਪਰ ਉਹ ਗੱਲਬਾਤ ਕਰਨ ਦੀ ਹਾਲਤ ‘ਚ ਨਹੀਂ ਹਨ |

Leave a Reply

Your email address will not be published.