ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ-ਕੈਪਟਨ

• ਸਿੱਧੂ ਬਾਰੇ ਟਿੱਪਣੀ ਕਰਨ ਤੋਂ ਇਨਕਾਰ • ਸੋਨੀਆ ਗਾਂਧੀ ਨਾਲ ਡੇਢ ਘੰਟਾ ਮੁਲਾਕਾਤ, ਰਾਹੁਲ, ਖੜਗੇ ਵੀ ਰਹੇ ਮੌਜੂਦ

ਨਵੀਂ ਦਿੱਲੀ / ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਮੁਕਾਉਣ ਦੀ ਕਵਾਇਦ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ | ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ ਹੋਏਗਾ | ਇਸ ਮੀਟਿੰਗ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਤਿੰਨ ਮੈਂਬਰੀ ਪੈਨਲ ਦੇ ਮੁਖੀ ਮਲਿਕ ਅਰਜੁਨ ਖੜਗੇ ਵੀ ਮੌਜੂਦ ਸਨ, ਜਦਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਪਿ੍ਅੰਕਾ ਗਾਂਧੀ ਵਲੋਂ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਸੀ | ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ 10 ਜਨਪਥ ਵਿਖੇ ਤਕਰੀਬਨ 90 ਮਿੰਟ ਚੱਲੀ ਮੁਲਾਕਾਤ ਤੋਂ ਬਾਅਦ ਬਾਹਰ ਮੀਡੀਆ ਨਾਲ ਮਹਿਜ਼ ਕੁਝ ਕੁ ਮਿੰਟ ਲਈ ਰੂਬਰੂ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਿਵਾਦ ਬਾਰੇ ਕੁਝ ਵੀ ਕਹਿਣ ਤੋਂ ਪਾਸਾ ਵੱਟਦਿਆਂ ਕਿਹਾ ਕਿ ਉਹ ਪੰਜਾਬ ਦੇ ਅੰਦਰੂਨੀ ਮਾਮਲਿਆਂ ਅਤੇ ਕੰਮਕਾਜ ਬਾਰੇ ਚਰਚਾ ਕਰਨ ਲਈ ਆਏ ਸਨ ਤੇ ਉਹ ਹਾਈਕਮਾਨ ਦੇ ਹਰ ਨਿਰਦੇਸ਼ ਨੂੰ ਸਿਰੇ ਚੜ੍ਹਾਉਣਗੇ |

ਸਿੱਧੂ ਸਬੰਧੀ ਮਸਲੇ ਦਾ ਹੱਲ ਹੋ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕੈਪਟਨ ਨੇ ਕਿਹਾ ਕਿ ਪੰਜਾਬ ਕਾਂਗਰਸ ‘ਚ ਕੋਈ ਪ੍ਰੇਸ਼ਾਨੀ ਨਹੀਂ ਹੈ ਤੇ ਉਹ ਸਿੱਧੂ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ | ਕੈਪਟਨ ਨੇ ਵਿਧਾਨ ਸਭਾ ਚੋਣਾਂ ਲਈ ਬਿਲਕੁਲ ਤਿਆਰ ਹੋਣ ਦੀ ਗੱਲ ਵੀ ਆਖੀ | ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਜਾਣ ਤੋਂ ਪਹਿਲਾਂ ਦਿੱਲੀ ਦੇ ਕਪੂਰਥਲਾ ਹਾਊਸ ‘ਚ ਰੁਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਅਸ਼ਵਨੀ ਸੇਖੜੀ ਤੇ ਰਾਜ ਕੁਮਾਰ ਵੇਰਕਾ ਨੇ ਵੀ ਗੱਲਬਾਤ ਕੀਤੀ | ਕਪੂਰਥਲਾ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜ ਕੁਮਾਰ ਵੇਰਕਾ ਨੇ ਪੰਜਾਬ ਕੈਬਨਿਟ ‘ਚ ਬਦਲਾਅ ਦੇ ਸੰਕੇਤ ਦਿੱਤੇ | ਉਨ੍ਹਾਂ ਕਿਹਾ ਕਿ ਕੁੱਝ ਮੰਤਰੀਆਂ ਦੀ ਛੁੱਟੀ ਹੋਏਗੀ ਤੇ ਕੁਝ ਨਵੇਂ ਮੰਤਰੀ ਬਣਾਏ ਜਾਣਗੇ | ਇਸ ਦੌਰਾਨ ਉਨ੍ਹਾਂ ਪ੍ਰਦੇਸ਼ ਪ੍ਰਧਾਨ ਨੂੰ ਬਦਲੇ ਜਾਣ ਦੀ ਸੰਭਾਵਨਾ ਪ੍ਰਗਟਾਈ | ਨਵਜੋਤ ਸਿੰਘ ਸਿੱਧੂ ਬਾਰੇ ਵੇਰਕਾ ਨੇ ਕਿਹਾ ਕਿ ਸਿੱਧੂ ਦੀ ਜ਼ਿੰਮੇਵਾਰੀ ਪਾਰਟੀ ਹਾਈਕਮਾਨ ਨੇ ਤੈਅ ਕਰਨੀ ਹੈ | ਕਪੂਰਥਲਾ ਹਾਊਸ ਵਿਖੇ ਕੈਪਟਨ ਨਾਲ ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੇ ਆਗੂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੋਲ ਰਹੇ ਹਨ, ਉਹ ਸਾਢੇ ਚਾਰ ਸਾਲ ਕਿਉਂ ਚੁੱਪ ਰਹੇ |

ਸਿੱਧੂ ਦਾ ਜ਼ਿਕਰ ਕਰਦਿਆਂ ਬਿੱਟੂ ਨੇ ਕਿਹਾ ਕਿ ਸਿੱਧੂ ਜੇਕਰ ਬਿਜਲੀ ਸਮਝੌਤੇ ਦੀ ਗੱਲ ਕਰਦੇ ਹਨ ਤਾਂ ਸਿੱਧੂ ਨੂੰ ਬਿਜਲੀ ਮਹਿਕਮਾ ਸੰਭਾਲਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਸੀ | ਅਸ਼ਵਨੀ ਸੇਖੜੀ ਨੇ ਪੰਜਾਬ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਹਿੰਦੂ ਜਾਂ ਦਲਿਤ ਚਿਹਰੇ ਨੂੰ ਸੌਂਪਣ ਦੀ ਗੱਲ ਆਖੀ | ਇਹ ਮੀਟਿੰਗ ਮਹੱਤਵਪੂਰਨ ਮੰਨੀ ਗਈ ਹੈ ਕਿਉਂਕਿ ਪਾਰਟੀ ਹਾਈਕਮਾਨ ਕਾਂਗਰਸ ਦੀ ਪੰਜਾਬ ਇਕਾਈ ‘ਚ ਚੱਲ ਰਹੇ ਕਾਟੋ ਕਲੇਸ਼ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਸ ਵਿਚ ਸੁਧਾਰ ਦੀ ਗੱਲ ਚੱਲ ਰਹੀ ਹੈ | ਸੂਬੇ ‘ਚ ਵਿਧਾਨ ਸਭਾ ਚੋਣਾਂ ‘ਚ ਵੀ ਕੁਝ ਮਹੀਨੇ ਰਹਿ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਉਹ ਜਦੋਂ ਕਦੇ ਦਿੱਲੀ ਆਉਂਦੇ ਹਨ ਤਾਂ ਕਾਂਗਰਸ ਪ੍ਰਧਾਨ ਨਾਲ ਹਮੇਸ਼ਾ ਮੁਲਾਕਾਤ ਕਰਦੇ ਹਨ ਤੇ ਇਹ ਵੀ ਅਜਿਹੀ ਹੀ ਮੁਲਾਕਾਤ ਸੀ | ਖੜਗੇ ਦੀ ਅਗਵਾਈ ਵਾਲੀ 3 ਮੈਂਬਰੀ ਕਮੇਟੀ ਨਾਲ ਮੀਟਿੰਗ ਕਰਨ ਲਈ ਕੈਪਟਨ ਪਿਛਲੇ ਮਹੀਨੇ ਦੋ ਵਾਰ ਦਿੱਲੀ ਆਏ ਸਨ | ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਅੱਜ ਹੋਈ ਇਸ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਸੀ | ਕਾਂਗਰਸ ਆਗੂ ਅਤੇ ਸੂਬੇ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਨਾਲ ਟਕਰਾਅ ਚੱਲ ਰਿਹਾ ਹੈ ਅਤੇ ਉਹ 2015 ਦੇ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਪੂਰੀ ਕਰਨ ‘ਚ ਹੋਈ ਦੇਰੀ ਲਈ ਮੁੱਖ ਮੰਤਰੀ ‘ਤੇ ਹਮਲੇ ਕਰਦੇ ਰਹਿੰਦੇ ਹਨ |

Leave a Reply

Your email address will not be published. Required fields are marked *