ਹਰਿਆਣਾ ‘ਚ ਬਣੀ ਰਹੇਗੀ ਖੱਟਰ ਸਰਕਾਰ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਡਿਗਿਆ

Home » Blog » ਹਰਿਆਣਾ ‘ਚ ਬਣੀ ਰਹੇਗੀ ਖੱਟਰ ਸਰਕਾਰ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਡਿਗਿਆ
ਹਰਿਆਣਾ ‘ਚ ਬਣੀ ਰਹੇਗੀ ਖੱਟਰ ਸਰਕਾਰ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਡਿਗਿਆ

ਚੰਡੀਗੜ੍ਹ / ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਬੁੱਧਵਾਰ ਨੂੰ ਕਾਂਗਰਸ ਵਲੋਂ ਸੂਬਾ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਬੇਭਰੋਸਗੀ ਮਤਾ ਡਿੱਗ ਗਿਆ ।

ਵਿਧਾਨ ਸਭਾ ‘ਚ ਕਰੀਬ 5 ਘੰਟਿਆਂ ਤੱਕ ਬੇਭਰੋਸਗੀ ਮਤੇ ‘ਤੇ ਹੋਈ ਚਰਚਾ ਦੇ ਬਾਅਦ ਸਪੀਕਰ ਨੇ ਮਤੇ ‘ਤੇ ਵਿਧਾਇਕਾਂ ਨੂੰ ਵਾਰੀ-ਵਾਰੀ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਵੋਟ ਦੇਣ ਨੂੰ ਕਿਹਾ ਤਾਂ ਮਤੇ ਦੇ ਸਮਰਥਨ ‘ਚ 32 ਵਿਧਾਇਕਾਂ ਨੇ ਅਤੇ ਮਤੇ ਦੇ ਖ਼ਿਲਾਫ਼ 55 ਵਿਧਾਇਕਾਂ ਨੇ ਵੋਟ ਪਾਈ । ਪਾਈਆਂ ਗਈਆਂ ਵੋਟਾਂ ਦੀ ਦੋ ਅਧਿਕਾਰੀਆਂ ਵਲੋਂ ਗਿਣਤੀ ਕਰਵਾਏ ਜਾਣ ਦੇ ਬਾਅਦ ਸਪੀਕਰ ਗਿਆਨ ਚੰਦ ਗੁਪਤਾ ਨੇ ਸਦਨ ਨੂੰ ਸੂਚਿਤ ਕੀਤਾ ਕਿ ਬੇਭਰੋਸਗੀ ਮਤਾ 32 ਵੋਟਾਂ ਦੇ ਮੁਕਾਬਲੇ 55 ਵੋਟਾਂ ਨਾਲ ਡਿੱਗ ਗਿਆ । ਸਪੀਕਰ ਗਿਆਨ ਚੰਦ ਗੁਪਤਾ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ । ਕਾਂਗਰਸ ਦੇ 30 ਵਿਧਾਇਕਾਂ ਤੋਂ ਇਲਾਵਾ ਮੇਹਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਅਤੇ ਦਾਦਰੀ ਦੇ ਵਿਧਾਇਕ ਸੋਮਵੀਰ ਸਾਂਗਵਾਨ ਨੇ ਬੇਭਰੋਸਗੀ ਮਤੇ ਦੇ ਪੱਖ ‘ਚ ਮਤਦਾਨ ਕੀਤਾ । ਜਦਕਿ ਸਪੀਕਰ ਨੂੰ ਛੱਡ ਕੇ ਭਾਜਪਾ ਦੇ ਬਾਕੀ 39 ਵਿਧਾਇਕਾਂ, ਦੁਸ਼ਿਅੰਤ ਚੌਟਾਲਾ ਸਮੇਤ ਜਜਪਾ ਦੇ ਸਾਰੇ 10 ਵਿਧਾਇਕਾਂ, 5 ਆਜ਼ਾਦ ਵਿਧਾਇਕਾਂ ਦੇ ਇਲਾਵਾ ਸਿਰਸਾ ਤੋਂ ਹਲੋਪਾ ਵਿਧਾਇਕ ਗੋਪਾਲ ਕਾਂਡਾ ਨੇ ਬੇਭਰੋਸਗੀ ਮਤੇ ਖ਼ਿਲਾਫ਼ ਮਤਦਾਨ ਕੀਤਾ ।

ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵਿਧਾਨ ਸਭਾ ‘ਚ ਸਰਕਾਰ ਦੇ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਅਤੇ ਸਰਕਾਰ ‘ਤੇ ਤਿੱਖੇ ਹਮਲੇ ਕੀਤੇ । ਕਾਂਗਰਸ ਵਲੋਂ ਸ੍ਰੀਮਤੀ ਕਿਰਨ ਚੌਧਰੀ, ਸ੍ਰੀਮਤੀ ਗੀਤਾ ਭੁੱਕਲ, ਡਾ. ਰਘੁਬੀਰ ਸਿੰਘ ਕਾਦੀਆਨ, ਬੀਬੀ ਬਤਰਾ, ਜਗਬੀਰ ਸਿੰਘ ਮਲਿਕ, ਸ਼ੰਕੁਤਲਾ ਖਟਕ, ਸ਼ੀਸ਼ਪਾਲ ਕੇਹਰਵਾਲਾ ਸਮੇਤ ਅਨੇਕ ਵਿਧਾਇਕਾਂ ਨੇ ਬੇਭਰੋਸਗੀ ਮਤੇ ਦਾ ਸਮਰਥਨ ਕਰਦਿਆਂ ਹੋਇਆਂ ਸਰਕਾਰ ‘ਤੇ ਨਿਸ਼ਾਨਾ ਸਾਧਿਆ । ਸੋਮਵੀਰ ਸਾਂਗਵਾਨ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਚੌਥਾ ਕਾਨੂੰਨ ਲਿਆਉਣ ਦੀ ਮੰਗ ਕੀਤੀ । ਆਜ਼ਾਦ ਵਿਧਾਇਕ ਬਲਰਾਜ ਕੁੰਡੂ ਨੇ ਕਿਹਾ ਕਿ ਕਿਸਾਨਾਂ ਦੇ ਨਾਂਅ ‘ਤੇ ਰਾਜਨੀਤੀ ਬੰਦ ਕੀਤੀ ਜਾਣੀ ਚਾਹੀਦੀ ਹੈ ਅਤੇ ਸੰਵਾਦ ਜ਼ਰੀਏ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਹੋਣਾ ਚਾਹੀਦਾ ਹੈ । ਬੇਭਰੋਸਗੀ ਮਤੇ ਦੇ ਖ਼ਿਲਾਫ਼ ਬੋਲਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸਿੱਖਿਆ ਮੰਤਰੀ ਕੰਵਰਪਾਲ, ਖੇਤੀ ਮੰਤਰੀ ਜੇ.ਪੀ. ਦਲਾਲ, ਆਵਾਜਾਈ ਮੰਤਰੀ ਮੂਲਚੰਦ ਸ਼ਰਮਾ, ਡਾ. ਅਭੈ ਸਿੰਘ ਯਾਦਵ, ਅਸੀਮ ਗੋਇਲ, ਹਰਵਿੰਦਰ ਕਲਿਆਣ, ਡਾ. ਕਮਲ ਗੁਪਤਾ ਸਮੇਤ ਕਈ ਭਾਜਪਾ ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਨਾਂਅ ‘ਤੇ ਆਪਣੀ ਰਾਜਨੀਤੀ ਕਰ ਰਹੀ ਹੈ ਅਤੇ ਸੱਤਾ ਤੋਂ ਬਾਹਰ ਹੋਣਾ ਕਾਂਗਰਸ ਨੇਤਾਵਾਂ ਨੂੰ ਹਜਮ ਨਹੀਂ ਹੋ ਰਿਹਾ ।

ਜਜਪਾ ਵਲੋਂ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਰਾਜ ਮੰਤਰੀ ਅਨੂਪ ਧਾਨਕ, ਈਸ਼ਵਰ ਸਿੰਘ, ਅਮਰਜੀਤ ਸਿੰਘ ਢਾਂਡਾ ਨੇ ਵੀ ਕਾਂਗਰਸ ‘ਤੇ ਤਿੱਖੇ ਹਮਲੇ ਕਰਦਿਆਂ ਮਤੇ ਦਾ ਖੁੱਲ੍ਹਾ ਵਿਰੋਧ ਕੀਤਾ । ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਬਣੇ ਅਤੇ ਸਰਕਾਰ ਤੋਂ ਕਥਿਤ ਤੌਰ ‘ਤੇ ਨਰਾਜ਼ ਚੱਲ ਰਹੇ ਜਜਪਾ ਵਿਧਾਇਕ ਦੇਵੇਂਦਰ ਬਬਲੀ, ਨਾਰਨੌਂਦ ਦੇ ਵਿਧਾਇਕ ਰਾਮਕੁਮਾਰ ਗੌਤਮ ਅੱਜ ਵੀ ਇਸ ਗੱਲ ਤੋਂ ਨਰਾਜ਼ ਨਜ਼ਰ ਆਏ ਕਿ ਉਨ੍ਹਾਂ ਨੂੰ ਸਦਨ ‘ਚ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ । ਇਸ ਮੌਕੇ ਉਹ ਇਹ ਕਹਿੰਦਿਆਂ ਹੋਇਆਂ ਸਦਨ ਤੋਂ ਬਾਹਰ ਜਾਂਦੇ ਹੋਏ ਸੁਣਾਈ ਦਿੱਤੇ ਕਿ ਉਹ ਅਸਤੀਫ਼ਾ ਦੇ ਦੇਣਗੇ ਪਰ ਜਦ ਮਤੇ ‘ਤੇ ਵੋਟਿੰਗ ਦਾ ਮੌਕਾ ਆਇਆ ਤਾਂ ਉਹ ਚੁੱਪਚਾਪ ਸਰਕਾਰ ਦੇ ਨਾਲ ਅਤੇ ਬੇਭਰੋਸਗੀ ਮਤੇ ਦੇ ਖ਼ਿਲਾਫ਼ ਖੜ੍ਹੇ ਨਜ਼ਰ ਆਏ । ਜਿਸ ਦੇ ਚਲਦਿਆਂ ਭਾਜਪਾ-ਜਜਪਾ ਦੇ ਸਾਰੇ ਵਿਧਾਇਕਾਂ, 5 ਆਜ਼ਾਦ ਅਤੇ ਸਿਰਸਾ ਤੋਂ ਹਲੋਪਾ ਵਿਧਾਇਕ ਗੋਪਾਲ ਕਾਂਡਾ ਦੇ ਵੋਟ ਸਰਕਾਰ ਦੇ ਪੱਖ ‘ਚ ਭੁਗਤੇ । ਦੱਸਣਯੋਗ ਹੈ ਕਿ ਮੌਜੂਦਾ ਸਮੇਂ 90 ਮੈਂਬਰੀ ਵਿਧਾਨ ਸਭਾ ‘ਚ ਕੁੱਲ 88 ਵਿਧਾਇਕ ਹਨ । ਭਾਜਪਾ-ਜਜਪਾ ਗਠਜੋੜ ਸਰਕਾਰ ਨੂੰ ਭਾਜਪਾ ਦੇ 40, ਜਜਪਾ ਦੇ 10 ਅਤੇ 5 ਆਜ਼ਾਦ ਵਿਧਾਇਕਾਂ ਸਮੇਤ 55 ਵਿਧਾਇਕਾਂ ਦਾ ਸਮਰਥਨ ਹਾਸਲ ਰਿਹਾ ਹੈ । ਪਿਛਲੇ ਕਈ ਦਿਨਾਂ ਤੋਂ ਵਿਧਾਨ ਸਭਾ ਨਹੀਂ ਆ ਰਹੇ ਗੋਪਾਲ ਕਾਂਡਾ ਨੇ ਨਾ ਅੱਜ ਸਰਕਾਰ ਦੇ ਪੱਖ ‘ਚ ਵੋਟ ਦਿੱਤੀ ਬਲਕਿ ਉਨ੍ਹਾਂ ਚਰਚਾ ਦੌਰਾਨ ਸਰਕਾਰ ਨੂੰ ਖੁੱਲ੍ਹ ਕੇ ਸਮਰਥਨ ਦੇਣ ਦੀ ਗੱਲ ਆਖੀ ਅਤੇ ਇਨੈਲੋ ਤੇ ਕਾਂਗਰਸ ‘ਤੇ ਗੰਭੀਰ ਦੋਸ਼ ਵੀ ਲਗਾਏ । ਇਸ ਤੋਂ ਪਹਿਲਾਂ ਅੱਜ ਕਾਂਗਰਸ, ਭਾਜਪਾ ਤੇ ਜਜਪਾ ਨੇ ਆਪਣੇ-ਆਪਣੇ ਵਿਧਾਇਕਾਂ ਦੇ ਲਈ ਵਿਪ੍ਹ ਜਾਰੀ ਕਰਦਿਆਂ ਉਨ੍ਹਾਂ ਨੂੰ ਸਦਨ ‘ਚ ਹਾਜ਼ਰ ਰਹਿਣ ਲਈ ਕਿਹਾ ਸੀ ।

Leave a Reply

Your email address will not be published.