ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਦੀ ਕਲਾ ਨਾਲ ਜੁੜ ਕੇ ਅਸੀਂ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਲੈਂਦੇ ਹਾਂ।
ਅਜਿਹਾ ਹੀ ਫ਼ਨਕਾਰ ਸੀ ਸੁਰਾਂ ਦਾ ਸਿਕੰਦਰ ਸਰਦੂਲ ਸਿਕੰਦਰ। 24 ਫਰਵਰੀ, 2021 ਨੂੰ ਸੱਚਮੁੱਚ ਉਹ ਸੁਰਾਂ ਦਾ ਦਰਿਆ ਵਹਿ ਗਿਆ। ਅਮਰ ਨੂਰੀ ਦੇ ਜੀਵਨ ਸਾਥੀ ਨੂੰ ਗਿਆਂ ਭਾਵੇਂ ਪੂਰਾ ਇਕ ਵਰ੍ਹਾ ਹੋ ਗਿਆ ਹੈ ਪਰ ਉਸ ਦੇ ਗਾਏ ਗੀਤ ਅਮਰ ਰਹਿਣਗੇ। ਉਸ ਦੀ ਖੱਟੀ ਸ਼ੋਹਰਤ ਇਹੀ ਹੈ ਕਿ ਉਸ ਦੇ ਤੁਰ ਜਾਣ ਮਗਰੋਂ ਅੱਜ ਹਰ ਗਵੱਈਆ ਉਸ ਦਾ ਗੀਤ ਗਾ ਕੇ ਉਸ ਨੂੰ ਸ਼ਰਧਾਂਜਲੀ ਦਿੰਦਾ ਹੈ।
ਪਰਿਵਾਰ ਦਾ ਸੰਗੀਤ ਨਾਲ ਪਿਆਰ
ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ, 1961 ਨੂੰ ਪਿੰਡ ਖੇੜੀ ਨੌਧ ਸਿੰਘ (ਸ੍ਰੀ ਫ਼ਤਿਹਗੜ੍ਹ ਸਾਹਿਬ) ਵਿਖੇ ਹੋਇਆ। ਉਸ ਦੇ ਪਿਤਾ ਸਾਗਰ ਮਸਤਾਨਾ ਪ੍ਰਸਿੱਧ ਤਬਲਾ ਵਾਦਕ ਸਨ ਤੇ ਵੱਡੇ ਭਰਾ ਗਮਦੂਰ ਨੂੰ ਵੀ ਸੁਰ-ਤਾਲ ਦੀ ਚੰਗੀ ਸਮਝ ਸੀ। ਤਬਲਾ ਵਾਦਕ ਸਾਗਰ ਮਸਤਾਨਾ ਦੇ ਘਰ ਮਾਤਾ ਲੀਲਾਵਤੀ ਦੀ ਕੱਖੋਂ ਜਨਮਿਆ ਸਰਦੂਲ ਦੋ ਭਰਾਵਾਂ ਤੇ ਤਿੰਨ ਭੈਣਾਂ ’ਚੋਂ ਸਭ ਤੋਂ ਛੋਟਾ ਸੀ। ਸੰਗੀਤ ਦੀ ਗੁੜ੍ਹਤੀ ਤਾਂ ਉਸ ਨੂੰ ਪਰਿਵਾਰ ’ਚੋਂ ਹੀ ਮਿਲੀ। 1993 ’ਚ ਅਮਰ ਨੂਰੀ ਨਾਲ ਵਿਆਹ ਕਰਵਾਇਆ। ਫਿਰ ਉਨ੍ਹਾਂ ਦੇ ਘਰ ਦੋ ਪੁੱਤਰਾਂ ਅਲਾਪ ਤੇ ਸਾਰੰਗ ਨੇ ਜਨਮ ਲਿਆ। ਉਨ੍ਹਾਂ ਨੂੰ ਵੀ ਸੰਗੀਤ ਨਾਲ ਅਥਾਹ ਪਿਆਰ ਹੈ ਤੇ ਹੁਣ ਉਹ ਵਿਰਾਸਤ ’ਚੋਂ ਮਿਲੀ ਗਾਇਕੀ ਨੂੰ ਅਗਾਂਹ ਤੋਰ ਰਹੇ ਹਨ।
ਸਰਦੂਲ ਸਿਕੰਦਰ ਨੇ ਹਰ ਵੰਨਗੀ ਦੇ ਗੀਤ ਗਾਏ ਪਰ ਉਦਾਸ ਗੀਤਾਂ ਨੂੰ ਜ਼ਿਆਦਾ ਖੱੁਭ ਕੇ ਗਾਇਆ। ਉਸ ਦੇ ਗਾਣੇ ਦੀ ਪੇਸ਼ਕਾਰੀ ’ਚ ਏਨੀ ਸ਼ਿੱਦਤ ਹੁੰਦੀ ਕਿ ਮੰੂਹੋਂ ਖ਼ੁਦ ਨਿਕਲਦਾ ਕਮਾਲ-ਬਾਕਮਾਲ। ਉਸ ਦਾ ਗਾਇਆ ਗੀਤ ‘ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ’ ਸੁਣੀਦਾ ਹੈ ਤਾਂ ਲੱਗਦਾ ਵਾਕਿਆ ਹੀ ਅਜੇ ਉਸ ਕੋਲੋਂ ਇਹ ਉਮੀਦ ਨਹੀਂ ਸੀ। ਅਜੇ ਸੰਗੀਤ ਤੇ ਪਰਿਵਾਰ ਨੂੰ ਉਸ ਦੀ ਬਹੁਤ ਲੋੜ ਸੀ। ਹਾਲੇ ਹੋਰ ਗਾਉਣ ਦਾ ਵੇਲਾ ਸੀ। ਜਦੋਂ ਉਸ ਦਾ ਗੀਤ ‘ਪੱਤਝੜਾਂ ’ਚ ਪੱਤਿਆਂ ਦਾ ਹਾਲ ਪੱਛਦੀ ਏ ਨੀਂ ਤੰ ਜਾਣ-ਜਾਣ ਕੇ’ ਕੋਈ ਸੁਣਦਾ ਹੈ ਤਾਂ ਆਪਣੀ ਪੀੜ ਦੇ ਨਾਲ-ਨਾਲ ਉਸ ਦੀ ਪੀੜ ਦਾ ਅਹਿਸਾਸ ਵੀ ਜ਼ਰੂਰ ਹੁੰਦਾ ਹੈ।
ਪਰਦੇਸੀਆਂ ਬਾਰੇ ਉਸ ਦਾ ਗੀਤ ‘ਲੋਕਾਂ ਦੇ ਪੁੱਤ ਨਿੱਤ ਵਤਨਾਂ ਨੂੰ ਆਉਂਦੇ ਤੇਰਾ ਆਉਂਦਾ ਨਹੀਂ ਚੰਦਰਾ ਜਹਾਜ਼’ ਅੱਜ ਵੀ ਦਿਲਾਂ ’ਚ ਦਰਦ ਨੂੰ ਜਗਾ ਦਿੰਦਾ ਹੈ। ਹਰ ਵਿਆਹ ਵਾਲੀ ਫਿਲਮ ’ਚ ਡੋਲੀ ਵੇਲੇ ਚੱਲਦਾ ਗੀਤ ‘ਜਦੋਂ ਹੋ ਗਈ ਮੇਰੀ ਡੋਲੀ ਮਾਏਂ ਅੱਖੀਆਂ ਤੋਂ ਓਹਲੇ ਪਿੱਛੋਂ ਵੇਖ-ਵੇਖ ਰੋਵੀਂ ਮੇਰੇ ਗੱੁਡੀਆਂ ਪਟੋਲੇ’ ਸੁਣ ਕੇ ਹਰ ਅੱਖ ’ਚ ਬਿਨਾਂ ਰੋਕਿਆਂ ਹੰਝੂ ਆ ਜਾਂਦੇ ਹਨ। ਦੂਜੇ ਪਾਸੇ ਜਦੋਂ ਉਹ ‘ਇਕ ਚਰਖਾ ਗਲੀ ਦੇ ਵਿਚ ਡਾਹ ਲਿਆ’ ਗੀਤ ਗਾਉਂਦਾ ਤਾਂ ਦਿਲ ਨੱਚਣ ਨੂੰ ਆਪ-ਮੁਹਾਰੇ ਕਰਦਾ।