ਸੰਸਦ ‘ਚ ਲਗਾਤਾਰ ਦੂਜੇ ਦਿਨ ਵੀ ਜਾਸੂਸੀ ਕਾਂਡ ‘ਤੇ ਹੰਗਾਮਾ

Home » Blog » ਸੰਸਦ ‘ਚ ਲਗਾਤਾਰ ਦੂਜੇ ਦਿਨ ਵੀ ਜਾਸੂਸੀ ਕਾਂਡ ‘ਤੇ ਹੰਗਾਮਾ
ਸੰਸਦ ‘ਚ ਲਗਾਤਾਰ ਦੂਜੇ ਦਿਨ ਵੀ ਜਾਸੂਸੀ ਕਾਂਡ ‘ਤੇ ਹੰਗਾਮਾ

ਨਵੀਂ ਦਿੱਲੀ / ਸੰਸਦ ਦੇ ਮੌਨਸੂਨ ਇਜਲਾਸ ਦੇ ਦੂਜੇ ਦਿਨ ਵੀ ਜਾਸੂਸੀ ਕਾਂਡ ਅਤੇ ਕਿਸਾਨ ਅੰਦੋਲਨ ਦੇ ਮੁੱਦੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ, ਜਿੱਥੇ ਲੋਕ ਸਭਾ 2 ਵਾਰ ਸੰਖੇਪ ਰੂਪ ‘ਚ ਜੁੜਨ ਤੋਂ ਬਾਅਦ ਵੀਰਵਾਰ ਸਵੇਰ ਤੱਕ ਮੁਅੱਤਲ ਕਰ ਦਿੱਤੀ ਗਈ, ਉੱਥੇ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਹੰਗਾਮਿਆਂ ਕਾਰਨ ਵਾਰ-ਵਾਰ ਮੁਲਤਵੀ ਹੁੰਦੀ ਰਹੀ, ਹਾਲਾਂਕਿ ਉਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਕੋਰੋਨਾ ਸੰਕਟ ਦੀ ਗੰਭੀਰਤਾ ਨੂੰ ਵੇਖਦਿਆਂ ਉਸ ‘ਤੇ ਸਦਨ ‘ਚ ਸੰਖੇਪ ਚਰਚਾ ਲਈ ਆਪਣੀ ਰਜ਼ਾਮੰਦੀ ਦੇ ਦਿੱਤੀ |

ਦੇਸ਼ ‘ਚ ਕੋਵਿਡ-19 ਮਹਾਂਮਾਰੀ ਦਾ ਪ੍ਰਬੰਧਨ, ਟੀਕਾਕਰਨ ਦੇ ਅਮਲੀਕਰਨ ਅਤੇ ਸੰਭਾਵਿਤ ਤੀਜੀ ਲਹਿਰ ਨੂੰ ਵੇਖਦਿਆਂ ਨੀਤੀ ਅਤੇ ਚੁਣੌਤੀਆਂ, ਨਾਂਅ ਦੇ ਸਿਰਲੇਖ ਹੇਠ ਹੋਈ ਇਸ 4 ਘੰਟੇ ਦੀ ਚਰਚਾ ‘ਚ ਜਿੱਥੇ ਸਰਕਾਰ ਆਪਣੇ ਲਏ ਹਰ ਕਦਮ ਇੱਥੋਂ ਤੱਕ ਕਿ ਤਾਲੀ-ਥਾਲੀ ਵਜਾਉਣ ਨੂੰ ਵੀ ਆਪ ਹੀ ਪਲੋਸਦੀ ਰਹੀ, ਉੱਥੇ ਵਿਰੋਧੀ ਧਿਰਾਂ ਨੇ ਸਰਕਾਰ ‘ਤੇ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ‘ਤੇ ਬਦਇੰਤਜ਼ਾਮੀ ਅਤੇ ਸਹੀ ਅੰਕੜੇ ਛੁਪਾਉਣ ਦਾ ਦੋਸ਼ ਲਗਾਇਆ | ਇਸੇ ਦੌਰਾਨ ਕੋਰੋਨਾ ਦੇ ਹੀ ਮੁੱਦੇ ‘ਤੇ ਸਰਕਾਰ ਵਲੋਂ ਸ਼ਾਮੀਂ 6 ਵਜੇ ਕੀਤੀ ਸਰਬਪਾਰਟੀ ਮੀਟਿੰਗ ‘ਚ ਸ਼ਿਰਕਤ ਕਰਨ ਦੇ ਮਾਮਲੇ ‘ਚ ਵਿਰੋਧੀ ਧਿਰ ਦੀ ਇਕਜੁੱਟਤਾ ‘ਚ ਉਸ ਸਮੇਂ ਤਰੇੜਾਂ ਪਈਆਂ ਨਜ਼ਰ ਆਈਆਂ ਜਦੋਂ ਟੀ.ਐੱਮ.ਸੀ. ਨੇ ਮੀਟਿੰਗ ‘ਚ ਸ਼ਿਰਕਤ ਕਰਨ ‘ਚ ਹਾਮੀ ਭਰ ਦਿੱਤੀ ਜਦਕਿ ਪੰਜਾਬ ਦੀਆਂ ਤਿੰਨੋਂ ਮੁੱਖ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂਂ-ਸੀ. ਪੀ. ਆਈ., ਸੀ.ਪੀ.ਆਈ (ਐੱਮ) ਨੇ ਮੀਟਿੰਗ ਦਾ ਬਾਈਕਾਟ ਕੀਤਾ ਸੀ |

‘ਆਪ’ ਨੇਤਾ ਭਗਵੰਤ ਮਾਨ ਨੇ ਪਾਰਟੀ ਵਲੋਂ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਦਨ ਦੇ ਅੰਦਰ ਬਿਆਨ ਦੇਣਾ ਚਾਹੀਦਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪਾਰਟੀ ਵਲੋਂ ਦਿੱਤੇ ਕੰਮ ਰੋਕੂ ਮਤੇ ਨੂੰ ਖਾਰਜ ਕਰਨ ਲਈ ਜ਼ਿਆਦਾ ਬਹੁਮਤ ਦੀ ਵਰਤੋਂ ਕਰਨ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਨੇ ਕੋਵਿਡ ਦੀ ਮੀਟਿੰਗ ਦਾ ਬਾਈਕਾਟ ਕੀਤਾ ਹੈ | ਇਜਲਾਸ ਦੇ ਦੂਜੇ ਦਿਨ ਵੀ ਪੈਗਾਸਸ ਜਾਸੂਸੀ ਕਾਂਡ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ | ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ-ਬਾਹਰ ਇਸ ਮੱਦੇ ‘ਤੇ ਜੰਮ ਕੇ ਹੰਗਾਮਾ ਕੀਤਾ |

ਕਾਂਗਰਸ ਅਤੇ ਸ਼ਿਵ ਸੈਨਾ ਨੇ ਇਸ ਮਾਮਲੇ ‘ਚ ਸਾਂਝੀ ਪਾਰਲੀਮੈਂਟਰੀ ਕਮੇਟੀ ਦੇ ਗਠਨ ਅਤੇ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਪੜਤਾਲ ਦੀ ਮੰਗ ਕੀਤੀ | ਵਿਰੋਧੀ ਧਿਰਾਂ ਨੇ ਪੈਗਾਸਸ ਦੀ ਚਰਚਾ ਦੀ ਮੰਗ ਕਰਦਿਆਂ 13 ਤੱਕ ਸੰਸਦ ਨਹੀਂ ਦਾ ਨਾਅਰਾ ਵੀ ਦਿੱਤਾ | ਜਾਸੂਸੀ ਕਾਂਡ ‘ਤੇ ਮਚੇ ਹੰਗਾਮੇ ‘ਤੇ ਚਾਰ ਵਿਰੋਧੀ ਪਾਰਟੀਆਂ-ਕਾਂਗਰਸ, ਤਿ੍ਣਮੂਲ ਕਾਂਗਰਸ, ‘ਆਪ’ ਅਤੇ ਸੀ.ਪੀ.ਆਈ. (ਐੱਮ) ਨੇ ਰਾਜ ਸਭਾ ‘ਚ ਨੇਮ 267 ਤਹਿਤ ਪੇਗਾਸਸ ਵਿਵਾਦ ਦੇ ਚਰਚਾ ਲਈ ਨੋਟਿਸ ਵੀ ਦਿੱਤੇ ਜਿਸ ਨੂੰ ਚੇਅਰਮੈਨ ਵੈਂਕਈਆ ਨਾਇਡੂ ਨੇ ਖਾਰਜ ਕਰ ਦਿੱਤਾ |

ਨਹੀਂ ਚੱਲੀ ਲੋਕ ਸਭਾ ਲੋਕ ਸਭਾ ‘ਚ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਦੇ ਆਗੂ ਨਿਆਂ ਦੀ ਮੰਗ ਦੇ ਨਾਅਰੇ ਲਾਉਂਦੇ ਸਭਾ ਦੇ ਵਿਚਕਾਰ ਆ ਗਏ | ਸਪੀਕਰ ਓਪ ਬਿਰਲਾ ਨੇ 4 ਮਿੰਟਾਂ ਦੇ ਅੰਦਰ ਹੀ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਅੱਤਲ ਕਰ ਦਿੱਤੀ | ਦੁਪਹਿਰ 2 ਵਜੇ ਸਭਾ ਮੁੜ ਜੁੜਨ ‘ਤੇ ਵੀ ਜਾਸੂਸੀ ਕਾਂਡ ਦੇ ਵਿਰੋਧ ‘ਚ ਨਾਅਰੇ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਦੀ ਕਾਰਵਾਈ ਵੀਰਵਾਰ ਤੱਕ ਲਈ ਉਠਾ ਦਿੱਤੀ ਗਈ | ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬਕਰੀਦ ਕਾਰਨ ਸੰਸਦ ਦੀਆਂ ਦੋਵੇਂ ਸਭਾਵਾਂ ਨਹੀਂ ਚੱਲਣਗੀਆਂ |

ਟੀ.ਐੱਮ.ਸੀ. ਨੇ ਕੀਤਾ ਪ੍ਰਦਰਸ਼ਨ ਸੰਸਦ ਦੇ ਬਾਹਰ ਵੀ ਟੀ.ਐੱਮ.ਸੀ. ਸਾਂਸਦਾਂ ਨੇ ਗਾਂਧੀ ਦੇ ਬੱਤ ਅੱਗੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਜਦੋਂ ਤੱਕ ਪੈਗਾਸਸ ‘ਤੇ ਖੁੱਲ੍ਹੀ ਚਰਚਾ ਨਹੀਂ ਕੀਤੀ ਜਾਂਦੀ ਤਦ ਤੱਕ ਟੀ.ਐੱਮ.ਸੀ. ਲੋਕ ਸਭਾ ਅਤੇ ਰਾਜ ਸਭਾ ਨਹੀਂ ਚੱਲਣ ਦੇਵੇਗੀ | ਟੀ.ਐੱਮ.ਸੀ. ਸਾਂਸਦ ਡੇਰੇਕ ਓ ਬਰਾਇਨ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਆਗੂਆਂ ਨੇ ਪੈਗਾਸਸ ਰਾਹੀਂ ਪੱਤਰਕਾਰਾਂ, ਵਿਰੋਧੀ ਆਗੂਆਂ ਅਤੇ ਪਾਰਟੀ ਮਹਾਂਸਕੱਤਰ ਅਭਿਸ਼ੇਕ ਬੈਨਰਜੀ ਦੇ ਫ਼ੋਨ ਹੈਕ ਕਰਨ ਦੇ ਮੁੱਦੇ ‘ਤੇ ਪ੍ਰਦਰਸ਼ਨ ਕੀਤਾ |

ਕੋਰੋਨਾ ਸੰਕਟ ‘ਤੇ ਨਾ ਕੀਤੀ ਜਾਵੇ ਸਿਆਸਤ-ਕੇਂਦਰ ਕੇਂਦਰ ਸਰਕਾਰ ਨੇ ਰਾਜ ਸਭਾ ‘ਚ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਬਾਰੇ ਮਜ਼ਬੂਤ ਪੱਖ ਪੂਰਦਿਆਂ ਕਿਹਾ ਕਿ ਰੁਕਾਵਟਾਂ ਦੇ ਬਾਵਜੂਦ ਦੇਸ਼ ਦੇ ਕੋਰੋਨਾ ਸੰਕਟ ਨਾ ਸਿਰਫ਼ ਦੇਸ਼ ਦੇ ਅੰਦਰ ਹੀ ਨਜਿੱਠਿਆ ਸਗੋਂ ਬਾਕੀ ਵਿਸ਼ਵ ਦੀ ਵੀ ਮਦਦ ਕੀਤੀ | ਸਿਹਤ ਮੰਤਰੀ ਮਨਸੁਖ ਮਾਡਵੀਆਂ ਨੇ ਰਾਜ ਸਭਾ ‘ਚ ਕੋਰੋਨਾ ਦੇ ਮੁੱਦੇ ‘ਤੇ ਹੋਈ ਸੰਖੇਪ ਚਰਚਾ ‘ਚ ਕਿਹਾ ਕਿ ਕੇਂਦਰ ਨੇ ਸਾਰੇ ਭਾਰਤੀਆਂ ਲਈ ਕੰਮ ਕੀਤਾ ਹੈ ਅਤੇ ਇਸ ‘ਚ ਕੋਈ ਸਿਆਸਤ ਨਹੀਂ ਕੀਤੀ ਗਈ | ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਸ ਸਮੇਂ ਅਸੀਂ (ਕੇਂਦਰ ਨੇ) ਇਹ ਕਦੇ ਨਹੀਂ ਕਿਹਾ ਕਿ ਕੋਈ ਰਾਜ ਨਾਕਾਮ ਹੋਇਆ ਹੈ ਜਾਂ ਕਿਸੇ ਰਾਜ ਨੇ ਸਹੀ ਕੰਮ ਨਹੀਂ ਕੀਤਾ |

ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸਿਆਸਤ ਨਹੀਂ ਕਰਨੀ ਚਾਹੀਦੀ ਪਰ ਕਈ ਰਾਜਾਂ ਕੋਲ 10-15 ਲੱਖ ਵੈਕਸੀਨ ਦੀਆਂ ਖੁਰਾਕਾਂ ਹਨ | ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਨਾ ਸਿਰਫ਼ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਸਰਕਾਰ ਦੀ ਪਿੱਠ ਪਲੋਸੀ ਸਗੋਂ ਇਹ ਵੀ ਕਿਹਾ ਕਿ ਮੌਤਾਂ ਲਈ ਸਿਰਫ਼ ਇਕ ਵਿਅਕਤੀ ਨੂੰ ਜ਼ਿੰਮਵਾਰ ਠਹਿਰਾਉਣਾ ਉਚਿਤ ਨਹੀਂ ਹੈ | ਰਾਜ ਸਭਾ ‘ਚ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਸਵੀਕਾਰ ਕਰਦੇ ਹਾਂ ਕਿ ਕੋਰੋਨਾ ਕਾਰਨ ਮੌਤਾਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਹੋਈਆਂ ਮੌਤਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ ਇਨ੍ਹਾਂ ਨੂੰ ਲੁਕਾਉਣ ਦਾ ਕੋਈ ਕਾਰਨ ਨਹੀਂ ਹੈ ਪਰ ਨਾਲ ਹੀ ਕਿਹਾ ਕਿ ਸਿਰਫ਼ ਇਕ ਵਿਅਕਤੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਣਾ ਨਹੀਂ ਚਾਹੀਦਾ | ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰਾਂ ਨੂੰ ਮੌਤਾਂ ਦੀ ਸਹੀ ਜਾਣਕਾਰੀ ਦੇਣੀ ਹੁੰਦੀ ਹੈ |

ਤਾਲੀ-ਥਾਲੀ ਦਾ ਵੀ ਕੀਤਾ ਬਚਾਅ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਰਕਾਰ ਵਲੋਂ ਕੋਰੋਨਾ ਦੀ ਪਹਿਲੀ ਲਹਿਰ ‘ਚ ਤਾਲੀ ਅਤੇ ਥਾਲੀ ਵਜਾਉਣ, ਜਿਸ ਦੀ ਵਿਰੋਧੀ ਧਿਰਾਂ ਵਲੋਂ ਜੰਮ ਕੇ ਨਿਖੇਧੀ ਕੀਤੀ ਗਈ, ਦੇ ਫ਼ੈਸਲੇ ਦਾ ਵੀ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨੇ ਕੋਰੋਨਾ ਜੂਝਾਰੂਆਂ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਮੁਲਾਜ਼ਮਾਂ ਦੇ ਸਨਮਾਨ ਲਈ ਇਹ ਕਦਮ ਚੁੱਕੇ | ਉਨ੍ਹਾਂ ਇਸੇ ਕਵਾਇਦ ‘ਚ ਆਪਣੀ ਬੇਟੀ ਦੇ ਕੋਵਿਡ ਵਾਰਡ ‘ਚ ਇਕ ਡਾਕਟਰ ਵਜੋਂ ਕੰਮ ਕਰਨ ਦੀ ਵੀ ਮਿਸਾਲ ਦਿੱਤੀ | ਸਿਹਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ 1537 ਆਕਸੀਜਨ ਪਲਾਂਟ ਲਾਉਣ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ‘ਚੋਂ 316 ਪਲਾਂਟਾਂ ਕਮਿਸ਼ਨ ਹੋ ਚੁੱਕੇ ਹਨ ਅਤੇ ਅਗਸਤ ਦੇ ਆਖਰ ਤੱਕ ਸਾਰੇ ਆਕਸੀਜਨ ਪਲਾਂਟ ਲਾ ਦਿੱਤਾ ਜਾਣਗੇ |

ਕੋਵਿਡ ਨਾਲ ਨਜਿੱਠਣ ‘ਚ ਪ੍ਰਧਾਨ ਮੰਤਰੀ ਰਹੇ ਨਾਕਾਮ-ਕਾਂਗਰਸ ਕਾਂਗਰਸ ਨੇ ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕੋਰੋਨਾ ਨਾਲ ਨਜਿੱਠਣ ‘ਚ ਨਾਕਾਮੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਕੋਰੋਨਾ ਦਾ ਪ੍ਰਬੰਧਨ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਇਸ ਲਈ ਸਿਹਤ ਮੰਤਰੀ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ | ਖੜਗੇ ਨੇ ਸਰਕਾਰ ਤੇ ਝੂਠੇ ਅੰਕੜੇ ਜਾਰੀ ਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਦਾਅਵਾ ਕਰਦੀ ਹੈ ਕਿ ਕੋਵਿਡ-19 ਨਾਲ ਤਕਰੀਬਨ 4 ਲੱਖ ਲੋਕਾਂ ਦੀ ਜਾਨ ਗਈ ਹੈ | ਉਨ੍ਹਾਂ ਕਿਹਾ ਕਿ ਦੇਸ਼ ‘ਚ 6, 35, 565 ਪਿੰਡ ਹਨ |

ਜੇਕਰ ਇਕ ਪਿੰਡ ‘ਚ 5-5 ਲੋਕਾਂ ਦੀ ਵੀ ਜਾਨ ਗਈ ਹੋਵੇ ਤਾਂ ਕੋਵਿਡ ਦਾ ਅੰਕੜਾ 31 ਲੱਖ ਤੋਂ ਵੱਧ ਹੁੰਦਾ ਹੈ | ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਕਿਸੇ ਵੀ ਰਾਜ ਜਾਂ ਕੇਂਦਰੀ ਪ੍ਰਬੰਧਤ ਰਾਜ ਤੋਂ ਆਕਸੀਜਨ ਦੀ ਕਮੀ ਕਾਰਨ ਕਿਸੇ ਵੀ ਮਰੀਜ਼ ਦੀ ਮੌਤ ਦੀ ਖ਼ਬਰ ਨਹੀਂ ਮਿਲੀ ਹੈ | ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਲਿਖਤੀ ਸਵਾਲ ਦੇ ਜਵਾਬ ‘ਚ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ‘ਚ ਆਕਸੀਜਨ ਦੀ ਮੰਗ ‘ਚ ਕਾਫ਼ੀ ਵਾਧਾ ਹੋਇਆ ਸੀ, ਜਿੱਥੇ ਪਹਿਲੀ ਲਹਿਰ ‘ਚ ਆਕਸੀਜਨ ਦੀ ਮੰਗ 3095 ਮੀਟਿ੍ਕ ਟਨ ਸੀ ਦੂਜੀ ਲਹਿਰ ‘ਚ ਵੱਧ ਕੇ ਤਕਰੀਬਨ 9000 ਮੀਟਿ੍ਕ ਟਨ ਹੋ ਗਈ ਹੈ |

Leave a Reply

Your email address will not be published.