ਸੰਸਦ ‘ਚ ਖੇਤੀ ਕਾਨੂੰਨ ਅਤੇ ਜਾਸੂਸੀ ਮੁੱਦੇ ‘ਤੇ ਰੇੜਕਾ ਬਰਕਰਾਰ

Home » Blog » ਸੰਸਦ ‘ਚ ਖੇਤੀ ਕਾਨੂੰਨ ਅਤੇ ਜਾਸੂਸੀ ਮੁੱਦੇ ‘ਤੇ ਰੇੜਕਾ ਬਰਕਰਾਰ
ਸੰਸਦ ‘ਚ ਖੇਤੀ ਕਾਨੂੰਨ ਅਤੇ ਜਾਸੂਸੀ ਮੁੱਦੇ ‘ਤੇ ਰੇੜਕਾ ਬਰਕਰਾਰ

ਨਵੀਂ ਦਿੱਲੀ / ਪੈਗਾਸਸ ਜਾਸੂਸੀ ਕਾਂਡ ਅਤੇ ਕਿਸਾਨ ਮੁੱਦੇ ‘ਤੇ ਹਮਲਾਵਰ ਹੋਈ ਵਿਰੋਧੀ ਧਿਰ ਨੇ ਬੁੱਧਵਾਰ ਨੂੰ ਵੀ ਸਰਕਾਰ ਨੂੰ ਘੇਰਨ ਦੀ ਕਵਾਇਦ ਜਾਰੀ ਰੱਖਦਿਆਂ ਦੋਵੇਂ ਸਦਨਾਂ ‘ਚ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ |

ਲੋਕ ਸਭਾ ‘ਚ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਆਗੂ ਇਕਜੁਟਤਾ ਪ੍ਰਗਟਾਉਂਦਿਆਂ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਭਾ ਦੇ ਵਿਚਕਾਰ ਆ ਗਏ, ਜਿਸ ਦੌਰਾਨ ਟੀ.ਐੱਮ.ਸੀ. ਸੰਸਦ ਮੈਂਬਰਾਂ ਵਲੋਂ ਸ਼ੁਰੂ ਕੀਤਾ ਨਾਅਰਾ ‘ਖੇਲਾ ਹੋਬੇ’ ਅਤੇ ‘ਸੰਸਦ ਦੇ ਵਿਚ ਖੇਲਾ ਹੋਬੇ’ ਦੇ ਨਾਅਰੇ ਸਾਰੀਆਂ ਪਾਰਟੀਆਂ ਦੇ ਆਗੂ ਹੀ ਲਾਉਂਦੇ ਨਜ਼ਰ ਆਏ | ਹਾਲਾਂਕਿ ਹੰਗਾਮਿਆਂ ਦੌਰਾਨ ਵੀ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਜਾਰੀ ਰੱਖੀ ਅਤੇ ਪ੍ਰਸ਼ਨ ਕਾਲ ਪੂਰਾ ਕਰਵਾਇਆ | ਜ਼ਿਕਰਯੋਗ ਹੈ ਕਿ 19 ਜੁਲਾਈ ਤੋਂ ਸ਼ੁਰੂ ਹੋਏ ਮੌਨਸੂਨ ਇਜਲਾਸ ‘ਚ ਬੁੱਧਵਾਰ ਨੂੰ ਪਹਿਲੀ ਵਾਰ ਪ੍ਰਸ਼ਨ ਕਾਲ ਪੂਰਾ ਚੱਲਿਆ ਹੈ |

ਸਪੀਕਰ ਦੀ ਕੁਰਸੀ ਵੱਲ ਸੁੱਟੇ ਕਾਗਜ਼ ਦੇ ਟੁਕੜੇ ਲੋਕ ਸਭਾ ‘ਚ ਦੀ ਕਾਰਵਾਈ ਉਸ ਵੇਲੇ ਹੰਗਾਮੇ ਭਰਪੂਰ ਹੋ ਗਈ ਜਦੋਂ ਕੁਝ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਸਪੀਕਰ ਦੀ ਕੁਰਸੀ ਵੱਲ ਕਾਗਜ਼ ਦੇ ਟੁਕੜੇ ਸੁੱਟੇ ਗਏ | ਉਸ ਸਮੇਂ ਰਜਿੰਦਰ ਅਗਰਵਾਲ ਚੇਅਰ ‘ਤੇ ਸਨ |

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਅੰਮ੍ਤਿਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਕਾਗਜ਼ ਸੁੱਟਣ ਦੇ ਇਸ ਅਮਲ ‘ਚ ਸ਼ਾਮਿਲ ਸਨ | ਇਸ ਤੋਂ ਇਲਾਵਾ ਕੇਰਲ ਤੋਂ ਸੰਸਦ ਮੈਂਬਰ ਰਿਧੀ ਈਡੇਕ, ਟੀ.ਐੱਸ. ਪ੍ਰਤਾਪਨ, ਤਾਮਿਲਨਾਡੂ ਤੋਂ ਮਨਿਕਮ ਟੈਗੋਰ, ਜੋਤੀਸਨੀ, ਓਡੀਸ਼ਾ ਤੋਂ ਸਪਤਗਿਰੀ ਸ਼ੰਕਰ ਓਲਾਕਾ, ਪੁਡੂਚੇਰੀ ਤੋਂ ਵੀ ਵੈਥੀਲੰਿਗਮ ਅਤੇ ਕੇਰਲ ਤੋਂ ਸੀ.ਪੀ.ਆਈ. (ਐੱਮ) ਦੇ ਏ.ਐੱਮ. ਆਰਿਫ ਦੇ ਨਾਂਅ ਵੀ ਇਸ ‘ਚ ਸ਼ਾਮਿਲ ਸਨ | ਔਜਲਾ ਵਲੋਂ ਸਪੀਕਰ ਵੱਲ ਉਛਾਲੀ ਇਕ ਤਖਤੀ ਮੀਡੀਆ ਗੈਲਰੀ ਤੱਕ ਵੀ ਜਾ ਪਹੁੰਚੀ ਸੀ | ਹਾਲਾਂਕਿ ਉੱਥੇ ਖ਼ਾਲੀ ਸੀਟ ‘ਤੇ ਡਿੱਗਣ ਕਾਰਨ ਕਿਸੇ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ | ਹਲਕਿਆਂ ਮੁਤਾਬਿਕ ਕਾਗਜ਼ ਉਛਾਲਣ ਦੀ ਘਟਨਾ ਤੋਂ ਬਾਅਦ ਸਪੀਕਰ ਓਮ ਬਿਰਲਾ ਵਲੋਂ 13 ਸੰਸਦ ਮੈਂਬਰਾਂ ਨੂੰ ਆਪਣੇ ਚੈਂਬਰ ‘ਚ ਬੁਲਾਇਆ ਗਿਆ, ਜਿਨ੍ਹਾਂ ‘ਚ ਉਕਤ 10 ਮੈਂਬਰਾਂ ਤੋਂ ਇਲਾਵਾ ਖਡੂਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ, ਕੇਰਲ ਤੋਂ ਕਾਂਗਰਸੀ ਸਾਂਸਦ ਮੈਂਬਰ ਡੀਨ ਕੋਰੀਆਕੋਸ ਅਤੇ ਤਿ੍ਣਮੂਲ ਸੰਸਦ ਮੈਂਬਰ ਸ਼ਤਾਬਦੀ ਰਾਏ ਸ਼ਾਮਿਲ ਸਨ |

ਲੋਕ ਸਭਾ ਹਲਕਿਆਂ ਮੁਤਾਬਿਕ ਇਨ੍ਹਾਂ 10 ਸੰਸਦ ਮੈਂਬਰਾਂ ਖ਼ਿਲਾਫ਼ ਸਰਕਾਰ ਮਤਾ ਪਾਸ ਕਰੇਗੀ ਅਤੇ ਇਨ੍ਹਾਂ ਨੂੰ ਸਦਨ ‘ਚ ਕੀਤੇ ਇਸ ਹੰਗਾਮੇ ਲਈ ਬਾਕੀ ਰਹਿੰਦੇ ਸਮੇਂ ਲਈ ਸਦਨ ‘ਚੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ | ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੰਸਦ ਮੈਂਬਰਾਂ ਦੇ ਇਸ ਵਰਤਾਰੇ ‘ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਇਸ ਨੂੰ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਕਰਾਰ ਦਿੱਤਾ |

ਹੰਗਾਮਿਆਂ ‘ਚ ਹੀ ਚਲਦਾ ਰਿਹਾ ਪ੍ਰਸ਼ਨਕਾਲ ਹੰਗਾਮਿਲਆਂ ਦੌਰਾਨ ਵੀ ਸਪੀਕਰ Eਮ ਬਿਰਲਾ ਨੇ ਪ੍ਰਸ਼ਨ ਕਾਲ ਜਾਰੀ ਰੱਖਿਆ | ਬੁੱਧਵਾਰ ਨੂੰ ਇਜਲਾਸ ‘ਚ ਪਹਿਲੀ ਵਾਰ ਚੱਲੇ ਪ੍ਰਸ਼ਨ ਕਾਲ ਦੌਰਾਨ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪਿੰਦਰ ਯਾਦਵ ਅਤੇ ਸਮਾਜਿਕ ਨਿਆਂ ਬਾਰੇ ਮੰਤਰੀ ਪ੍ਰਤਿਸ਼ਾ ਭੌਮਿਕ ਨੇ ਸੰਸਦ ਮੈਂਬਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ |

ਲੋਕ ਸਭਾ ‘ਚ ਪਾਸ ਹੋਇਆ ਦਿਵਾਲੀਆ (ਸੋਧ) ਬਿੱਲ ਹੰਗਾਮਿਆ ਦੌਰਾਨ ਹੀ ਕੇਂਦਰ ਵਲੋਂ ਦਿਵਾਲੀਆ (ਸੋਧ) ਬਿੱਲ ਪਾਸ ਕਰਵਾ ਲਿਆ ਗਿਆ | ਦੁਪਹਿਰ 2:32 ਵਜੇ ਸਰਕਾਰ ਵਲੋਂ ਪੇਸ਼ ਕੀਤਾ ਬਿੱਲ 5 ਮਿੰਟ ‘ਚ ਹੀ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰਵਾ ਲਿਆ ਗਿਆ | ਹਾਲਾਂਕਿ ਡੀ.ਐੱਮ.ਕੇ. ਦੇ ਸੰਸਦ ਮੈਂਬਰ ਦਯਾਨਿਧੀ ਮਾਰਨ ਨੇ ਇਸ ਮਾਮਲੇ ‘ਚ ਡਿਵੀਜ਼ਨ ਦੀ ਮੰਗ ਵੀ ਕੀਤੀ ਪਰ ਇਸ ਮੰਗ ਨੂੰ ਖ਼ਾਰਜ ਕਰ ਦਿੱਤਾ ਗਿਆ | ਰਾਜ ਸਭਾ ‘ਚ ਹੰਗਾਮਾ ਰਾਜ ਸਭਾ ‘ਚ ਵੀ ਦਿਨ ਭਰ ਹੰਗਾਮਿਆਂ ਦਾ ਦੌਰ ਜਾਰੀ ਰਿਹਾ | ਸਭਾ ਦੀ ਕਾਰਵਾਈ ਸ਼ੁਰੂ ਹੋਣ ‘ਤੇ ਵੀ ਵਿਰੋਧੀ ਧਿਰਾਂ ਵਲੋਂ ਸਦਨ ਦੇ ਵਿਚਕਾਰ ਆ ਕੇ ਕੀਤੀ ਨਾਅਰੇਬਾਜ਼ੀ ਕਾਰਨ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ 6 ਮਿੰਟ ਬਾਅਦ ਹੀ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ | ਸਭਾ ਜੁੜਨ ‘ਤੇ ਸਦਨ ‘ਚ ਜੁਵੇਨਾਇਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਸੋਧ ਬਿੱਲ 2021 ਪਾਸ ਕਰ ਦਿੱਤਾ ਗਿਆ | ਹਾਲਾਂਕਿ ਲਗਾਤਾਰ ਹੰਗਾਮਿਆਂ ਕਾਰਨ ਸਭਾ ਦੀ ਕਾਰਵਾਈ ਵੀਰਵਾਰ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ |

ਭਾਜਪਾ ਦਾ ਸ਼ਸ਼ੀ ਥਰੂਰ ‘ਤੇ ਨਿਸ਼ਾਨਾ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ‘ਤੇ ਨਿਸ਼ਾਨਾ ਕੱਸਦਿਆਂ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕੀਤਾ | ਦੂਬੇ ਨੇ ਸੂਚਨਾ ਤਕਨੀਕ ਮਾਮਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਪ੍ਰਧਾਨ ਸ਼ਸ਼ੀ ਥਰੂਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਸੰਸਦ ਚੱਲਣ ਨਹੀਂ ਦੇ ਰਹੀ | ਜੇਕਰ ਸੰਸਦ ਚੱਲ ਨਹੀਂ ਰਹੀ ਤਾਂ ਉਹ ਸਥਾਈ ਕਮੇਟੀ ‘ਚ ਪੈਗਾਸਸ ‘ਤੇ ਚਰਚਾ ਕਿਉਂ ਚਾਹੁੰਦੇ ਹਨ, ਜੋ ਕਿ ਸੰਸਦ ਦਾ ਹੀ ਵਿਸਥਾਰ ਹੈ | ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਸਥਾਈ ਕਮੇਟੀ ਦੇ ਪ੍ਰਧਾਨ ਸਪੀਕਰ ਦੀਆਂ ਤਾਕਤਾਂ ਦੇ ਅਧੀਨ ਕੰਮ ਕਰਦੇ ਹਨ ਅਤੇ ਸੰਵਿਧਾਨ ਦੀ ਧਾਰਾ 94 ਅਤੇ 96 ਮੁਤਾਬਿਕ ਪ੍ਰਧਾਨ ਅਤੇ ਉਪ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਜਾ ਸਕਦਾ ਹੈ | ਇਸ ਲਈ ਉਨ੍ਹਾਂ ਇਨ੍ਹਾਂ ਨੇਮਾਂ ਦੇ ਹਵਾਲੇ ਨਾਲ ਪ੍ਰਧਾਨ ਨੂੰ ਹਟਾਉਣ ਦੀ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਸਥਾਈ ਕਮੇਟੀ ਦੇ ਪ੍ਰਧਾਨ ਨੂੰ ਹਟਾਉਣਾ, ਸੰਸਦੀ ਨੇਮਾਂ ਤਹਿਤ, ਮੈਂਬਰਾਂ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ | ਦੂਬੇ ਨੇ ਕਿਹਾ ਕਿ ਆਈ.ਟੀ. ‘ਤੇ ਸੰਸਦੀ ਸਥਾਈ ਕਮੇਟੀ ਦੇ 30 ‘ਚੋਂ 17 ਮੈਂਬਰ ਨੇ ਸਪੀਕਰ ਨੂੰ ਲਿਖਿਆ ਹੈ ਕਿ ਸਾਨੂੰ ਸ਼ਸ਼ੀ ਥਰੂਰ ‘ਤੇ ਭਰੋਸਾ ਨਹੀਂ ਹੈ | ਸ਼ਸ਼ੀ ਥਰੂਰ ਨੇ ‘ਅਜੀਤ’ ਵਲੋਂ ਉਨ੍ਹਾਂ ਖ਼ਿਲਾਫ਼ ਲਿਆਂਦੇ ਇਸ ਮਤੇ ‘ਤੇ ਟਿੱਪਣੀ ਲਈ ਪੁੱਛੇ ਸਵਾਲ ‘ਤੇ ਕਿਹਾ ਕਿ ਜਦੋਂ ਉਨ੍ਹਾਂ ਕੋਲ ਇਹ ਮਤਾ ਨਹੀਂ ਪਹੁੰਚਦਾ ਉਹ ਕੋਈ ਟਿੱਪਣੀ ਨਹੀਂ ਕਰਨਗੇ |

Leave a Reply

Your email address will not be published.