ਨਵੀਂ ਦਿੱਲੀ, / ਸੰਯੁਕਤ ਕਿਸਾਨ ਮੋਰਚਾ (ਐਸ. ਕੇ. ਐਮ.) ਨੇ ਐਲਾਨ ਕੀਤਾ ਹੈ ਕਿ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਦੇ ਇਜਲਾਸ ਦੌਰਾਨ ਹਰ ਰੋਜ਼ 500 ਕਿਸਾਨ ਸੰਸਦ ਵੱਲ ਸ਼ਾਂਤਮਈ ਟਰੈਕਟਰ ਮਾਰਚ ‘ਚ ਹਿੱਸਾ ਲਿਆ ਕਰਨਗੇ।
ਅੰਦੋਲਨ ਦੀ ਅਗਵਾਈ ਕਰ ਰਹੀਆਂ 40 ਕਿਸਾਨ ਯੂਨੀਅਨਾਂ ਦੀ ਸਾਂਝੀ ਜਥੇਬੰਦੀ ਐਸ.ਕੇ.ਐਮ. ਨੇ ਕਿਹਾ ਕਿ 26 ਨਵੰਬਰ ਨੂੰ ਕੇਂਦਰ ਦੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ, ਜਿਸ ਨੂੰ ਦੇਸ਼ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਦਿਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਰਾਜਸਥਾਨ ਤੋਂ ਵੱਡੀ ਲਾਮਬੰਦੀ ਹੋਵੇਗੀ ਤੇ ਸੰਘਰਸ਼ ‘ਚ ਹੁਣ ਤੱਕ 650 ਤੋਂ ਵੱਧ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਐਸ.ਕੇ.ਐਮ. ਨੇ 26 ਨਵੰਬਰ ਨੂੰ ਸੂਬਿਆਂ ਦੀਆਂ ਰਾਜਧਾਨੀਆਂ ‘ਚ ਵਿਸ਼ਾਲ ਮਹਾਂਪੰਚਾਇਤਾਂ ਦਾ ਸੱਦਾ ਵੀ ਦਿੱਤਾ ਹੈ। ਰਾਸ਼ਟਰੀ ਕਿਸਾਨ ਮਜ਼ਦੂਰ ਸਭਾ ਦੇ ਨੁਮਾਇੰਦੇ ਅਭਿਮਨਿਊ ਕੋਹਾੜ ਨੇ ਕਿਹਾ ਕਿ ਦਿੱਲੀ ਪੁਲਿਸ ਵਲੋਂ ਸੰਸਦ ਦੇ ਰਸਤੇ ‘ਚ ਜਿਥੇ ਟਰੈਕਟਰ ਮਾਰਚ ਨੂੰ ਰੋਕਿਆ ਜਾਵੇਗਾ, ਉਹ ਉਥੇ ਹੀ ਧਰਨੇ ‘ਚ ਬੈਠ ਜਾਣਗੇ।