ਫ਼ਤਹਿਗੜ੍ਹ ਸਾਹਿਬ / ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ‘ਚ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਲੱਗੀ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਸਭਾ ਦੇ ਆਖ਼ਰੀ ਦਿਨ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਸਾਹਿਬ ‘ਚ ਸੁਸ਼ੋਭਿਤ ਸੀ, ਜਦੋਂਕਿ ਨਗਰ ਕੀਰਤਨ ਦੀ ਸਮੁੱਚੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।
ਨਗਰ ਕੀਰਤਨ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡ[ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾE ਭੇਟ ਕੀਤੇ। ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ਼ਹੀਦੀ ਨਗਰ ਕੀਰਤਨ ਦੀ ਅਰਦਾਸ ਉਪਰੰਤ ਧਾਰਮਿਕ ਰਵਾਇਤਾਂ ਅਨੁਸਾਰ ਸਾਲਾਨਾ ਸ਼ਹੀਦੀ ਸਭਾ ਸਮਾਪਤ ਹੋ ਗਈ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਅਤੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਸੰਗਤਾਂ ਨਾਲ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਜੀਵਨ ਤੇ ਸ਼ਹੀਦੀ ਬਾਰੇ ਇਤਿਹਾਸਿਕ ਵਿਚਾਰਾਂ ਦੀ ਸਾਂਝ ਪਾਈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਸੰਗਤੀ ਰੂਪ ‘ਚ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਸ਼ਹੀਦੀ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਨਗਰ ਕੀਰਤਨ ਦੇ ਮੂਹਰੇ ਨਿਸ਼ਾਨਚੀ ਸਿੰਘ, ਵੱਖ-ਵੱਖ ਸਿੰਘ ਸਭਾਵਾਂ ਦੇ ਕੀਰਤਨੀ ਜਥੇ, ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਜਥਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਵਿਿਦਆਰਥੀਆਂ ਦੀਆਂ ਬੈਂਡ ਪਾਰਟੀਆਂ, ਸ੍ਰੀ ਸੁਖਮਨੀ ਸੇਵਾ ਸੁਸਾਇਟੀਆਂ ਆਪੋ-ਆਪਣੇ ਬੈਨਰ ਲੈ ਕੇ ਅਤੇ ਰਾਜਨੀਤਕ ਸ਼ਖ਼ਸੀਅਤਾਂ ਨਾਲੋ-ਨਾਲ ਚੱਲ ਰਹੀਆਂ ਸਨ, ਜਦੋਂਕਿ ਵੱਖ-ਵੱਖ ਗਤਕਾ ਪਾਰਟੀਆਂ ਦੇ ਸਿੰਘ ਜੰਗਜੂ ਕਰਤੱਵ ਵਿਖਾ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਾ ਰਹੇ ਸਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਯੂਥ ਵਿੰਗ ਸਰਪ੍ਰਸਤ ਇਮਾਨ ਸਿੰਘ ਮਾਨ ਦੀ ਅਗਾਵਈ ਹੇਠ ਨਗਰ ਕੀਰਤਨ ‘ਚ ਸ਼ਾਮਿਲ ਸਿੰਘਾਂ ਨੇ ਖਾਲਿਸਤਾਨ ਦੇ ਨਾਅਰੇ ਵੀ ਲਗਾਏ। ਸਿੱਖ ਜਥੇਬੰਦੀਆਂ, ਧਾਰਮਿਕ ਸੁਸਾਇਟੀਆਂ, ਸਿੰਘ ਸਭਾਵਾਂ, ਵੱਖ-ਵੱਖ ਸੰਪ੍ਰਦਾਵਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਇਸ ਨਗਰ ਕੀਰਤਨ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡ[ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਜਥੇ[ ਕਰਨੈਲ ਸਿੰਘ ਪੰਜੋਲੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ[ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇ[ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵਲੋਂ ਬਾਬਾ ਨਾਗਰ ਸਿੰਘ, ਦਮਦਮੀ ਟਕਸਾਲ ਵਲੋਂ ਬਾਬਾ ਸੁਖਦੇਵ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਵੱਡੀ ਗਿਣਤੀ ‘ਚ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਕੇ ਸਾਹਿਬਜ਼ਾਦਿਆਂ ਨੂੰ ਸ਼ਰਧਾ, ਸਤਿਕਾਰ ਤੇ ਅਕੀਦਤ ਭੇਟ ਕੀਤੀ।
ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਹੋ ਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚਿਆ। ਜਿੱਥੇ ਖੁੱਲ੍ਹੇ ਪੰਡਾਲ ‘ਚ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ, ਜਿਸ ਦੌਰਾਨ ਗਿਆਨੀ ਜਗਤਾਰ ਸਿੰਘ ਨੇ ਸੋਹਿਲਾ ਸਾਹਿਬ ਦਾ ਪਾਠ ਕੀਤਾ। ਉਪਰੰਤ ਸ਼ਹੀਦੀ ਨਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਕੀਤੀ। ਇਸ ਮੌਕੇ ਜਥੇ[ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਦੇ ਠਾਠਾਂ ਮਾਰਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਦੁਸ਼ਮਣਾਂ ਨੇ ਹਮੇਸ਼ਾ ਹੀ ਪੀੜਾ ਦਿੱਤੀ ਹੈ, ਕਦੇ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ, ਦੇਗ਼ਾਂ ‘ਚ ਉਬਾਲਿਆ, ਕਦੇ ਖੋਪੜੀਆਂ ਲਾਹੀਆਂ ਪਰ ਸਿੱਖ ਕੌਮ ਨੇ ਦਰਦ ਮਹਿਸੂਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਦੁਸ਼ਮਣ ਨੂੰ ਪਤਾ ਹੈ ਕਿ ਸਿੱਖ ਆਪਣੇ ਗੁਰੂ, ਗੁਰ-ਅਸਥਾਨਾਂ ਅਤੇ ਪ੍ਰੰਪਰਾਵਾਂ ਨੂੰ ਜਾਨ ਨਾਲੋਂ ਵੱਧ ਪਿਆਰ ਕਰਦੇ ਹਨ। ਇਸ ਲਈ ਹੁਣ ਦੁਸ਼ਮਣ ਤਾਕਤਾਂ ਸਾਡੇ ਗੁਰੂ-ਘਰਾਂ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਹਮਲਾ ਕਰਕੇ ਸਿੱਖ ਕੌਮ ਨੂੰ ਪੀੜਾ ਦੇਣੀ ਚਾਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਮੀਡੀਏ ਦਾ ਇਕ ਹਿੱਸਾ ਵੀ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦਾ ਯਤਨ ਕਰ ਰਿਹਾ ਹੈ। ਸਟੇਜ ਸੰਚਾਲਕ ਦੀ ਸੇਵਾ ਨਿਭਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਪੰਜੋਲੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਭਾਵੁਕ ਪਲਾਂ ਨੂੰ ਸੰਗਤ ਨਾਲ ਸਾਂਝਾ ਕੀਤਾ ਅਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸੇਵਾ ਕਰਦੇ ਸਮੇਂ ਸ਼ਹੀਦ ਹੋਣ ਵਾਲੇ ਹੋਰਨਾਂ ਸ਼ਹੀਦਾਂ ਨੂੰ ਵੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਪ੍ਰਧਾਨ ਐਡ[ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਵਾਲੀਆਂ ਕਮੇਟੀਆਂ, ਮੁਫ਼ਤ ਮੈਡੀਕਲ ਕੈਂਪ ਤੇ ਹੋਰ ਪੰਥਕ ਸੇਵਾਵਾਂ ਨਿਭਾਉਣ ਵਾਲੀਆਂ ਸਿੰਘ ਸਭਾਵਾਂ, ਸਮਾਜਿਕ ਜਥੇਬੰਦੀਆਂ ਤੇ ਸ਼ਰਧਾਲੂਆਂ ਦਾ ਵਿਸ਼ੇਸ਼ ਰੂਪ ‘ਚ ਧੰਨਵਾਦ ਕੀਤਾ।