ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਦਾ ਯਤਨ ਕਰਨ ਵਾਲੇ ਨੂੰ ਸੰਗਤ ਨੇ ਕੁੱਟ ਕੁੱਟ ਮਾਰਿਆ

Home » Blog » ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਦਾ ਯਤਨ ਕਰਨ ਵਾਲੇ ਨੂੰ ਸੰਗਤ ਨੇ ਕੁੱਟ ਕੁੱਟ ਮਾਰਿਆ
ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਦਾ ਯਤਨ ਕਰਨ ਵਾਲੇ ਨੂੰ ਸੰਗਤ ਨੇ ਕੁੱਟ ਕੁੱਟ ਮਾਰਿਆ

ਅੰਮ੍ਰਿਤਸਰ, 18 ਦਸੰਬਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ’ਤੇ ਦਾਖਲ ਹੋ ਕੇ ਬੇਅਦਬੀ ਕਰਨ ਦਾ ਯਤਨ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਮਗਰੋਂ ਰੋਹ ਵਿਚ ਆਈ ਸੰਗਤ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਹੈ।

ਫਿਲਹਾਲ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਸਿਆ ਕਿ ਇਹ ਵਿਅਕਤੀ ਸੱਚਖੰਡ ਦੇ ਅੰਦਰ ਜੰਗਲਾ ਟੱਪ ਕੇ ਪ੍ਰਕਾਸ਼ ਵਾਲੇ ਅਸਥਾਨ ‘ਤੇ ਚਲਾ ਗਿਆ ਸੀ ਅਤੇ ਉਸ ਵਲੋਂ ਬੇਅਦਬੀ ਕਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸੰਗਤ ਨੇ ਉਸਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਸੀ। ਰੋਹ ਵਿਚ ਆਈ ਸੰਗਤ ਨੇ ਉਸ ਨੂੰ ਮਾਰ ਦਿੱਤਾ ਹੈ। ਇਸ ਵਿਅਕਤੀ ਦੀ ਸ਼ਨਾਖਤ ਬਾਰੇ ਉਨ੍ਹਾਂ ਕਿਹਾ ਕਿ ਉਸਦੀ ਸ਼ਨਾਖਤ ਦਾ ਕੰਮ ਪੁਲੀਸ ਵਲੋਂ ਕੀਤਾ ਜਾਵੇਗਾ।

ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦਸਿਆ ਕਿ ਇਸ ਵਿਅਕਤੀ ਨੇ ਬੇਅਦਬੀ ਕਰਨ ਦਾ ਯਤਨ ਕੀਤਾ ਸੀ ਅਤੇ ਸੰਗਤ ਵੱਲੋਂ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਹੈ। ਪੁਲੀਸ ਵਲੋਂ ਇਸ ਸਬੰਧ ਵਿਚ ਕਾਨੂੰਨ ਮੁਤਾਬਕ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਵਿਅਕਤੀ ਦੀ ਸ਼ਨਾਖਤ ਬਾਰੇ ਫਿਲਹਾਲ ਕੁਝ ਵੀ ਪਤਾ ਨਹੀਂ ਲੱਗਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਹ ਘਟਨਾ ਲਗਪਗ ਛੇ ਵਜੇ ਵਾਪਰੀ। ਉਸ ਵੇਲੇ ਰਹਿਰਾਸ ਦਾ ਪਾਠ ਚਲ ਰਿਹਾ ਸੀ। ਅਚਨਚੇਤੀ ਇਕ ਵਿਅਕਤੀ ਜੰਗਲਾ ਟੱਪ ਕੇ ਪ੍ਰਕਾਸ਼ ਅਸਥਾਨ ‘ਤੇ ਦਾਖਲ ਹੋਇਆ ਅਤੇ ਉਸਨੇ ਸਰੂਪ ਦੇ ਸਾਹਮਣੇ ਪਈ ਕਿਰਪਾਨ ਨੂੰ ਚੁੱਕ ਲਿਆ। ਇਸ ਦੌਰਾਨ ਪਾਠ ਕਰ ਰਹੇ ਗ੍ਰੰਥੀ ਸਿੰਘ ਦੇ ਨਾਲ ਬੈਠੇ ਸਹਾਇਕ ਕਰਮਚਾਰੀ ਅਤੇ ਜੰਗਲੇ ਦੇ ਅੰਦਰ ਬੈਠੇ ਹੋਰ ਕਰਮਚਾਰੀਆਂ ਨੇ ਇਸ ਵਿਅਕਤੀ ਨੂੰ ਤੁਰੰਤ ਕਾਬੂ ਕਰ ਲਿਆ।
(ਬਾਕਸ ਆਈਟਮ)

ਬਾਦਲ ਵੱਲੋਂ ਸ੍ਰੀ ਦਰਬਾਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ, ਕੇਂਦਰ ਤੋਂ ਘਟਨਾ ਨੂੰ ਬੇਨਕਾਬ ਕਰਨ ਦੀ ਮੰਗ
ਉਧਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਨਾ-ਸਹਿਣਯੋਗ ਦੱਸਦੇ ਆਖਿਆ ਕਿ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਇਸ ਘਟਨਾ ਨੂੰ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਕਰਾਰ ਦਿੰਦੇ ਇਸ ਨੂੰ ਬੇਨਕਾਬ ਕਰਨ ਲਈ ਕੇਂਦਰ ਸਰਕਾਰ ਤੋਂ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਮੰਗੀ ਹੈ।

ਬੇਅਦਬੀ ਦੇ ਦੋਸ਼ੀਆਂ ਦੇ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਬਣੇ: ਪ੍ਰਿੰਸੀਪਲ ਸੁਰਿੰਦਰ ਸਿੰਘ  
ਸ੍ਰੀ ਅਨੰਦਪੁਰ ਸਾਹਿਬ:  ਅੱਜ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਸ਼ਰਮਨਾਕ ਘਟਨਾ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਉਕਤ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਸਦੀਆਂ ਤੋਂ ਬਰਕਰਾਰ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੇ ਨਾਲ ਸਮੁੱਚੀ ਮਾਨਵਤਾ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਸੰਗਤ ਦੁਆਰਾ ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਕੁੱਟਮਾਰ ਕਰ ਮੌਕੇ ਤੇ ਸੋਧਾ ਲਾਉਣ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਤਕਰੀਬਨ ਦੋ ਸੌ ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਬੀਤੇ ਕੁਝ ਸਮੇਂ ਦੇ ਵਿਚ ਹੋਈਆਂ ਨੇ ਪ੍ਰੰਤੂ ਅਜੇ ਤੱਕ ਕਿਸੇ ਵੀ ਵਿਅਕਤੀ ਨੂੰ ਬਣਦੀ ਸਜ਼ਾ ਸਰਕਾਰ ਦੇਣ ਦੇ ਵਿੱਚ ਅਸਮਰੱਥ ਰਹੀ ਹੈ । ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਅਜਿਹੀਆਂ ਘਟਨਾਵਾਂ ਸਿਰਫ਼ ਚੋਣਾਂ ਦੌਰਾਨ ਹੀ ਕਿਉਂ ਵਾਪਰਦੀਆਂ ਹਨ।

ਪਿਛਲੇ ਸਮੇਂ ਦੌਰਾਨ 200 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਹੁਣ ਤੱਕ ਕਿਸੇ ਵੀ ਘਟਨਾ ਦੀ ਤਹਿ ਤੱਕ ਨਹੀਂ ਪਹੁੰਚਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਮਾਨਸਿਕ ਰੋਗੀ ਕਿਉਂ ਦੱਸਿਆ ਜਾਂਦਾ ਹੈ। ਅਗਰ ਉਹ ਮਾਨਸਿਕ ਰੋਗੀ ਹੈ ਤਾਂ ਉਹ ਕਿਸੇ ਹੋਰ ਧਾਰਮਿਕ ਸਥਾਨ ਜਾਂ ਆਪਣੇ ਘਰ ਪਰਿਵਾਰ ਵਿੱਚ ਕੋਈ ਗਲਤ ਕਾਰਾਂ ਕਿਉਂ ਨਹੀਂ ਕਰਦੇ। ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਇਹਦੇ ਲਈ ਸਖਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਅਤੇ 295-ਏ ਨਾ ਕਾਫ਼ੀ ਹੈ ਅਤੇ ਅਜਿਹੇ ਬਜਰ ਅਪਰਾਧ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।

Leave a Reply

Your email address will not be published.