ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ..

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ..

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹਾਦਤ ਸਬੰਧੀ ਜਾਨਣ ਲਈ ਇਸਦੇ ਪਿਛੋਕੜ ਵੱਲ ਝਾਤੀ ਮਾਰਨੀ ਜਰੂਰੀ ਜਾਪਦੀ ਹੈ  | ਗੁਰੂ ਨਾਨਕ ਸਾਹਿਬ ਜੀ ਨੇ ਵਹਿਮਾਂ-ਭਰਮਾਂ,ਅੰਧ ਵਿਸ਼ਵਾਸਾਂ ਪਾਖੰਡਾਂ, ਜਾਤ-ਪਾਤ, ਊਚ ਨੀਚ, ਧਾਰਮਿਕ ਪਾਖੰਡ ਅਤੇ ਜਾਲਮ ਰਾਜਨੀਤਕ ਆਗੂਆਂ  ਦੇ ਖਿਲਾਫ ਇਕ ਜੋਰ ਦਾਰ ਆਵਾਜ ਉਠਾਈ, ਜੋ ਕਿ ਇਕ ਲਹਿਰ ਦਾ ਰੂਪ ਧਾਰਨ ਕਰ ਗਈ  | ਇਸ ਕਾਮਯਾਬੀ ਲਈ ਆਪ ਜੀ ਨੇ ਕੋਈ ਕਰਾਮਾਤ ਦਿਖਾਉਣ ਦੀ ਥਾਂ ਨਿਰੋਲ ਨਾਮ-ਬਾਣੀ ਅਤੇ ਸੰਗਤ ਦਾ ਆਸਰਾ ਲਿਆ  | ਜਿਵੇਂ ਜਿਵੇਂ ਇਹ ਲਹਿਰ ਜੋਰ ਫੜਦੀ ਗਈ, ਇਸ ਦੇ ਨਾਲ ਹੀ ਇਸਦੇ ਵਿਰੋਧੀ ਵੀ ਪੈਦਾ ਹੋ ਗਏ  | ਵਿਰੋਧੀਆਂ ਨੇ ਗੁਰੂ ਜੀ ਨੂੰ  ਭੂਤਨਾ, ਬੇਤਾਲਾ ਤੇ ਕੁਰਾਹੀਆ ਤੱਕ ਵੀ ਕਿਹਾ ਪਰ ਗੁਰੂ ਜੀ ਨੇ ਕਿਸੇ ਦੀ ਪਰਵਾਹ ਨਾ ਕੀਤੀ ਅਤੇ ਆਪਣੇ ਨਿਸਾਨੇ ਵੱਲ ਨੂੰ  ਅੱਗੇ ਵਧਦੇ ਗਏ  | ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਉਹਨੂੰ  ਪਾਪ ਦੀ ਜੰਞ  ਦਾ ਆਗੂ ਕਿਹਾ  | ਆਪ ਜੀ ਨੇ ਜਾਲਮ ਰਾਜਿਆਂ ਲਈ ਸ਼ੀਹ ਅਤੇ ਮੁਕੱਦਮਾਂ ਲਈ ਕੁੱਤੇ ਸਬਦ ਵਰਤੇ  | ਉਸ ਸਮੇਂ ਦੇ ਪਾਖੰਡੀ ਆਗੂਆਂ ਨੂੰ  ਬੜੀ ਨਿਰਭੈਤਾ ਨਾਲ ਕਿਹਾ :

ਕਾਦੀ ਕੂੜੁ ਬੋਲਿ ਮਲੁ ਖਾਇ ¨ ਬ੍ਰਹਮਣ ਨਾਵੈ ਜੀਆ ਘਾਇ ¨ ਜੋਗੀ ਜੁਗਤਿ ਨ ਜਾਣੈ ਅੰਧੁ ¨

ਤੀਨੇ ਉਜਾੜੇ ਕਾ ਬੰਧੁ | |

(ਅੰਗ-662)

ਗੁਰੂ ਅੰਗਦ ਸਾਹਿਬ ਉੱਪਰ ਹਮਾਯੂੰ ਨੇ ਆਪਣੇ ਰਾਜਨੀਤਿਕ ਅਭਿਮਾਨ ਅਧੀਨ ਤਲਵਾਰ ਉਠਾਈ ਤਾਂ ਆਪ ਜੀ ਨੇ ਬੜੀ ਨਿਰਭੈਤਾ ਨਾਲ ਕਿਹਾ ਕਿ ਤੇਰੀ ਇਹ ਤਲਵਾਰ ਸ਼ੇਰ ਸ਼ਾਹ ਸੂਰੀ ਦੇ ਮੁਕਾਬਲੇ ਤੇ ਕਿੱਥੇ ਗਈ ਸੀ ?ਹਮਾਯੂੰ ਨੇ ਸ਼ਰਮਿੰਦੇ ਹੋ ਕੇ ਤਲਵਾਰ ਮਿਆਨ ਵਿਚ ਪਾ ਲਈ ਅਤੇ ਗੁਰੂ ਚਰਨਾਂ ਵਿਚ ਝੁਕ ਗਿਆ | ਗੁਰੂ ਅਮਰਦਾਸ ਜੀ ਵਿਰੁੱਧ ਰਾਜ ਦਰਬਾਰ ਵਿੱਚ ਫਰਿਆਦਾਂ ਪਹੁੰਚਾਈਆਂ ਗਈਆਂ ਪਰ ਆਪ ਜੀ ਨੇ ਭਾਈ ਜੇਠਾ ਜੀ ਰਾਹੀਂ ਅਕਬਰ ਦੀ ਤਸੱਲੀ ਕਰਵਾ ਦਿੱਤੀ ਨਤੀਜੇ ਵਜੋਂ  ਅਕਬਰ ਦੀ ਗੁਰੂ ਘਰ ਪ੍ਰਤੀ ਸ਼ਰਧਾ ਹੋਰ ਵਧ ਗਈ | ਗੁਰੂ ਰਾਮਦਾਸ ਜੀ ਨਾਲ ਵੀ ਉਸ ਨੇ ਚੰਗੇ ਸਬੰਧ ਕਾਇਮ ਰੱਖੇ  |

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਕਾਲ(1563 ਈ: 1606 ਈ:) ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਲਹਿਰ ਜੋਬਨ ਤੇ ਪੁੱਜ ਗਈ | ਭਾਈ ਗੁਰਦਾਸ ਜੀ, ਭਾਈ ਬਹਿਲੋ, ਭਾਈ ਮੰਝ, ਭਾਈ ਕਲਿਆਣਾ ਆਦਿ ਜੀਵਨ ਵਾਲੇ ਸਿੱਖਾਂ ਦੇ ਪ੍ਰਚਾਰ ਸਦਕਾ ਭਾਰੀ ਗਿਣਤੀ ਵਿਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੁੰਦੇ ਗਏ | ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨਾਂ ਨੇ ਵੀ ਸਿੱਖੀ ਧਾਰਨ ਕਰ ਲਈ ਇਸ ਉੱਨਤੀ ਦਾ ਕਾਰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਸ਼ਖਸੀਅਤ ਸੀ |

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਭਾਰੀ ਗੁਰੂ ਅਤੇ ਬਾਣੀ ਦੇ ਬੋਹਿਥ ਹੋਣ ਦੀ ਭਵਿੱਖਬਾਣੀ ਤਾਂ ਗੁਰੂ ਅਮਰਦਾਸ ਜੀ ਨੇ ਹੀ ਕਰ ਦਿੱਤੀ ਸੀ ਜਦੋਂ ਆਪ ਜੀ ਬਾਲਕ ਅਵਸਥਾ ਵਿੱਚ ਖੇਡਦੇ- ਖੇਡਦੇ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੇ ਪਲੰਘ ‘ਤੇ ਚੜ੍ਹਨ ਦਾ ਯਤਨ ਕਰ ਰਹੇ ਸਨ ਤਾਂ ਮਾਤਾ  ਭਾਨੀ ਜੀ ਨੇ ਬੇਅਦਬੀ ਦੇ ਡਰੋਂ ਜਲਦੀ ਨਾਲ ਬਾਲਕ ਨੂੰ  ਪਕੜ ਲਿਆ ਸੀ ਤਾਂ ਗੁਰੂ ਅਮਰਦਾਸ ਜੀ ਨੇ ਫੁਰਮਾਇਆ Tਦੋਹਿਤਾ ਬਾਣੀ ਕਾ ਬੋਹਿਥਾ |T

ਗੁਰੂ ਅਰਜਨ ਸਾਹਿਬ ਜੀ ਬਾਰੇ ਭੱਟ ਮਥੁਰਾ ਜੀ ਫੁਰਮਾਉਦੇ ਹਨ:-

ਕਲਜੁਗਿ ਜਹਾਜ ਅਰਜਨੁ ਗੁਰੂ ਸਗਲ ਸਿ੍ਸਿਟ ਲਗ ਬੇ ਤਰਹੁ* | |(ਅੰਗ-1408)

ਗੁਰੂ ਘਰ ਦੇ ਕੀਰਤਨੀਏ  ਸੱਤੇ ਅਤੇ ਬਲਵੰਡ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਿਮਾਂ ਇਸ ਤਰ੍ਹਾਂ ਆਖੀ ਹੈ:-

ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ | |(ਅੰਗ-968)

ਗੋਕਲ ਚੰਦ ਨਾਰੰਗ ਲਿਖਦਾ ਹੈ Tਕਿ ਗੁਰੂ ਅਰਜਨ ਸਾਹਿਬ ਜੀ ਜਮਾਂਦਰੂ ਕਵੀ, ਫਿਲਾਸਫਰ ,ਅਦੁੱਤੀ ਪ੍ਰਬੰਧਕ ਅਤੇ ਦੂਰਦਰਸ਼ੀ ਨੀਤੀ ਵਾਲੇ ਸਨ |T

ਆਪ ਜੀ ਦੇ ਸਮੇਂ ਕੁਝ ਅਜਿਹੇ ਮਹੱਤਵਪੂਰਨ ਕਾਰਜ ਹੋਏ ਜਿਨ੍ਹਾਂ ਦੇ ਨਤੀਜੇ ਵਜੋਂ ਸਿੱਖੀ ਦੂਰ ਦੂਰ ਤੱਕ ਫੈਲ ਗਈ | ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਸਿੱਖਾਂ ਨੂੰ  ਇੱਕ ਕੇਂਦਰੀ ਧਰਮ ਅਸਥਾਨ ਬਖਸ਼ ਦਿੱਤਾ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਵਾ ਕੇ ਸ੍ਰੀ  ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰ ਦਿੱਤਾ | ਇਸ ਨਾਲ ਸਿੱਖਾਂ ਨੂੰ  ਧਾਰਮਕ ਗ੍ਰੰਥ ਵੀ ਮਿਲ ਗਿਆ | ਸਿੱਖਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਉਨ੍ਹਾਂ ਨੂੰ  ਘੋੜਿਆਂ ਦਾ ਵਪਾਰ ਕਰਨ ਦੀ ਪ੍ਰੇਰਨਾ ਦਿੱਤੀ  |ਆਪ ਜੀ ਨੇ ਮਾਝੇ ਵਿੱਚ ਤਰਨਤਾਰਨ ਸਾਹਿਬ, ਦੋਆਬੇ ਵਿੱਚ ਕਰਤਾਰਪੁਰ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਹਰਗੋਬਿੰਦਪੁਰ ਨਗਰ ਵਸਾਏ ਜੋ ਬਾਅਦ ਵਿੱਚ ਸਿੱਖੀ ਪ੍ਰਚਾਰ ਦੇ ਕੇਂਦਰ ਬਣ ਗਏ |

ਜਿਵੇਂ-ਜਿਵੇਂ ਸਿੱਖ ਲਹਿਰ ਤੇਜ਼ ਹੁੰਦੀ ਗਈ ਇਸਦੇ ਨਾਲ ਹੀ ਗੁਰੂ ਘਰ ਨਾਲ ਈਰਖਾ ਅਤੇ ਦਵੈਸ਼ ਰੱਖਣ ਵਾਲਿਆਂ ਨੇ ਆਪਣੀਆਂ ਭੈੜੀਆਂ ਅਤੇ ਖੋਟੀਆਂ ਚਾਲਾਂ ਤੇਜ਼ ਕਰ ਦਿੱਤੀਆਂ | ਪਿ੍ਥੀ ਚੰਦ ਜੋ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ ਅਤੇ ਆਪਣੇ ਆਪ ਨੂੰ  ਗੁਰਗੱਦੀ ਦਾ ਵਾਰਸ ਸਮਝਦਾ ਸੀ ਗੁਰੂ  ਰਾਮਦਾਸ ਜੀ ਨੇ ਉਸ ਨੂੰ  ਗੁਰਗੱਦੀ ਦੇ ਯੋਗ ਨਾ ਸਮਝ ਕੇ 1581 ਈਸਵੀ ਨੂੰ  ਸੰਗਤਾਂ ਦੀ ਮੌਜੂਦਗੀ ਵਿੱਚ ਗੁਰਗੱਦੀ ਗੁਰੂ ਅਰਜਨ ਸਾਹਿਬ ਜੀ ਨੂੰ  ਸੌਂਪ ਦਿੱਤੀ | ਇਸ ਕਰਕੇ ਉਹ ਗੁਰੂ ਜੀ ਦਾ ਵਿਰੋਧੀ ਬਣ ਗਿਆ | ਉਸ ਨੇ ਮਹੇਸ਼ ਦਾਸ (ਬੀਰਬਲ) ਬ੍ਰਾਹਮਣ ਰਾਹੀਂ ਅਕਬਰ ਬਾਦਸ਼ਾਹ ਕੋਲ ਗੁਰੂ ਅਰਜਨ ਸਾਹਿਬ ਜੀ ਦੇ ਖਿ?ਲਾਫ ਕਈ ਸ਼ਿਕਾਇਤਾਂ ਪਹੁੰਚਾਈਆਂ | ਜਦੋਂ ਅਕਬਰ ਨੇ ਪੜਤਾਲ ਕੀਤੀ ਤਾਂ ਉਹ ਝੂਠਾ ਸਾਬਤ ਹੋਇਆ |

ਗੁਰੂ ਘਰ ਦਾ ਦੂਜਾ ਵੱਡਾ ਦੋਖੀ ਚੰਦੂ ਸ਼ਾਹ ਸੀ | ਪ੍ਰੋ.ਸਾਹਿਬ ਸਿੰਘ ਅਨੁਸਾਰ ਇਹ ਗੁਰਦਾਸਪੁਰ ਦੇ ਪਿੰਡ ਰੁਹੇਲੇ ਦਾ ਖੱਤਰੀ ਸੀ ਅਤੇ ਲਾਹੌਰ ਵਿਖੇ ਸਰਕਾਰੀ ਮੁਲਾਜਮ ਸੀ | ਇਸ ਨੇ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ  ਕਰਨਾ ਚਾਹਿਆ ਪਰ ਇਸ ਦੀ ਹੰਕਾਰ ਵਾਲੀ ਬਿਰਤੀ ਦੇਖ ਕੇ ਸਿੱਖ ਸੰਗਤਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ  ਬੇਨਤੀ ਕੀਤੀ ਕਿ ਇਸ ਹੰਕਾਰੀ ਦਾ ਰਿਸ਼ਤਾ ਨਾ-ਮਨਜ਼ੂਰ ਕੀਤਾ ਜਾਵੇ | ਗੁਰੂ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਉਸ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਨਾਂਹ ਕਰ ਦਿੱਤੀ | ਇਸ ਤਰ੍ਹਾਂ ਇਹ ਗੁਰੂ ਘਰ ਦਾ ਦੁਸ਼ਮਣ ਬਣ ਗਿਆ  |

ਤੀਜੇ ਨੰਬਰ ਤੇ ਗੁਰੂ ਅਰਜਨ ਸਾਹਿਬ ਜੀ ਦੇ ਵਿਰੋਧੀ ਕਾਹਨਾ, ਛੱਜੂ, ਪੀਲੂ, ਸ਼ਾਹ ਹੁਸੈਨ ਬਣੇ ਕਿਉਂਕਿ ਇਨ੍ਹਾਂ ਦੀਆਂ ਰਚਨਾਵਾਂ ਗੁਰਮਤਿ ਦੀ ਕਸਵੱਟੀ ਤੇ ਪੂਰੀਆਂ ਨਾ ਉਤਰਨ ਕਰਕੇ ਇਨ੍ਹਾਂ ਨੂੰ  ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਤੋਂ ਗੁਰੂ ਜੀ ਨੇ ਨਾਂਹ ਕਰ ਦਿੱਤੀ | ਕਾਹਨਾ ਚੰਦੂ ਦਾ  ਰਿਸ਼ਤੇਦਾਰ ਸੀ, ਇਸ ਲਈ ਇਨ੍ਹਾਂ ਭਗਤਾਂ ਨੇ ਆਪਣੇ ਸ਼ਰਧਾਲੂਆਂ ਅਤੇ ਅਸਰ ਰਸੂਖ ਰੱਖਣ ਵਾਲੇ ਬਾਦਸ਼ਾਹ ਦੇ ਦਰਬਾਰੀਆਂ ਕੋਲ ਗੁਰੂ ਜੀ ਵਿਰੁੱਧ ਸ਼ਿਕਾਇਤਾਂ ਪਹੁੰਚਾਈਆਂ |

ਗੁਰੂ ਘਰ ਦਾ ਸਭ ਤੋਂ ਵੱਡਾ ਦੋਖੀ ਸ਼ੇਖ ਅਹਿਮਦ ਸਰਹੰਦੀ ਸੀ ਜੋ 1564 ਈਸਵੀ ਨੂੰ  ਸਰਹਿੰਦ ਵਿਖੇ ਸ਼ੇਖ ਅਬਦੁਲ  ਦੇ ਘਰ ਪੈਦਾ ਹੋਇਆ | ਇਹ 1599 ਈ: ਨੂੰ  ਹੱਜ ਜਾਣ ਸਮੇਂ ਖ਼ਵਾਜਾ ਮੁਹੰਮਦ ਬਾਕੀ ਬਿਲਾ ਨੂੰ  ਮਿਲਿਆ ਤੇ ਉਸਦਾ ਪੱਕਾ ਸੇਵਕ ਬਣ ਗਿਆ |ਖਵਾਜ਼ਾ ਬਾਕੀਬਿੱਲਾ ਅਕਬਰ ਦੇ ਅੰਤਲੇ ਕਾਲਾਂ ਵਿੱਚ ਤੋਰਾਨ ਤੋਂ ਇੱਕ ਨਵਾਂ ਸੂਫ਼ੀ ਸਿਲਸਿਲਾ ਨਕਸ਼ਬੰਦੀ ਲੈ ਕੇ ਹਿੰਦੋਸਤਾਨ ਆਇਆ | ਇਹ ਧਰਮ ਪ੍ਰਚਾਰ ਲਈ ਰਾਜਸੀ ਸ਼ਕਤੀ ਨੂੰ  ਵਰਤਣਾ ਜਾਇਜ਼ ਸਮਝਦਾ ਸੀ | ਇਸ ਨੇ ਇਸ ਕਾਰਜ ਲਈ  ਸ਼ੇਖ ਫ਼ਰੀਦ ਬੁਖਾਰੀ (ਮੁਰਤਜਾ ਖਾਨ) ਨੂੰ  ਆਪਣੇ ਨਾਲ ਜੋਡਿ?ਆ ਜੋ ਕਿ ਇਕ ਪ੍ਰਭਾਵਸ਼ਾਲੀ ਦਰਬਾਰੀ ਸੀ | ਖਵਾਜ਼ਾ ਬਾਕੀਬਿੱਲਾ ਦੀ 1603 ਈਸਵੀ ਨੂੰ  ਮੌਤ ਹੋ ਗਈ | ਸ਼ੇਖ ਫ਼ਰੀਦ ਬੁਖਾਰੀ ਅਤੇ ਸ਼ੇਖ ਅਹਿਮਦ ਸਰਹੰਦੀ ਵਿੱਚ ਆਪਸੀ ਬਹੁਤ ਨੇੜਤਾ ਹੋ ਗਈ ਸੀ | ਸ਼ੇਖ ਅਹਿਮਦ ਸਰਹੰਦੀ ਸਾਰੇ ਹਿੰਦੋਸਤਾਨ ਅੰਦਰ ਇਸਲਾਮ ਦਾ ਬੋਲਬਾਲਾ ਚਾਹੁੰਦਾ ਸੀ ਇਸ ਕਾਰਜ ਲਈ ਉਸ ਨੇ ਸ਼ੇਖ ਫ਼ਰੀਦ ਬੁਖਾਰੀ ਨੂੰ  ਪੂਰਾ ਵਰਤਿਆ | ਅਕਬਰ ਦੀ ਮੌਤ ਤੋਂ ਬਾਅਦ ਇਨ੍ਹਾਂ ਨੇ ਜਹਾਂਗੀਰ ਦੀ ਤਖਤ ਹਾਸਲ ਕਰਨ ਵਿੱਚ ਇਸ ਸ਼ਰਤ ਤੇ ਮਦਦ ਕੀਤੀ ਕਿ ਤਖ਼ਤ ਤੇ ਬੈਠ ਕੇ ਜਹਾਂਗੀਰ ਇਸਲਾਮ ਦੇ ਵਾਧੇ ਲਈ ਵੱਧ ਤੋਂ ਵੱਧ ਜਤਨ ਕਰੇਗਾ |

ਇਹਨਾਂ ਦਿਨਾਂ ਵਿਚ ਸਿੱਖ ਧਰਮ ਹਰ ਪੱਖ ਤੋਂ ਵਿਕਸਤ ਹੋ ਰਿਹਾ ਸੀ | ਭਾਰੀ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਸਿੱਖ ਮੱਤ ਸਾਮਲ ਹੋ ਰਹੇ ਸਨ | ਸੇਖ ਅਹਿਮਦ ਸਰਹੰਦੀ ਕਾਫੀ ਸਮੇਂ ਤੋਂ ਏਸ ਗੱਲੋਂ ਔਖਾ ਸੀ | ਇਸ ਸਚਾਈ ਨੂੰ  ਉਹ ਸਮਝਦਾ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਹੁੰਦਿਆਂ ਇਸਲਾਮ ਦੇ ਵਾਧੇ ਦਾ ਲਕਸ਼ ਪ੍ਰਾਪਤ ਕਰਨਾ ਸੰਭਵ ਨਹੀਂ |ਇਸ ਨੇ ਗੁਰੂ ਜੀ ਬਾਰੇ ਆਪਣੇ ਭੈੜੇ ਖਿਆਲ ਸੇਖ ਫਰੀਦ ਬੁਖਾਰੀ ਤੱਕ ਵੀ ਪਹੁੰਚਾਏ ਸਨ ਅਤੇ ਕੁਝ ਕਰ ਗੁਜਰਨ  ਲਈ ਸੁਝਾਅ ਵੀ ਦਿਤੇ ਸਨ |

ਜਹਾਂਗੀਰ ਬਾਦਸ਼ਾਹ ਨੇ ਆਪਣੀ ਸਵੈ ਜੀਵਨੀ ਤੁਜ਼ਕ-ਏ-ਜਹਾਂਗੀਰੀ ਵਿੱਚ ਲਿਖਿਆ ਹੈ ਕਿ ਮੈਨੂੰ ਪਤਾ ਲੱਗਿਆ ਸੀ ਕਿ ਬਿਆਸ ਦਰਿਆ ਦੇ ਕੰਢੇ ਤੇ ਇੱਕ ਅਰਜਨ ਨਾਂ ਦਾ ਇਨਸਾਨ ਸਿੱਖੀ ਭੇਸ ਵਿੱਚ ਰਹਿੰਦਾ ਹੈ |ਉਹ ਸਿੱਧੇ ਸਾਧੇ ਹਿੰਦੂਆਂ ਤੇ ਮੁਸਲਮਾਨਾਂ ਨੂੰ  ਸੇਵਕ ਬਣਾ ਰਿਹਾ ਹੈ |ਮੇਰੇ ਮਨ ਵਿਚ ਆਈ ਸੀ ਕਿ ਇਸ ਝੂਠ ਦੀ ਦੁਕਾਨ ਨੂੰ  ਬੰਦ ਕਰਾਂ ਪਰ ਮੈ ਮੌਕੇ ਦੀ ਉਡੀਕ ਵਿੱਚ ਸੀ |ਇਹ ਵੀ ਪਤਾ ਲੱਗਿਆ ਕਿ ਉਸਨੇ ਬਾਗੀ ਖੁਸਰੋ ਦੀ ਮਦਦ ਕੀਤੀ ਤੇ ਉਸਨੂੰ ਸ਼ਰਨ ਦਿੱਤੀ |ਜਹਾਂਗੀਰ ਦੇ ਅੰਦਰ ਇਹ ਜ਼ਹਿਰ ਭਰਨ ਵਾਲੇ ਪਿ੍ਥੀ ਚੰਦ ਤੇ ਉਹ ਭਗਤ ਸਨ ਜਿਨ੍ਹਾਂ ਦੀ ਰਚਨਾ ਨੂੰ  ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ | ਚੰਦੂ ਦੀਆਂ ਖੋਟੀਆਂ ਚਾਲਾਂ ਤੋਂ ਪ੍ਰਭਾਵਿਤ ਹੋਏ ਦਰਬਾਰੀ ,ਖਵਾਜਾ ਮੁਹੰਮਦ ਬਾਕੀ ਬਿੱਲਾ, ਸ਼ੇਖ ਫ਼ਰੀਦ ਬੁਖਾਰੀ ਤੇ ਸ਼ੇਖ ਅਹਿਮਦ ਸਰਹੰਦੀ ਸੀ ਜਿਨ੍ਹਾਂ ਗੁਰੂ ਘਰ ਵਿਰੁੱਧ ਵਿਉਂਤਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਸਨ |17 ਅਕਤੂਬਰ 1605 ਈ ਨੂੰ  ਜਹਾਂਗੀਰ ਤਖਤ ਤੇ ਬੈਠਾ |6ਅਪ੍ਰੈਲ 11606 ਈ: ਨੂੰ  ਖੁਸਰੋ ਆਗਰੇ ਦੇ ਕਿਲ੍ਹੇ ਤੋਂ ਬਗਾਵਤ ਕਰਕੇ ਭੱਜ ਨਿਕਲਿਆ ਸੀ |

ਬਾਦਸ਼ਾਹ ਆਗਰੇ ਤੋਂ ਹੀ ਖੁਸਰੋ ਦਾ ਪਿੱਛਾ ਕਰ ਰਿਹਾ ਸੀ |ਰਸਤੇ ਵਿੱਚ ਖੁਸਰੋ ਦੇ  ਠਹਿਰਨ, ਕਿਸੇ ਤੋਂ ਮਦਦ ਮਿਲਣ ਤੇ ਅੱਗੇ ਭੱਜ ਜਾਣ ਦੀ ਖ਼ਬਰ ਉਸ ਨੂੰ  ਮਿਲਦੀ ਜਾਂਦੀ ਸੀ | ਮਦਦ ਦੇਣ ਵਾਲਿਆਂ ਨੂੰ  ਉਹ ਸਜ਼ਾਵਾਂ ਵੀ ਦੇਈ ਜਾਂਦਾ ਸੀ  |ਬਾਦਸ਼ਾਹ ਦੇ ਸੂਹੀਏ ਤੇ ਇਨਾਮ ਲੈਣ ਤੇ ਲਾਲਚੀ ਚੁਗਲਖੋਰ ਚੱਪੇ-ਚੱਪੇ ਤੇ ਖੜੇ ਸਨ |16ਅਪ੍ਰੈਲ 1606 ਈ: ਨੂੰ  ਉਹ ਸੁਲਤਾਨਪੁਰ ਪੁੱਜਾ | ਦੁਪਹਿਰ ਇੱਥੇ ਕੱਟੀ ਤੇ ਫਿਰ ਬਿਆਸ ਦਰਿਆ ਪਾਰ ਕਰਕੇ ਗੋਇੰਦਵਾਲ ਸਾਹਿਬ ਪੁੱਜਾ | ਇੱਥੇ ਹੀ ਉਸ ਨੂੰ  ਖ਼ਬਰ ਮਿਲੀ ਕਿ ਖੁਸਰੋ ਤੇ ਫਤਿਹ ਹੋ ਗਈ ਹੈ |28 ਅਪ੍ਰੈਲ ਨੂੰ  ਬਾਦਸ਼ਾਹ ਲਹੌਰ ਪੁੱਜਿਆ ਤੇ 7 ਮਈ ਤੱਕ ਕਾਮਰਾਨ ਦੇ ਬਾਗ ਵਿੱਚ ਰਿਹਾ | ਜੋ ਜੋ ਲੋਕ ਅਪਰਾਧੀ ਸਮਝੇ ਗਏ ਉਨ੍ਹਾਂ ਨੂੰ  ਸਜਾਵਾਂ ਦਿੱਤੀਆਂ ਅਤੇ ਖਿਦਮਤਾਂ ਕਰਨ ਵਾਲਿਆਂ ਨੂੰ  ਇਨਾਮ ਦਿੱਤੇ |

ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸ਼ੇਖ ਅਹਿਮਦ ਸਰਹੰਦੀ ਸ਼ੇਖ ,ਫ਼ਰੀਦ ਬੁਖਾਰੀ, ਚੰਦੂ ਤੇ ਆਦਿਕਾਂ ਨੇ 23 ਮਈ ਦੇ ਲਗਪਗ ਇੱਕ ਫ਼ਰਜ਼ੀ ਸ਼ਿਕਾਇਤ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਪਹੁੰਚਾਈ ਜਿਸ ਵਿਚ ਕਿਹਾ   ਕਿ ਗੋਇੰਦਵਾਲ ਵਿਖੇ ਭੱਜੇ ਆਉਂਦੇ ਬਾਗੀ ਖੁਸਰੋ ਨੂੰ  ਗੁਰੂ ਅਰਜਨ ਸਾਹਿਬ ਜੀ ਨੇ ਆਸਰਾ, ਮਦਦ ਅਤੇ ਅਸ਼ੀਰਵਾਦ ਦਿੱਤਾ ਤਾਂ ਕਿ ਉਹ ਜਹਾਂਗੀਰ ਦਾ ਟਾਕਰਾ ਕਰ ਸਕੇ |

ਗੁਰੂ ਅਰਜਨ ਸਾਹਿਬ ਜੀ ਨੂੰ  ਸਖਤ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦੀ ਸਭ ਤੋਂ ਵੱਧ ਖੁਸ਼ੀ ਸ਼ੇਖ ਅਹਿਮਦ ਸਰਹੰਦੀ ਨੂੰ  ਹੋਈ ਜੋ ਉਸਦੀ ਸ਼ੇਖ ਫ਼ਰੀਦ ਬੁਖਾਰੀ ਨੂੰ  ਲਿਖੀ ਚਿੱਠੀ ਵਿੱਚੋਂ ਪ੍ਰਗਟ ਹੁੰਦੀ ਹੈ |

ਸ੍ਰੀ ਗੁਰੂ ਅਰਜਨ ਸਾਹਿਬ ਜੀ ਦੁਆਰਾ ਬਾਗੀ ਖੁਸਰੋ ਦੀ ਮਦਦ ਦਾ ਬੇਬੁਨਿਆਦ ਦੋਸ਼ ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫ਼ਰੀਦ ਬੁਖਾਰੀ ਦੀਆਂ ਰਚੀਆਂ ਸਾਜ਼ਿਸ਼ਾਂ ਦਾ ਸਿੱਟਾ ਸੀ | ਇਸ ਕਾਰਜ ਲਈ ਉਨ੍ਹਾਂ ਨੇ ਚੰਦੂ ਅਤੇ ਕੱਟੜ ਮੁਸਲਮਾਨਾਂ ਦੀ ਵੀ ਮਦਦ ਲਈ |ਬਾਦਸ਼ਾਹ ਨੇ ਕੋਈ ਤਹਿਕੀਕਾਤ ਨਹੀਂ ਕੀਤੀ ਅਤੇ ਐਵੇਂ ਸੁਣ ਕੇ ਹੀ ਆਪਣੇ ਪਹਿਲੇ ਬਣੇ ਤੁਅੱਸਬ ਵਿੱਚ ਗੁੱਸਾ ਖਾ ਕੇ ਗੁਰੂ ਜੀ ਨੂੰ  ਸਖਤ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ |

ਗੁਰੂ ਜੀ ਨੂੰ  ਦਿੱਤੇ ਗਏ ਤਸੀਹਿਆਂ ਦਾ ਕੀ ਰੂਪ ਸੀ? ਇਸ ਬਾਰੇ ਕਈ ਵਿਚਾਰ ਹਨ | ਸਿੱਖ ਰਵਾਇਤਾਂ ਅਨੁਸਾਰ ਉਨ੍ਹਾਂ ਨੂੰ  ਪਹਿਲਾਂ ਕਈ ਦਿਨ ਭੁੱਖੇ ਪਿਆਸੇ ਅਤੇ ਉਨੀਂਦਰੇ ਰੱਖਿਆ ਗਿਆ |ਉਨ੍ਹਾਂ ਨੂੰ  ਉਬਲਦੇ ਪਾਣੀ ਵਿੱਚ ਬਿਠਾਇਆ ਗਿਆ | ਤੱਤੀ ਤਵੀ ਤੇ ਬਿਠਾ ਕੇ ਉੱਪਰ  ਗਰਮ ਰੇਤ ਪਾਈ ਗਈ | ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਭਰ ਗਿਆ | ਭਾਈ ਰਤਨ ਸਿੰਘ ਭੰਗੂ ,ਮੁਨਸ਼ੀ ਸੋਹਣ ਲਾਲ ਤੇ ਭਾਈ ਕੇਸਰ ਸਿੰਘ ਅਨੁਸਾਰ ਜਦੋਂ ਗੁਰੂ ਜੀ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਏ ਤਾਂ ਉਨ੍ਹਾਂ ਦਾ ਸਰੀਰ ਰਾਵੀ ਨਦੀ ਵਿੱਚ ਰੋੜ੍ਹ ਦਿੱਤਾ ਗਿਆ |

ਪੰਚਮ ਪਾਤਸ਼ਾਹ ਨੂੰ  ਇਹ ਸਾਰੇ ਤਸੀਹੇ ਭੁਲੜ ਤੇ ਈਰਖਾਵਾਦੀ ਚੰਦੂ ਦੀ ਦੇਖ ਰੇਖ ਵਿਚ ਦਿੱਤੇ ਗਏ | ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ :

ਕਰਿ ਚਾਕਰ ਸੋ ਦੇਗ ਉਬਾਰੀ | ਪਕਰੋ ਦੇਹੁ, ਤਿਸੀਂ ਮਹਿ ਭਾਰੀ |

ਤਬਿ ਸਤਿਗੁਰੁ ਉਠਿ ਆਪੇ ਗਏ | ਤਪਤਿ ਨੀਰ ਮਹਿ ਬੈਠਤਿ ਭਏ | (ਪੰਨਾ 2364)

ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ  1606ਈ:ਨੂੰ ਲਹੌਰ ਵਿਖੇ ਇਸ ਪੰਜ ਭੂਤਕ ਸਰੀਰ ਨੂੰ  ਤਿਆਗ ਗਏ |

Leave a Reply

Your email address will not be published.