ਸ੍ਰੀ ਅਨੰਦਪੁਰ ਸਾਹਿਬ / ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਹੋਲਾ ਮਹੱਲਾ ਮੌਕੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸਹਿਯੋਗ ਨਾਲ ਸਥਾਨਕ ਮਾਤਾ ਨਾਨਕੀ ਚੇਰੀਟੈਬਲ ਹਸਪਤਾਲ ਦੇ ਨਜ਼ਦੀਕ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ ।
ਕਾਨਫਰੰਸ ‘ਚ ਜਿਥੇ ਕੁਝ ਬੁਲਾਰਿਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸਿਆਸੀ ਲੜਾਈ ਲੜਕੇ ਆਪਣੀ ਸਰਕਾਰ ਬਣਾਕੇ ਕਿਸਾਨੀ ਮਸਲਿਆਂ ਦਾ ਹੱਲ ਲਈ ਲੋਕਾਂ ਦੇ ਇਕੱਠ ਤੋਂ ਸਹਿਯੋਗ ਮੰਗਿਆਂ ਉਥੇ ਹੀ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਹੋਰਨਾਂ ਨੇ ਸਿਆਸੀ ਲੜਾਈ ‘ਚ ਪੈਣ ਤੋਂ ਕਿਨਾਰਾ ਕਰਦਿਆਂ ਕਿਸਾਨੀ ਸੰਘਰਸ਼ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ । ਰਾਜੇਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨਾ ਜਾਣਦੇ ਹਨ ਪਰ ਇਸ ਵੇਲੇ ਉਨ੍ਹਾਂ ਦੀ ਖੇਤੀ ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਪਹਿਲੀ ਤਰਜੀਹ ਹੈ । ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਵੇਂ ਕਿ ਕੇਂਦਰ ਨੇ ਖੇਤੀ ਸਬੰਧੀ ਕਾਨੂੰਨ ਕੁਝ ਕੁ ਮਹੀਨੇ ਪਹਿਲਾਂ ਬਣਾਏ ਹਨ ਪਰ ਉਨ੍ਹਾਂ ਨੂੰ ਸਰਕਾਰ ਦੀ ਮਨਸ਼ਾ ਦਾ ਕਰੀਬ ਦੋ ਕੁ ਸਾਲ ਪਹਿਲਾਂ ਹੀ ਪਤਾ ਲੱਗ ਗਿਆ ਸੀ । ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਦੇ ਸਹਾਰੇ ਖੇਤੀ ਦੇ ਕਿੱਤੇ ਨੂੰ ਕਾਰਪੋਰੇਟਾਂ ਹਵਾਲੇ ਕਰਨ ‘ਤੇ ਤੁਲੀ ਹੋਈ ਹੈ । ਜੋ ਦੇਸ਼ ਦੇ ਕਿਸੇ ਵਰਗ ਦੇ ਹਿੱਤ ‘ਚ ਨਹੀਂ । ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 30 ਮਾਰਚ ਦੀ ਮੀਟਿੰਗ ‘ਚ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ।
ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੱਜ ਦੇ ਹਾਕਮ ਅੰਗਰੇਜ਼ਾਂ ਤੋਂ ਵੀ ਵੱਡੇ ਲੁਟੇਰੇ ਬਣ ਬੈਠੇ ਹਨ । ਜੋ ਆਪਣੇ ਚਹੇਤੇ ਸਰਮਾਏਦਾਰਾਂ ਨੂੰ ਦੇਸ਼ ਦੇ ਕੀਮਤੀ ਸਾਧਨਾਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਦੇ ਰਾਹ ਪੈ ਗਏ ਹਨ । ਉਨ੍ਹਾਂ ਕਿਹਾ ਕਿ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਬਦੌਲਤ ਦੇਸ਼ ਭੁੱਖਮਰੀ ਵਾਲੇ ਦੇਸ਼ਾਂ ‘ਚ 102ਵੇਂ ਸਥਾਨ ‘ਤੇ ਪਹੁੰਚ ਗਿਆ ਹੈ । ਅੱਜ ਦਾ ਕਿਸਾਨ ਅੰਦੋਲਨ ਜਿਉਂਦੇ ਰਹਿਣ ਦੀ ਲੜਾਈ ਹੈ । ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ, ਮਨਜੀਤ ਸਿੰਘ ਰਾਏ ਆਦਿ ਨੇ ਕਿਹਾ ਕਿ ਅੱਜ ਲੜਾਈ ਦੋ ਜਮਾਤਾਂ ਦੀ ਰਹਿ ਗਈ ਹੈ ਇਕ ਪਾਸੇ ਕਿਸਾਨ ਅਤੇ ਆਮ ਲੋਕ ਹਨ ਜੋ ਆਪਣੀ ਰੋਜ਼ੀ ਰੋਟੀ ਦੀ ਲੜਾਈ ਲੜ ਰਹੇ ਹਨ ਦੂਜੇ ਪਾਸੇ ਰਾਜਨੀਤਕ ਲੋਕ ਸਰਮਾਏਦਾਰ ਪੱਖੀ ਹੋ ਕੇ ਉਨ੍ਹਾਂ ਦੀ ਲੜਾਈ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਬਦੌਲਤ ਅੱਜ ਭਾਜਪਾ ਦੇਸ਼ ਅੰਦਰ ਰਾਜਨੀਤਕ ਮੌਤ ਮਰ ਚੁੱਕੀ ਹੈ । ਕਾਨਫਰੰਸ ਨੂੰ ਹਰਿੰਦਰ ਸਿੰਘ ਲੱਖੋਵਾਲ, ਸੁਰਜੀਤ ਸਿੰਘ ਫੂਲ, ਅਵਿਮੰਨਿਊ ਕੋਹਾਰ, ਨੌਜਵਾਨ ਨਵਦੀਪ ਹਰਿਆਣਾ, ਹਰਜਿੰਦਰ ਸਿੰਘ ਟਾਂਡਾ, ਮਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਕਾਰਸੇਵਾ ਵਾਲੇ ਸੰਤ ਸੁੱਚਾ ਸਿੰਘ, ਸੰਤ ਸਤਨਾਮ ਸਿੰਘ, ਗੁਰਦੁਆਰਾ ਸ਼ਹੀਦੀ ਬਾਗ਼ ਸੰਤ ਗੁਰਦੇਵ ਸਿੰਘ, ਸਮਸ਼ੇਰ ਸਿੰਘ ਸ਼ੇਰਾ, ਜੈਮਲ ਸਿੰਘ ਭੜੀ, ਤਰਲੋਚਨ ਸਿੰਘ, ਜਸਪਾਲ ਸਿੰਘ ਢਾਹੇ, ਧਰਮ ਸਿੰਘ ਨਿੱਕੂਵਾਲ, ਸੁਖਦੇਵ ਸਿੰਘ ਖਾਨਪੁਰ, ਦਰਸ਼ਨ ਸਿੰਘ ਅਟਾਰੀ, ਸ਼ੇਰ ਸਿੰਘ ਬੁਰਜ, ਅਵਤਾਰ ਸਿੰਘ ਬਹਿਲੂ, ਸੇਠੀ ਸ਼ਰਮਾ, ਵਿਨੋਦ ਕੁਮਾਰ ਜਿੰਦਵੜੀ, ਜਸਪਾਲ ਸਿੰਘ ਪੰਮੀ, ਜਗਜੀਤ ਸਿੰਘ ਜੱਗੀ, ਕੁਲਦੀਪ ਸਿੰਘ ਬਜੀਦਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ ।