ਸੂਰਤ ਤੋਂ ਪਹਿਲਾਂ ਸੀਰਤ ਸ਼ਿੰਗਾਰੀਏ

ਸੂਰਤ ਤੋਂ ਪਹਿਲਾਂ ਸੀਰਤ ਸ਼ਿੰਗਾਰੀਏ

ਬਾਜ਼ਾਰ ਵਿਚ ਤਰ੍ਹਾਂ ਤਰ੍ਹਾਂ ਦੇ ਸੁੰਦਰਤਾ ਵਧਾਉਣ ਵਾਲੇ ਹਾਰ ਸ਼ਿੰਗਾਰ ਮਿਲਦੇ ਹਨ ਅਤੇ ਆਪਾਂ ਇਨ੍ਹਾਂ ਨੂੰ ਮੁੱਲ ਲੈ ਸਕਦੇ ਹਾਂ ਪਰ ਅੰਦਰ ਦੀ ਖ਼ੂਬਸੂਰਤੀ ਨੂੰ ਆਪਾਂ ਬਾਜ਼ਾਰੂ ਵਸਤੂਆਂ ਨਾਲ ਨਹੀ ਸ਼ਿੰਗਾਰ ਸਕਦੇ। ਬਾਜ਼ਾਰੂ ਸ਼ਿੰਗਾਰ ਦੀਆਂ ਵਸਤੂਆਂ ਸਿਰਫ਼ ਚਿਹਰਾ ਸ਼ਿੰਗਾਰਦੀਆਂ ਹਨ ਪਰ ਸੀਰਤ ਨੂੰ ਸ਼ਿੰਗਾਰਨ ਲਈ ਆਪਾਂ ਨੂੰ ਚੰਗੇ ਸੰਸਕਾਰਾਂ ਵਿਚਾਰਾਂ ਅਤੇ ਨਿਮਰਤਾ ਵਾਲੇ ਸੁਭਾਅ ਦੇ ਧਾਰਨੀ ਹੋਣਾ ਪਵੇਗਾ ਤਾਂ ਹੀ ਆਪਣੀ ਦਿੱਖ ਨੂੰ ਚਾਰ ਚੰਨ ਲੱਗ ਸਕਦੇ ਹਨ। ਸਵੇਰੇ ਸਭ ਤੋਂ ਪਹਿਲਾਂ ਉੱਠਦੇ ਹੀ ਰੱਬ ਦਾ ਸ਼ੁਕਰਾਨਾ ਕਰੋ ਕਿਉਂਕਿ ਉਸਨੇ ਸਾਨੂੰ ਰਾਤ ਦੇ ਘੋਰ ਹਨੇਰੇ ਤੋਂ ਬਾਦ ਸੋਹਣੀ ਖਿੜੀ ਸਵੇਰ ਬਖ਼ਸ਼ੀ ਅਤੇ ਉਸ ਤੋਂ ਬਾਅਦ ਕੁਦਰਤ ਦਾ ਸ਼ੁਕਰਾਨਾ ਕਰੋ ਜਿਸ ਨੇ ਆਪਣੇ ਸੋਹਣੇ ਮਨਮੋਹਕ ਫੁੱਲ ਕਲੀਆਂ, ਦਰੱਖ਼ਤਾਂ ਨਾਲ ਸਾਡੀਆਂ ਅੱਖਾਂ ਨੂੰ ਠੰਢਕ ਮਹਿਸੂਸ ਕਰਵਾਈ, ਉਸ ਤੋਂ ਬਾਦ ਜੋ ਵੀ ਮਿਲੇ ਉਸ ਨੂੰ ਹੱਸ ਕੇ ਖਾਓ ਅਤੇ ਚਿੰਤਾ ਮੁਕਤ ਰਹੋ, ਕਦੇ ਵੀ ਨਾਸ਼ੁਕਰੇ ਨਾ ਹੋਵੋ। ਜੇ ਕਰ ਤੁਹਾਡੇ ਕੋਲ ਦਿਨ ਵਿਚ ਵਿਹਲਾ ਸਮਾਂ ਹੈ ਤਾਂ ਬਜ਼ੁਰਗਾਂ ਨਾਲ ਗੱਲਾਂ ਕਰੋ ਇਸ ਨਾਲ ਉਨ੍ਹਾਂ ਨੂੰ ਚੰਗਾ ਲੱਗੇਗਾ ਅਤੇ ਤੁਹਾਡੀ ਜਾਣਕਾਰੀ ਵਿਚ ਵਾਧਾ ਵੀ ਹੋਵੇਗਾ।ਕਦੇ ਵੀ ਕਿਸੇ ਦੀ ਜ਼ਿੰਦਗੀ ਵਿਚ ਬੇਮਤਲਬ ਦਖ਼ਲ ਅੰਦਾਜ਼ੀ ਤੋਂ ਬਚੋ, ਭਾਵ ਕਿ ਕਿਸੇ ਦੀ ਨਿੰਦਾ ਚੁਗਲੀ ਕਰ ਕੇ ਅਨਮੋਲ ਸਮਾਂ ਅਤੇ ਆਪਣਾ ਦਿਮਾਗ਼ ਖ਼ਰਾਬ ਨਾ ਕਰੋ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਕਿਸੇ ਨਾਲ ਈਰਖਾ ਨਾ ਰੱਖੋ। ਨਾ ਹੀ ਕਿਸੇ ਨੂੰ ਬੇਮਤਲਬ ਨੁਕਸਾਨ ਪਹੁੰਚਾਵੋ। ਜਿੰਨਾ ਹੋ ਸਕੇ ਲੋੜਵੰਦ ਦੀ ਸਹਾਇਤਾ ਕਰੋ। ਜੇਕਰ ਘਰ ਵਿਚ ਵਾਧੂ ਥਾਂ ਹੋਵੇ ਤਾਂ ਉਸ ਅੰਦਰ ਛੋਟੀ ਜਿਹੀ ਬਗ਼ੀਚੀ ਜ਼ਰੂਰ ਲਗਾਓ ਸੋਹਣੇ ਸੋਹਣੇ ਫੁੱਲ ਬੂਟਿਆਂ ਨਾਲ ਉਸ ਨੂੰ ਸਜਾਓ। ਕੁਦਰਤ ਨਾਲ ਗੱਲਾਂ ਕਰੋ ਜਦੋਂ ਤੁਹਾਨੂੰ ਨਿਰਾਸ਼ਾ ਮਹਿਸੂਸ ਹੋਵੇ ਇਨ੍ਹਾਂ ਖਿੜੇ ਹੋਏ ਫੁੱਲਾਂ ਨੂੰ ਵੇਖੋ ਤੁਹਾਡੇ ਚਿਹਰੇ ’ਤੇ ਸਹਿਜੇ ਹੀ ਮੁਸਕਾਨ ਆ ਜਾਵੇਗੀ। ਸਦਾ ਖ਼ੁਸ਼ ਰਹਿਣ ਦੇ ਯਤਨ ਕਰੋ, ਆਵਦੇ ਆਪ ਨਾਲ ਪਿਆਰ ਕਰੋ। ਜਦੋਂ ਵੀ ਤੁਸੀਂ ਕਿਸੇ ਅਣਜਾਣ ਨੂੰ ਮਿਲੋ ਤਾਂ ਨਿਮਰਤਾ ਅਤੇ ਇਕ ਨਿੰਮੀ ਜਿਹੀ ਮੁਸਕਾਨ ਨਾਲ ਦੋਵੇਂ ਹੱਥ ਜੋੜ ਸਤਿ ਸ੍ਰੀ ਅਕਾਲ ਬੁਲਾਓ। ਇਹ ਵਰਤਾਰਾ ਤੁਹਾਡੀ ਸ਼ਖ਼ਸੀਅਤ ’ਚ ਚਾਰ ਚੰਨ ਲਾਉਣ ਲਈ ਸਹਾਈ ਹੋਵੇਗਾ। ਰਸਮੀ ਗੱਲਬਾਤ ਤੋਂ ਬਾਅਦ ਅਦਬ ਸਹਿਤ ਜਾਣ ਦੀ ਆਗਿਆ ਮੰਗੋ।ਜੇਕਰ ਕਿਸੇ ਦੇ ਘਰ ਪਹਿਲੀ ਵਾਰ ਜਾ ਰਹੇ ਹੋ ਅਤੇ ਉਸ ਘਰ ’ਚ ਬਜ਼ੁਰਗ ਹਨ ਤਾਂ ਪਹਿਲਾਂ ਉਨ੍ਹਾਂ ਨੂੰ ਅਦਬ ਸਹਿਤ ਮਿਲੋ ਫੇਰ ਬਾਕੀ ਮੈਂਬਰਾਂ ਨੂੰ ਮਿਲੋ। ਇਸ ਨਾਲ ਬਜ਼ੁਰਗਾਂ ਦੇ ਮਾਣ ਸਤਿਕਾਰ ’ਚ ਵਾਧਾ ਹੋਵੇਗਾ ਤੇ ਉਹ ਖ਼ੁਸ਼ੀ ਮਹਿਸੂਸ ਕਰਨਗੇ। ਵਾਧੂ ਦੀਆਂ ਗੱਲਾਂ ਕਰਨ ਦੀ ਬਜਾਇ ਕਿਸੇ ਸਮਾਜਿਕ ਜਾਂ ਘਰੇਲੂ ਮੁੱਦੇ ’ਤੇ ਗੱਲ ਕਰੋ ਜਿਸ ਦੇ ਕੋਈ ਸਾਰਥਿਕ ਅਰਥ ਨਿਕਲਦੇ ਹੋਣ। ਜੇਕਰ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਸੀਰਤ ਬਹੁਤ ਨਿੱਖਰ ਸਕਦੀ ਹੈ ਅਤੇ ਲੋਕਾਂ ਨਾਲ ਵਿਚਰਦੇ ਹੋਏ ਆਪਣੀ ਵਿਲੱਖਣ ਪਛਾਣ ਬਣਾ ਸਕਦੇ ਹਾਂ। ਦਿਲੋਂ ਮਿੱਠਬੋਲੜੇ ਬਣਨ ਨੂੰ ਤਰਜੀਹ ਦੇਈਏ ਨਾ ਕਿ ਝੂਠੀ ਸ਼ਾਨ ਲਈ ’ਚ ਰਹੀਏ, ਇਸ ਲਈ ਜੀ ਕਹੋ ਤੇ ਜੀ ਕਹਾਓ ਸੀਰਤ ਨੂੰ ਚਾਰ ਚੰਨ ਲਾਓ।

Leave a Reply

Your email address will not be published.