ਸੁਖਜਿੰਦਰ ਰੰਧਾਵਾ ਨੂੰ ਅੱਜ ਵੀ ਸੀਐਮ ਨਾ ਬਣਨ ਦਾ ਅਫ਼ਸੋਸ

ਰਾਜਸਥਾਨ: ਅਜੇ ਮਾਕਨ ਦੇ ਅਸਤੀਫ਼ੇ ਅਤੇ ਰਾਜਸਥਾਨ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਵਿਚਾਲੇ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਬਣਾ ਦਿੱਤਾ ਹੈ। ਭਾਵੇਂ ਪਾਰਟੀ ਹਾਈਕਮਾਂਨ ਰੰਧਾਵਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਪਰ ਰੰਧਾਵਾ ਨੂੰ ਪੰਜਾਬ ਦਾ ਮੁੱਖ ਮੰਤਰੀ ਨਾ ਬਣਨ ਦਾ ਅਫਸੋਸ ਅੱਜ ਵੀ ਹੈ। ਇਸ ਗੱਲ ਇੱਕ ਵਾਰ ਫਿਰ ਉਨ੍ਹਾਂ ਦੀ ਜ਼ੁਬਾਨ ‘ਤੇ ਆ ਗਈ। ਰਾਜਸਥਾਨ ਪਾਰਟੀ ਇੰਚਾਰਜ ਬਣਾਏ ਜਾਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੰਜਾਬ ਵਾਂਗ ਰਾਜਸਥਾਨ ਵਿੱਚ ਵੀ ਸੀ.ਐੱਮ. ਅਹੁਦੇ ਦੀ ਲੜਾਈ ਹੈ, ਗਹਿਲੋਤ ਤੇ ਪਾਇਲਟ ਵਿੱਚੋਂ ਕੋਈ ਵੀ ਸੀ.ਐੱਮ. ਅਹੁਦੇ ਲਈ ਰਾਜ਼ੀ ਨਹੀਂ ਹੈ ਤਾਂ ਤੁਸੀਂ ਕਿਸ ਤਰ੍ਹਾਂ ਇਸ ਲੜਾਈ ਨੂੰ ਖ਼ਤਮ ਕਰੋਗੇ। ਇਸ ‘ਤੇ ਰੰਧਾਵਾ ਨੇ ਕਿਹਾ ਕਿ ਰਾਜਸਥਾਨ ਵਿੱਚ ਇਹ ਲੜਾਈ ਖਤਮ ਕਰਨ ਲਈ ਹੀ ਉਨ੍ਹਾਂ ਨੂੰ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਰਵਾਇਤੀ ਕਾਂਗਰਸੀ ਹਾਂ। ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ ਹੈ ਕਿ ਪੰਜਾਬ ਵਿੱਚ ਮੇਰਾ ਨਾਂ ਸੀ.ਐੱਮ. ਲਈ ਉਠਿਆ ਪਰ ਮੈਨੂੰ ਡਿਪਟੀ ਸੀ.ਐੱਮ. ਬਣਾ ਦਿੱਤਾ ਗਿਆ। ਪਰ ਮੈਂ ਕਦੇ ਅਨੁਸ਼ਾਸਨਹੀਣਤਾ ਨਹੀਂ ਕੀਤੀ। ਜੋ ਪਾਰਟੀ ਨੇ ਕੀਤਾ ਮੈਂ ਉਹ ਮੰਨਦਾ ਗਿਆ। ਸੁਖਜਿੰਦਰ ਸਿੰਘ ਦੀਆਂ ਇਨ੍ਹਾਂ ਸਾਰਿਆਂ ਗੱਲਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਇੱਕ ਠੇਸ ਹੈ ਕਿ ਉਨ੍ਹਾਂ ਨੂੰ ਪੰਜਾਬ ਦਾ ਸੀ.ਐੱਮ. ਨਹੀਂ ਬਣਾਇਆ ਗਿਆ। ਦੱਸ ਦੇਈਏ ਕਿ ਰੰਧਾਵਾ ਨੇ ਆਪਣੀ ਸਰਕਾਰ ਵਿੱਚ ਰਹਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਉਹ ਕੈਪਟਨ ਸਰਕਾਰ ਵਿੱਚ ਹੀ ਜੇਲ੍ਹ ਤੇ ਕਾਪਰੇਸ਼ਨ ਮੰਤਰੀ ਵੀ ਰਹਿ ਚੁੱਕੇ ਹਨ। ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਪੰਜਾਬ ‘ਚ ਮੁੱਖ ਮੰਤਰੀ ਦੇ ਅਹੁਦੇ ਲਈ ਕਾਫੀ ਚਰਚਾ ‘ਚ ਰਿਹਾ ਪਰ ਉਹ ਸਿਰਫ ਚਰਚਾ ਤੱਕ ਹੀ ਸੀਮਤ ਰਹੇ ਅਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਸੀ.ਐੱਮ. ਬਣਾ ਦਿੱਤਾ ਗਿਆ ਸੀ।

Leave a Reply

Your email address will not be published. Required fields are marked *