ਸੀ.ਬੀ.ਐੱਸ.ਈ. 10ਵੀਂ ਦੀਆਂ ਪ੍ਰੀਖਿਆਵਾਂ ਰੱਦ, 12ਵੀਂ ਦੀਆਂ ਮੁਲਤਵੀ

Home » Blog » ਸੀ.ਬੀ.ਐੱਸ.ਈ. 10ਵੀਂ ਦੀਆਂ ਪ੍ਰੀਖਿਆਵਾਂ ਰੱਦ, 12ਵੀਂ ਦੀਆਂ ਮੁਲਤਵੀ
ਸੀ.ਬੀ.ਐੱਸ.ਈ. 10ਵੀਂ ਦੀਆਂ ਪ੍ਰੀਖਿਆਵਾਂ ਰੱਦ, 12ਵੀਂ ਦੀਆਂ ਮੁਲਤਵੀ

ਨਵੀਂ ਦਿੱਲੀ / ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਸਰਕਾਰ ਨੇ ਸੀ.ਬੀ.ਐੱਸ.ਈ. ਦੀਆਂ 10ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਜਦਕਿ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ |

12ਵੀਂ ਦੀਆਂ ਪ੍ਰੀਖਿਆਵਾਂ ਲਈ 1 ਜੂਨ ਨੂੰ ਮੁੜ ਤੋਂ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ | ਪ੍ਰੀਖਿਆਵਾਂ ਨੂੰ ਰੱਦ ਕਰਨ ਬਾਰੇ ਚੱਲ ਰਹੀ ਬਹਿਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨਾਲ ਕੀਤੀ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ | ਪ੍ਰਧਾਨ ਮੰਤਰੀ ਅਤੇ ਸਿੱਖਿਆ ਮੰਤਰੀ ਦਰਮਿਆਨ ਹੋਈ ਇਸ ਅਹਿਮ ਬੈਠਕ ‘ਚ ਕੇਂਦਰੀ ਸਿੱਖਿਆ ਸਕੱਤਰ ਅਤੇ ਕਈ ਚੋਟੀ ਦੇ ਅਧਿਕਾਰੀਆਂ ਨੇ ਹਿੱਸਾ ਲਿਆ | ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟਾਂ ਰਾਹੀਂ ਉਕਤ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ.ਬੀ.ਐੱਸ.ਈ. ਵਲੋਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਜੋ 4 ਮਈ ਤੋਂ 14 ਜੂਨ ਦਰਮਿਆਨ ਹੋਣੀਆਂ ਹਨ, ਨੂੰ ਮੁਲਤਵੀ ਕਰ ਦਿੱਤਾ ਗਿਆ ਹੈ | ਨਿਸ਼ੰਕ ਨੇ ਕਿਹਾ ਕਿ ਇਸ ਸਬੰਧ ‘ਚ ਫ਼ੈਸਲਾ 1 ਜੂਨ ਨੂੰ ਲਿਆ ਜਾਵੇਗਾ | ਇਸ ਦੇ ਨਾਲ ਇਹ ਵੀ ਕਿਹਾ ਕਿ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਘੱਟੋ-ਘੱਟ 15 ਦਿਨ ਦਾ ਨੋਟਿਸ ਦਿੱਤਾ ਜਾਵੇਗਾ | 10ਵੀਂ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ |

ਉਨ੍ਹਾਂ ਕਿਹਾ ਕਿ ਬੋਰਡ ਵਲੋਂ ਬਣਾਏ ਮੁਲਾਂਕਣ ਦੇ ਮੁਤਾਬਿਕ ਨਤੀਜਾ ਤਿਆਰ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਅਗਲੀ ਜਮਾਤ ‘ਚ ਭੇਜਿਆ ਜਾਵੇਗਾ | ਸਿੱਖਿਆ ਮੰਤਰੀ ਨੇ ਸਪੱਸ਼ਟ ਕਰਦਿਆਂ ਇਹ ਵੀ ਕਿਹਾ ਕਿ ਜੋ ਵਿਦਿਆਰਥੀ ਖੁਦ ਨੂੰ ਮਿਲੇ ਅੰਕਾਂ ਤੋਂ ਸੰਤੁਸ਼ਟ ਨਹੀਂ ਹੋਣਗੇ, ਉਨ੍ਹਾਂ ਨੂੰ ਪ੍ਰੀਖਿਆਵਾਂ ਦੇਣ ਦਾ ਮੌਕਾ ਮਿਲੇਗਾ | ਸਰਕਾਰ ਵਲੋਂ ਜਾਰੀ ਬਿਆਨ ਮੁਤਾਬਿਕ ਪ੍ਰਧਾਨ ਮੰਤਰੀ ਨੇ ਮੀਟਿੰਗ ‘ਚ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ | ਹਾਸਲ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੇ ਹਿਤਾਂ ਨੂੰ ਧਿਆਨ ‘ਚ ਰੱਖੇਗੀ, ਜਿਸ ‘ਚ ਉਨ੍ਹਾਂ ਦੀ ਸਿਹਤ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਅਕਾਦਮਿਕ ਹਿਤਾਂ ਨੂੰ ਵੀ ਧਿਆਨ ‘ਚ ਰੱਖਿਆ ਜਾਵੇਗਾ | ਮੀਟਿੰਗ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਚਰਚਾ ਕਰਦਿਆਂ ਰਾਜਾਂ ‘ਚ ਇਸ ਦੇ ਪ੍ਰਭਾਵ ਦੀ ਵੀ ਚਰਚਾ ਕੀਤੀ ਗਈ | ਕੁਝ ਰਾਜਾਂ ‘ਚ ਕੋਰੋਨਾ ਦਾ ਪ੍ਰਭਾਵ ਕਾਫ਼ੀ ਜ਼ਿਆਦਾ ਹੈ | ਜ਼ਿਕਰਯੋਗ ਹੈ ਕਿ ਸੀ.ਬੀ.ਐੱਸ.ਈ. ਵਲੋਂ ਇਕੋ ਹੀ ਸਮੇਂ ‘ਤੇ ਦੇਸ਼ ਭਰ ‘ਚ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ |

ਮੀਟਿੰਗਾਂ ‘ਚ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦੇ ਮੁੱਦੇ ‘ਤੇ ਵਿਚਾਰ ਕੀਤਾ ਗਿਆ | ਸਿੱਖਿਆ ਮੰਤਰਾਲੇ ਦੇ ਹਲਕਿਆਂ ਮੁਤਾਬਿਕ ਆਨਲਾਈਨ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੈ ਕਿਉਂਕਿ ਵਿਦਿਆਰਥੀ ਏਨੀ ਜਲਦੀ ਆਪਣੇ-ਆਪ ਨੂੰ ਇਸ ਨਵੇਂ ਪੈਟਰਨ ਲਈ ਤਿਆਰ ਨਹੀਂ ਕਰ ਪਾਉਣਗੇ | ਤਕਰੀਬਨ ਘੰਟੇ ਭਰ ਚੱਲੀ ਇਸ ਮੀਟਿੰਗ ‘ਚ ਅਧਿਕਾਰੀਆਂ ਵਲੋਂ 10ਵੀਂ ਅਤੇ 12ਵੀਂ ਦੋਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਨੇ ਸਭ ਦੇ ਸੁਝਾਅ ਸੁਣਨ ਤੋਂ ਬਾਅਦ ਕਿਹਾ ਕਿ ਬੱਚੇ ਪਹਿਲਾਂ ਹੀ ਕੋਰੋਨਾ ‘ਚ ਬਹੁਤ ਨੁਕਸਾਨ ਅਤੇ ਪ੍ਰੇਸ਼ਾਨੀ ਝੱਲ ਚੁੱਕੇ ਹਨ | ਅਜਿਹੇ ‘ਚ 10ਵੀਂ ਪ੍ਰੀਖਿਆਵਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ |

ਕਈ ਆਗੂਆਂ ਅਤੇ ਸੰਸਥਾਵਾਂ ਵਲੋਂ ਉੱਠੀ ਸੀ ਪ੍ਰੀਖਿਆ ਰੱਦ ਕਰਨ ਦੀ ਮੰਗ ਕੋਰੋਨਾ ਦੇ ਹਾਲਾਤ ਦਾ ਹਵਾਲਾ ਦਿੰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਵਲੋਂ ਕਾਫ਼ੀ ਸਮੇਂ ਤੋਂ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ | ਇਸ ਤੋਂ ਇਲਾਵਾ ਬੁੱਧਵਾਰ ਸਵੇਰੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਰਕਾਰ ਨੂੰ ਕਈ ਸੂਬਿਆਂ ‘ਚ ਆਈ ਕੋਰੋਨਾ ਦੀ ਦੂਜੀ ਲਹਿਰ ਦਾ ਹਵਾਲਾ ਦਿੰਦਿਆਂ ਪ੍ਰੀਖਿਆ ਰੱਦ ਕਰਨ ਦੀ ਅਪੀਲ ਕੀਤੀ | ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਵਲੋਂ ਵੀ ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਮੰਗ ਕਰਦਿਆਂ ਸਿੱਖਿਆ ਮੰਤਰਾਲੇ ਨੂੰ ਚਿੱਠੀ ਲਿਖੀ ਸੀ, ਨਾਲ ਹੀ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ‘ਤੇ ਬੋਰਡ ਪ੍ਰੀਖਿਆ 2021 ਰੱਦ ਕਰੋ ਦੀ ਮੁਹਿੰਮ ਚਲਾ ਰੱਖੀ ਸੀ | ਦੱਸਣਯੋਗ ਹੈ ਕਿ ਸੀ.ਬੀ.ਐੱਸ.ਈ. ਦੀਆਂ ਬੋਰਡ ਪ੍ਰੀਖਿਆਵਾਂ ‘ਚ 10ਵੀਂ ਅਤੇ 12ਵੀਂ ਦੇ ਕੁੱਲ 35.81 ਲੱਖ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦੇਣੀਆਂ ਸਨ, ਜਿਨ੍ਹਾਂ ‘ਚੋਂ 12ਵੀਂ ਦੇ 14 ਲੱਖ ਤੋਂ ਵੱਧ ਅਤੇ ਦਸਵੀਂ ਦੇ 21.50 ਲੱਖ ਵਿਦਿਆਰਥੀ ਹਨ |

ਕਈ ਸੂਬਿਆਂ ਵਲੋਂ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ ਸੀ.ਬੀ.ਐਸ.ਈ. ਦੇ ਫੈਸਲੇ ਤੋਂ ਬਾਅਦ ਕਈ ਸੂਬਿਆਂ ਵਲੋਂ ਆਪਣੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਜਦੋਂ ਕਿ ਕੁਝ ਸੂਬੇ ਇਸ ਸਬੰਧੀ ਸਮੀਖਿਆ ਕਰ ਰਹੇ ਹਨ | ਮੱਧ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਨੇ ਆਪਣੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਹਾਲਾਤ ਦੀ ਸਮੀਖਿਆ ਕੀਤੀ ਜਾ ਰਹੀ ਹੈ |

Leave a Reply

Your email address will not be published.