ਸਿੱਧੂ ਵਲੋਂ ਦਿੱਲੀ ‘ਚ ਰਾਹੁਲ ਤੇ ਪਿ੍ਅੰਕਾ ਨਾਲ ਮੁਲਾਕਾਤ

Home » Blog » ਸਿੱਧੂ ਵਲੋਂ ਦਿੱਲੀ ‘ਚ ਰਾਹੁਲ ਤੇ ਪਿ੍ਅੰਕਾ ਨਾਲ ਮੁਲਾਕਾਤ
ਸਿੱਧੂ ਵਲੋਂ ਦਿੱਲੀ ‘ਚ ਰਾਹੁਲ ਤੇ ਪਿ੍ਅੰਕਾ ਨਾਲ ਮੁਲਾਕਾਤ

ਚੰਡੀਗੜ੍ਹ / ਅਚਾਨਕ ਦਿੱਲੀ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੂਚਨਾ ਹੈ |

ਉੱਚ-ਕਾਂਗਰਸੀ ਸੂਤਰਾਂ ਅਨੁਸਾਰ ਨਵਜੋਤ ਸਿੰਘ ਅੱਜ ਸਵੇਰੇ ਦਿੱਲੀ ਪੁੱਜੇ ਤੇ ਉਕਤ ਮੀਟਿੰਗ ਤੋਂ ਬਾਅਦ ਸ਼ਾਮ ਪਟਿਆਲਾ ਲਈ ਵਾਪਸ ਚੱਲ ਪਏ ਸਨ | ਪਾਰਟੀ ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਵਲੋਂ ਪਾਰਟੀ ਹਾਈਕਮਾਂਡ ਨੂੰ ਆਪਣੀ ਇਸ ਮੀਟਿੰਗ ਦੌਰਾਨ ਪ੍ਰਦੇਸ਼ ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਗਠਨ, ਰਾਜ ਸਰਕਾਰ ਤੋਂ ਕੁਝ ਕਰਵਾਏ ਜਾਣ ਵਾਲੇ ਅਤਿ-ਜ਼ਰੂਰੀ ਕੰਮ ਤੇ ਸੂਬੇ ‘ਚ ਕੁਝ ਕਾਂਗਰਸ ਵਿਧਾਇਕਾਂ ਨੂੰ ਸਰਕਾਰੀ ਮਸ਼ੀਨਰੀ ਵਲੋਂ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਏਜੰਡੇ ‘ਤੇ ਸਮਝੇ ਜਾ ਰਹੇ ਹਨ | ਸ. ਸਿੱਧੂ ਵਲੋਂ ਪਾਰਟੀ ਦੇ ਚਾਰ ਕਾਰਜਕਾਰੀ ਪ੍ਰਧਾਨਾਂ ਸਮੇਤ ਮੁੱਖ ਮੰਤਰੀ ਨੂੰ ਚਾਰ ਮੁੱਖ ਕੰਮ ਲਿਖਤੀ ਤੌਰ ‘ਤੇ ਤੁਰੰਤ ਕਰਨ ਲਈ ਕਿਹਾ ਗਿਆ ਹੈ | ਇਸ ਤੋਂ ਇਲਾਵਾ ਪਾਰਟੀ ਹਾਈਕਮਾਂਡ ਵਲੋਂ ਦਿੱਤੇ ਗਏ 18 ਨੁਕਾਤੀ ਪ੍ਰੋਗਰਾਮ ‘ਤੇ ਅਮਲ ਦਾ ਮੁੱਦਾ ਸ. ਸਿੱਧੂ ਵਲੋਂ ਹਾਈਕਮਾਂਡ ਨਾਲ ਵੀ ਵਿਚਾਰੇ ਜਾਣ ਦੇ ਚਰਚੇ ਹਨ ਜਦਕਿ ਕੁਝ ਵਿਧਾਇਕਾਂ ਵਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਵੀ ਪਾਰਟੀ ਹਾਈਕਮਾਂਡ ਦੇ ਧਿਆਨ ‘ਚ ਲਿਆਂਦੀਆਂ ਗਈਆਂ ਹੋ ਸਕਦੀਆਂ ਹਨ |

ਬੀਤੇ ਦਿਨਾਂ ਦੌਰਾਨ ਰਾਜ ਸਰਕਾਰ ਦੀ ਮਸ਼ੀਨਰੀ ਵਲੋਂ ਕੁਝ ਉਨ੍ਹਾਂ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਉਨ੍ਹਾਂ ਵਿਰੁੱਧ ਪੁਰਾਣੀਆਂ ਸ਼ਿਕਾਇਤਾਂ ਸਬੰਧੀ ਜਾਂਚ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ‘ਤੇ ਪਹਿਲਾਂ ਕਾਰਵਾਈ ਨਹੀਂ ਹੋਈ ਸੀ | ਸੂਚਨਾ ਅਨੁਸਾਰ ਸੁਨੀਲ ਜਾਖੜ ਵਲੋਂ ਇਕ ਕੈਬਨਿਟ ਮੰਤਰੀ ਵਿਰੁੱਧ ਸਰਕਾਰ ਤੋਂ ਦੋ ਵਾਰ ਮੁਆਵਜ਼ਾ ਲੈਣ ਦੇ ਉਠਾਏ ਗਏ ਮੁੱਦੇ ਤੇ ਦੋ ਹੋਰ ਕੈਬਨਿਟ ਮੰਤਰੀਆਂ ਵਿਰੁੱਧ ਕਥਿਤ ਭਿ੍ਸ਼ਟਾਚਾਰ ਦੀਆਂ ਸ਼ਿਕਾਇਤਾਂ ਦਾ ਮੁੱਦਾ ਵੀ ਪਾਰਟੀ ਹਾਈਕਮਾਂਡ ਕੋਲ ਉਠਾਇਆ ਗਿਆ ਹੋ ਸਕਦਾ ਹੈ | ਪੰਜਾਬ ‘ਚ ਕਾਂਗਰਸ ਦੇ ਦੋ ਧੜਿਆਂ ‘ਚ ਵੰਡੇ ਜਾਣ ਤੋਂ ਬਾਅਦ ਜੋ ਆਪਸੀ ਖਿੱਚੋਤਾਣ ਸ਼ੁਰੂ ਹੋਈ ਹੈ, ਉਸ ਦੇ ਹੁੰਦਿਆਂ ਦੋਵਾਂ ਧੜਿਆਂ ਵਲੋਂ ਇਕ ਦੂਸਰੇ ਦੇ ਵਿਧਾਇਕਾਂ ਤੇ ਮੰਤਰੀਆਂ ਵਿਰੁੱਧ ਹੁਣ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਹੈ | ਅੱਜ ਸਰਕਾਰੀ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਮੁੱਖ ਮੰਤਰੀ ਅਗਲੇ ਸੋਮਵਾਰ ਦਿੱਲੀ ਜਾਣ ਦਾ ਪੋ੍ਰਗਰਾਮ ਬਣਾ ਰਹੇ ਹਨ, ਜਿਸ ਦੌਰਾਨ ਉਨ੍ਹਾਂ ਵਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਇਕ ਹੋਰ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਜਾਣੀ ਹੈ |

ਮੁੱਖ ਮੰਤਰੀ ਸਕੱਤਰੇਤ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਹੈ ਤੇ ਚਰਚਾ ਇਹ ਹੈ ਕਿ ਮੁੱਖ ਮੰਤਰੀ ਵਲੋਂ 18 ਨੁਕਾਤੀ ਪ੍ਰੋਗਰਾਮ ‘ਤੇ ਕੀਤੇ ਜਾ ਰਹੇ ਅਮਲ ਤੋਂ ਇਲਾਵਾ ਕੁਝ ਪਾਰਟੀ ਵਿਧਾਇਕਾਂ ਵਿਰੁੱਧ ਕੀਤੀ ਗਈ ਚਰਚਿਤ ਕਾਰਵਾਈ ਸਬੰਧੀ ਤੱਥ ਵੀ ਉਨ੍ਹਾਂ ਸਾਹਮਣੇ ਪੇਸ਼ ਕਰਨਗੇ ਕਿ ਸਰਕਾਰੀ ਮਸ਼ੀਨਰੀ ਵਲੋਂ ਉਨ੍ਹਾਂ ਵਿਰੁੱਧ ਉਕਤ ਕਾਰਵਾਈ ਕਿਨ੍ਹਾਂ ਕਾਰਨਾਂ ਕਰਕੇ ਕੀਤੀ ਗਈ | ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਅਜਿਹੇ ਵਿਧਾਇਕਾਂ ਸਬੰਧੀ ਜੋ ਕਰਵਾਈ ਕੀਤੀ ਗਈ ਹੈ ਉਨ੍ਹਾਂ ਸਬੰਧੀ ਤੱਥਾਂ ‘ਤੇ ਆਧਾਰਿਤ ਰਿਪੋਰਟ ਬਣਾ ਕੇ ਪਾਰਟੀ ਹਾਈਕਮਾਂਡ ਨੂੰ ਭੇਜੀ ਜਾ ਰਹੀ ਹੈ | ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਕੱਲ੍ਹ ਜਲੰਧਰ ਵਿਖੇ ਕੁਝ ਪ੍ਰੋਗਰਾਮ ਰੱਖੇ ਹੋਏ ਹਨ ਤੇ ਪਾਰਟੀ ਸੂਤਰਾਂ ਅਨੁਸਾਰ ਪਰਸੋਂ ਉਹ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਵਿਖੇ ਹਾਜ਼ਰ ਹੋਣਗੇ |

Leave a Reply

Your email address will not be published.