ਸਿੱਧੂ ਦੀ ਕੈਪਟਨ ਨਾਲ ਮੁਲਾਕਾਤ

Home » Blog » ਸਿੱਧੂ ਦੀ ਕੈਪਟਨ ਨਾਲ ਮੁਲਾਕਾਤ
ਸਿੱਧੂ ਦੀ ਕੈਪਟਨ ਨਾਲ ਮੁਲਾਕਾਤ

ਚੰਡੀਗੜ੍ਹ / ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਨਵਜੋਤ ਸਿੰਘ ਸਿੱਧੂ ਵਲੋਂ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ।

ਸੂਤਰਾਂ ਅਨੁਸਾਰ ਸ਼ਾਮ ਦੀ ਚਾਹ ‘ਤੇ ਹੋਈ ਇਹ ਮੀਟਿੰਗ 50 ਕੁ ਮਿੰਟ ਦੀ ਸੀ , ਜਿਸ ਦੌਰਾਨ ਮੁੱਖ ਮੰਤਰੀ ਦੇ ਨਵੇਂ ਨਿਯੁਕਤ ਸਲਾਹਕਾਰ ਸ੍ਰੀ ਪ੍ਰਸ਼ਾਂਤ ਕਿਸ਼ੋਰ ਵੀ ਕੁਝ ਸਮੇਂ ਲਈ ਸ਼ਾਮਿਲ ਹੋਏ । ਪ੍ਰਸ਼ਾਂਤ ਕਿਸ਼ੋਰ ਵਲੋਂ ਸਿੱਧੂ ਦੀ ਕਾਂਗਰਸ ‘ਚ ਸ਼ਮੂਲੀਅਤ ਮੌਕੇ ਵੀ ਅਹਿਮ ਭੂਮਿਕਾ ਨਿਭਾਈ ਗਈ ਸੀ ਅਤੇ ਉਹ ਨਵਜੋਤ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ । ਕਾਂਗਰਸ ਹਾਈਕਮਾਂਡ ਵਲੋ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਜੋ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਬਹਾਲੀ ਤੇ ਉਨ੍ਹਾਂ ਨੂੰ ਪਾਰਟੀ ‘ਚ ਸਰਗਰਮ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ, ਅੱਜ ਦੀ ਮੀਟਿੰਗ ‘ਚ ਗ਼ੈਰਹਾਜ਼ਰ ਰਹੇ । ਜਾਣਕਾਰ ਸੂਤਰਾਂ ਅਨੁਸਾਰ ਰਾਵਤ ਆਉਂਦੇ 4-5 ਦਿਨਾਂ ਦੌਰਾਨ ਚੰਡੀਗੜ੍ਹ ‘ਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਆ ਰਹੇ ਹਨ । ਸਿੱਧੂ ਨੇ ਮੀਟਿੰਗ ਤੋਂ ਬਾਹਰ ਨਿਕਲ ਕੇ ਇਕ ਟਵੀਟ ਕੀਤਾ ਜਿਸ ‘ਚ ਉਨ੍ਹਾਂ ਲਿਖਿਆ ‘ਆਜ਼ਾਦ ਰਹੋ ਵਿਚਾਰੋਂ ਸੇ, ਲੇਕਿਨ ਬੰਧੇ ਰਹੋ ਸੰਸਕਾਰੋਂ ਸੇ ।

ਤਾਂ ਕਿ ਆਸ ਔਰ ਵਿਸ਼ਵਾਸ ਰਹੇ ਕਿਰਦਾਰੋਂ ਪੇ’ ਸਿੱਧੂ ਨੇ ਆਪਣੀ ਇਸ ਮੀਟਿੰਗ ਸਬੰਧੀ ਕਿਸੇ ਤਰ੍ਹਾਂ ਦੀ ਟਿੱਪਣੀ ਜਾਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਅਤੇ ਕੇਵਲ ਏਨਾ ਹੀ ਕਿਹਾ ਕਿ ਜਿੱਥੇ ਚਾਹ ਉੱਥੇ ਰਾਹ । ਸਿੱਧੂ ਜੋ ਕਿਸੇ ਦਾ ਟੈਲੀਫ਼ੋਨ ਨਾ ਚੁੱਕਣ ਅਤੇ ਕਿਸੇ ਪੱਤਰਕਾਰ ਨਾਲ ਗੱਲਬਾਤ ਨਾ ਕਰਨ ਦੇ ਫ਼ਾਰਮੂਲੇ ‘ਤੇ ਮੰਤਰੀ ਮੰਡਲ ਛੱਡਣ ਤੋਂ ਬਾਅਦ ਚੱਲ ਰਹੇ ਹਨ, ਦੇ ਇਸ ਵਤੀਰੇ ਦੀ ਹੁਣ ਨੁਕਤਾਚੀਨੀ ਵੀ ਸ਼ੁਰੂ ਹੋ ਗਈ ਹੈ । ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਜੋ ਸਿੱਧੂ ਦੀ ਮੁੱਖ ਮੰਤਰੀ ਨਾਲ ਮੀਟਿੰਗ ਮੌਕੇ ਮੁੱਖ ਮੰਤਰੀ ਨਿਵਾਸ ‘ਤੇ ਹਾਜ਼ਰ ਸਨ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਟਿੰਗ ਬਹੁਤ ਚੰਗੇ ਮਾਹੌਲ ‘ਚ ਹੋਈ ਅਤੇ ਨਵਜੋਤ ਤੇ ਮੁੱਖ ਮੰਤਰੀ ਦੋਵਾਂ ਨੇ ਇਕ ਦੂਜੇ ਨੂੰ ਜੱਫੀਆਂ ਪਾਈਆਂ ਅਤੇ ਪ੍ਰੇਮ ਪਿਆਰ ਵਾਲੀਆਂ ਗੱਲਾਂ ਕੀਤੀਆਂ । ਉਨ੍ਹਾਂ ਕਿਹਾ ਕਿ ਸਿੱਧੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹਮੇਸ਼ਾ ਮੁੱਖ ਮੰਤਰੀ, ਕਾਂਗਰਸ ਤੇ ਪਾਰਟੀ ਹਾਈਕਮਾਂਡ ਦੇ ਨਾਲ ਹਨ ਪਰ ਸ. ਸੋਢੀ ਨੇ ਇਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਮੇਰੀ ਜਾਣਕਾਰੀ ਅਨੁਸਾਰ ਇਸ ਮੀਟਿੰਗ ‘ਚ ਮੰਤਰੀ ਮੰਡਲ ਦੀ ਰੱਦੋ ਬਦਲ ਵਰਗੀ ਜਾਂ ਕੋਈ ਹੋਰ ਡੂੰਘੀ ਤੇ ਗੰਭੀਰ ਗੱਲ ਨਹੀਂ ਹੋਈ । ਸਿੱਧੂ ਇਸ ਮੀਟਿੰਗ ਤੋਂ ਬਾਅਦ ਇੱਥੋਂ ਪਟਿਆਲਾ ਚਲੇ ਗਏ ।

Leave a Reply

Your email address will not be published.