ਸਿੱਧੂ ਜੋੜੇ ਦੀਆਂ ਸਰਗਰਮੀਆਂ ਨੇ ਸਿਆਸਤ ਵਿਚ ਛੇੜੀ ਨਵੀਂ ਚਰਚਾ

Home » Blog » ਸਿੱਧੂ ਜੋੜੇ ਦੀਆਂ ਸਰਗਰਮੀਆਂ ਨੇ ਸਿਆਸਤ ਵਿਚ ਛੇੜੀ ਨਵੀਂ ਚਰਚਾ
ਸਿੱਧੂ ਜੋੜੇ ਦੀਆਂ ਸਰਗਰਮੀਆਂ ਨੇ ਸਿਆਸਤ ਵਿਚ ਛੇੜੀ ਨਵੀਂ ਚਰਚਾ

ਪਟਿਆਲਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਇਕਦਮ ਵਧਾਈਆਂ ਸਿਆਸੀ ਸਰਗਰਮੀਆਂ ਦੇ ਚਰਚੇ ਜ਼ੋਰਾਂ ਉਤੇ ਹਨ।

ਪਿਛਲੇ ਹਫਤੇ ਸਿੱਧੂ ਨੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਅਚਾਨਕ ਪ੍ਰੈਸ ਕਾਨਫਰੰਸ ਸੱਦ ਕੇ ਸਰਕਾਰ ਦੇ ਸਾਹ ਸਕਾ ਦਿੱਤੇ ਸਨ, ਹੁਣ ਉਨ੍ਹਾਂ ਦੀ ਪਤਨੀ ਨੇ ਪਟਿਆਲਾ ਵਿਚ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯੂਥ ਕਾਂਗਰਸੀ ਆਗੂ ਸ਼ੈਰੀ ਰਿਆੜ ਦੇ ਦਫਤਰ ਦਾ ਉਦਘਾਟਨ ਕੀਤਾ। ਡਾ. ਸਿੱਧੂ ਦਾ ਕਹਿਣਾ ਹੈ ਕਿ ਇਹ ਦਫਤਰ ਖੋਲ੍ਹਣ ਦਾ ਮੁੱਖ ਮਕਸਦ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਯਕੀਨੀ ਬਣਾਉਣਾ ਹੈ। ਮੰਡੀਆਂ ‘ਚ ਬਾਰਦਾਨੇ ਅਤੇ ਪਾਸ ਦੀ ਤੋਟ ਕਾਰਨ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ। ਇਹੀ ਨਹੀਂ ਸਿੱਧੂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਫਾਇਰਿੰਗ ਕੇਸਾਂ ਸਮੇਤ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਾ ਪਾ ਲਿਆ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦੀ ਸੱਤਾ ਵਿਚ ਕਾਂਗਰਸ ਦੀ ਵਾਪਸੀ ਲਈ ਇਹ ਦੋਵੇਂ ਮੁੱਦੇ ਕਾਫੀ ਅਹਿਮ ਸਨ, ਪਰ ਪੰਜਾਬ ਸਰਕਾਰ ਇਨ੍ਹਾਂ ਦੋਵਾਂ ਮਸਲਿਆਂ ਨੂੰ ਕਿਸੇ ਤਣ ਪੱਤਣ ਲਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।

ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮਾਂ ‘ਸਿੱਟਾਂ‘ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ‘ਚ ਬਾਕਾਇਦਾ ਦੋਸ਼ੀਆਂ ਦੇ ਨਾਮ ਅੰਕਿਤ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਐਫ.ਆਈ.ਆਰ‘ਜ ਵਿਚ ਦੋਸ਼ੀਆਂ ਦੇ ਨਾਮ ਨਾ ਸ਼ਾਮਲ ਕਰਨੇ, ਸਰਕਾਰ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੇ ਮਨਸੂਬਿਆਂ ਨੂੰ ਬਿਆਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ‘ਸਿੱਟ‘ ਦੀ ਰਿਪੋਰਟ ਨੂੰ ਜਨਤਕ ਕਰੇ। ਸਿੱਧੂ ਨੇ ਕਿਹਾ ਕਿ ਧਾਰਮਿਕ ਰਹੁ-ਰੀਤਾਂ ਅਤੇ ਪੰਜਾਬ ਦੀ ਨੌਜਵਾਨੀ ਨਾਲ ਜੁੜੇ ਹੋਣ ਕਰਕੇ ਇਹ ਦੋਵੇਂ ਮੁੱਦੇ ਬੜੇ ਅਹਿਮ ਹਨ, ਪਰ ਇਸ ਦੇ ਬਾਵਜੂਦ ਸੰਜੀਦਗੀ ਨਾ ਵਿਖਾਉਣਾ ਦੋਸ਼ੀਆਂ ਨਾਲ ਸਰਕਾਰ ਦੀ ਗੰਢਤੁੱਪ ਵੱਲ ਇਸ਼ਾਰਾ ਕਰਦੀ ਹੈ। ਸਿੱਧੂ ਨੇ ਕਿਹਾ ਕਿ ਜੇ ਸਰਕਾਰ ਸਮਾਂ ਰਹਿੰਦਿਆਂ ਨਾ ਸੰਭਲ ਤਾਂ ਲੋਕ ਘੇਰ ਕੇ ਜਵਾਬ ਮੰਗਣਗੇ। ਸਿੱਧੂ ਨੇ ਕਿਹਾ, ‘ਮੈਂ ਇਹ ਮਾਮਲਾ ਪਹਿਲਾਂ ਵਿਧਾਨ ਸਭਾ ਚ ਵੀ ਚੁੱਕਿਆ ਸੀ, ਪਰ ਬੜਾ ਅਫਸੋਸ ਹੈ ਕਿ ਚਾਰ ਸਾਲਾਂ ਦੇ ਲੰਬੇ ਅਰਸੇ ਮਗਰੋਂ ਵੀ ਇਸ ਸਬੰਧੀ ਦਰਜ ਕੇਸਾਂਚ ਦੋਸ਼ੀਆਂ ਨੂੰ ਅਣਪਛਾਤੇ ਦੱਸ ਕੇ ਡੰਗ ਟਪਾਇਆ ਜਾ ਰਿਹਾ ਹੈ।` ਉਨ੍ਹਾਂ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਦੀ ਅਜਿਹੀ ਕੀ ਮਜਬੂਰੀ ਹੈ ਕਿ ਸਭ ਕੁਝ ਚਿੱਟੇ ਦਿਨ ਵਾਂਗ ਸਾਫ ਹੋਣ ਦੇ ਬਾਵਜੂਦ ਕੇਸਾਂ ਵਿਚ ਦੋਸ਼ੀਆਂ ਦੇ ਨਾਮ ਕਿਉਂ ਨਹੀਂ ਸ਼ਾਮਲ ਕੀਤੇ ਜਾ ਰਹੇ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੋਸ਼ੀਆਂ ਦੀ ਢਾਲ ਬਣਨ ਦਾ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਪਵਿੱਤਰ ਗ੍ਰੰਥਾਂ ਦੀ ਬੇਹੁਰਮਤੀ ਹੋਣਾ ਹੀ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਨਾਮ ਜੱਗ ਜ਼ਾਹਿਰ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦਾ ਬਚਾਅ ਕਰਨਾ ਉਸ ਤੋਂ ਵੀ ਵੱਡਾ ਪਾਪ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਆਖਰ ਅਜਿਹੀ ਕੀ ਮਜਬੂਰੀ ਹੈ ਕਿ ਨਾਮ ਉਜਾਗਰ ਹੋਣ ਦੇ ਬਾਵਜੂਦ ਵੀ ਐਫ.ਆਈ.ਆਰਜ. ਵਿਚ ਦੋਸ਼ੀਆਂ ਦੇ ਨਾਮ ਸ਼ਾਮਲ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਅਜੇ ਵੀ ਆਪਣੀ ਗਲਤੀ ਦਰੁਸਤ ਕਰਨ ਦਾ ਸਮਾਂ ਹੈ। ਸਿੱਧੂ ਨੇ ਕਿਹਾ ਕਿ ਸਰਕਾਰ ਅਕਾਲੀਆਂ ਨੂੰ ਬਚਾਅ ਰਹੀ ਹੈ। ਉਨ੍ਹਾਂ ਕਿਹਾ ਕਿ ਚਿੱਟੇ (ਹੈਰੋਇਨ) ਦੀ ਤਸਕਰੀ ਵਿਚ ਜਗਦੀਸ਼ ਭੋਲੇ ਅਤੇ ਬਿੱਟੂ ਔਲਖ ਵਰਗੇ ਮੁਲਜ਼ਮਾਂ ਵੱਲੋਂ ਵਾਰ ਵਾਰ ਇੱਕ ਅਹਿਮ ਸ਼ਖਸ ਦਾ ਨਾਮ ਲਏ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਨਜਰਅੰਦਾਜ ਕਰਨਾ, ਇਸ ਸ਼ਖਸ ਨੂੰ ਬਚਾਉਣ ਦੀ ਸਿੱਧੀ ਕਾਰਵਾਈ ਹੈ। ਸਿੱਧੂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ਾ ਤਸਕਰੀ ਨੂੰ ਨੱਥ ਪਾਉਣ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਵੱਡੇ ਨਸ਼ਾ ਤਸਕਰਾਂ ਦੇ ਨਾਮ ਸਾਹਮਣੇ ਆਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਨੱਥ ਪਾਉਣ ਤੋਂ ਪੈਰ ਪਿਛਾਂਹ ਖਿੱਚਦੀ ਹੈ। ਉਨ੍ਹਾਂ ਕਿਹਾ ਕਿ ਹੁਣ ਏਦਾਂ ਨਹੀਂ ਸਰਨਾ, ਲੋਕਾਂ ਨੇ ਸਰਕਾਰ ਨੂੰ ਘੇਰ ਕੇ ਉਪਰੋਕਤ ਸਵਾਲਾਂ ਦੇ ਜਵਾਬ ਪੁੱਛਣੇ ਸ਼ੁਰੂ ਕਰ ਦੇਣੇ ਹਨ।

Leave a Reply

Your email address will not be published.