ਸਿੱਧੀਆਂ ਉਡਾਣਾਂ ‘ਤੇ ਰੋਕ ਪਰ ਹਵਾਈ ਕੰਪਨੀਆਂ ਹੋ ਰਹੀਆਂ ਮਾਲਾਮਾਲ

Home » Blog » ਸਿੱਧੀਆਂ ਉਡਾਣਾਂ ‘ਤੇ ਰੋਕ ਪਰ ਹਵਾਈ ਕੰਪਨੀਆਂ ਹੋ ਰਹੀਆਂ ਮਾਲਾਮਾਲ
ਸਿੱਧੀਆਂ ਉਡਾਣਾਂ ‘ਤੇ ਰੋਕ ਪਰ ਹਵਾਈ ਕੰਪਨੀਆਂ ਹੋ ਰਹੀਆਂ ਮਾਲਾਮਾਲ

ਜਲੰਧਰ / ਕੋਰੋਨਾ ਮਹਾਂਮਾਰੀ ਨੇ ਵੈਸੇ ਤਾਂ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਤੇ ਸਭ ਕੰਮ ਧੰਦੇ ਮੱਠੇ ਪੈ ਗਏ ਹਨ ਪਰ ਇਸ ਸਮੇਂ ਦੌਰਾਨ ਜੇਕਰ ਕਿਸੇ ਨੇ ਕਮਾਈ ਕੀਤੀ ਹੈ ਤਾਂ ਉਹ ਹੈ ਹਵਾਈ ਕੰਪਨੀਆਂ ਤੇ ਇਹ ਕੰਪਨੀਆਂ ਦਿਨਾਂ ‘ਚ ਹੀ ਮਾਲਾਮਾਲ ਹੋ ਗਈਆਂ ਹਨ |

ਇਨ੍ਹਾਂ ਹਵਾਈ ਕੰਪਨੀਆਂ ਵਲੋਂ ਵਿਦੇਸ਼ਾਂ ਨੂੰ ਹਵਾਈ ਉਡਾਣਾਂ ਬੰਦ ਹੋਣ ਦਾ ਭਰਪੂਰ ਫ਼ਾਇਦਾ ਉਠਾ ਕੇ ਜਿੱਥੇ ਮੋਟੀ ਕਮਾਈ ਕੀਤੀ ਜਾ ਰਹੀ ਹੈ, ਉੱਥੇ ਵਿਦੇਸ਼ ਜਾਣ ਵਾਲੇ ਲੋਕਾਂ ਦੀਆਂ ਜੇਬਾਂ ਹਲਕੀਆਂ ਹੋ ਰਹੀਆਂ ਹਨ | ਆਮ ਤੌਰ ‘ਤੇ ਵਿਦੇਸ਼ ਨੂੰ ਜਾਣ ਵਾਲੀ ਇਕ ਪਾਸੇ ਦੀ ਟਿਕਟ ਜੋ ਕੁਝ ਸਮਾਂ ਪਹਿਲਾਂ 80 ਤੋਂ 90 ਹਜ਼ਾਰ ‘ਚ ਆਸਾਨੀ ਨਾਲ ਮਿਲ ਜਾਂਦੀ ਸੀ ਪਰ ਹੁਣ ਸਿੱਧੀਆਂ ਉਡਾਣਾਂ ਬੰਦ ਹੋਣ ਕਾਰਨ ਇਹ ਟਿਕਟਾਂ ਏਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਵੀ ਦੂਰ ਹੋਣ ਲੱਗੀਆਂ ਹਨ | ਮਿਲੀ ਜਾਣਕਾਰੀ ਅਨੁਸਾਰ ਅੱਜ ਇਹ ਟਿਕਟ 2 ਤੋਂ ਲੈ ਕੇ 3 ਲੱਖ ਰੁਪਏ ਦੇ ਵਿਚਕਾਰ ਮਿਲ ਰਹੀ ਹੈ ਤੇ ਇਸ ਦਾ ਸਭ ਤੋਂ ਵੱਧ ਅਸਰ ਵਿਦੇਸ਼ਾਂ ‘ਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ‘ਤੇ ਪਿਆ ਹੈ | ਦੱਸਣਯੋਗ ਹੈ ਕਿ ਹੋਰਨਾਂ ਭਾਰਤੀਆਂ ਦੇ ਮੁਕਾਬਲੇ ਪੰਜਾਬੀ ਵਿਦਿਆਰਥੀਆਂ ‘ਚ ਵਿਦੇਸ਼ਾਂ ‘ਚ ਪੜ੍ਹਨ ਜਾਣ ਦਾ ਰੁਝਾਨ ਜ਼ਿਆਦਾ ਹੋਣ ਕਾਰਨ ਵਿਦਿਆਰਥੀਆਂ ਨੂੰ ਇਸ ਦੀ ਮਾਰ ਸਭ ਤੋਂ ਵੱਧ ਝੱਲਣੀ ਪੈ ਰਹੀ ਹੈ |

ਓਧਰ ਕੋਰੋਨਾ ਕਾਰਨ ਕਾਫ਼ੀ ਲੋਕ ਪਿਛਲੇ ਲੰਬੇ ਸਮੇਂ ਤੋਂ ਆਪਣੇ ਰਿਸ਼ਤੇਦਾਰਾਂ ਕੋਲ ਆ-ਜਾ ਨਹੀਂ ਸੀ ਸਕੇ ਪਰ ਹੁਣ ਜਦੋਂ ਦਾ ਕੋਰੋਨਾ ਦਾ ਪ੍ਰਭਾਵ ਕੁਝ ਹੱਦ ਤੱਕ ਘਟਿਆ ਹੈ ਤਾਂ ਹਰ ਕੋਈ ਆਪਣਿਆਂ ਨੂੰ ਮਿਲਣਾ ਚਾਹੁੰਦਾ ਹੈ ਤੇ ਅਜਿਹੇ ‘ਚ ਹਵਾਈ ਕੰਪਨੀਆਂ ਵਲੋਂ ਆਪਣੇ ਹੱਥ ਖ਼ੂਬ ਰੰਗੇ ਜਾ ਰਹੇ ਹਨ | ਇਨ੍ਹਾਂ ਮਹਿੰਗੀਆਂ ਟਿਕਟਾਂ ਦਾ ਵੱਡਾ ਕਾਰਨ ਭਾਰਤ ਤੋਂ ਵਿਦੇਸ਼ੀ ਮੁਲਕਾਂ ਵਲੋਂ ਸਿੱਧੀਆਂ ਉਡਾਣਾਂ ‘ਤੇ ਲਗਾਈ ਗਈ ਪਾਬੰਦੀ ਹੈ | ਕੋਰੋਨਾ ਕਾਰਨ ਕਈ ਮੁਲਕਾਂ ਵਲੋਂ ਭਾਰਤੀ ਉਡਾਣਾਂ ਦੇ ਦਾਖ਼ਲੇ ‘ਤੇ ਪਾਬੰਦੀਆਂ ਨੂੰ ਅਗਲੇ ਮਹੀਨੇ ਤੱਕ ਵਧਾ ਦਿੱਤਾ ਗਿਆ ਹੈ ਤੇ ਅਜਿਹੇ ‘ਚ ਭਾਰਤੀ ਲੋਕਾਂ ‘ਤੇ ਇਹ ਵਾਧੂ ਬੋਝ ਅਜੇ ਹੋਰ ਪਤਾ ਨਹੀਂ ਕਿੰਨਾ ਸਮਾਂ ਜਾਰੀ ਰਹੇਗਾ | ਇਸ ਸਭ ਦੇ ਵਿਚਕਾਰ ਦਿਲਚਸਪ ਗੱਲ ਇਹ ਹੈ ਕਿ ਵਿਦੇਸ਼ੀ ਮੁਲਕਾਂ ਵਲੋਂ ਭਾਰਤੀ ਉਡਾਣਾਂ ਦੇ ਸਿੱਧੇ ਦਾਖ਼ਲੇ ‘ਤੇ ਤਾਂ ਰੋਕ ਲਗਾਈ ਗਈ ਹੈ ਪਰ ਅਸਿੱਧੇ ਤੌਰ ‘ਤੇ ਕਿਸੇ ਹੋਰ ਮੁਲਕ ਰਾਹੀਂ ਭਾਰਤੀ ਇਨ੍ਹਾਂ ਮੁਲਕਾਂ ‘ਚ ਦਾਖ਼ਲ ਹੋ ਸਕਦੇ ਹਨ |

ਇਸੇ ਲਈ ਹਵਾਈ ਕੰਪਨੀਆਂ ਵਲੋਂ ਇਸ ਅਸਿੱਧੇ ਦਾਖ਼ਲੇ ਨੂੰ ਆਪਣੇ ਮੁਨਾਫ਼ੇ ਦਾ ਵੱਡਾ ਜ਼ਰੀਆ ਬਣਾ ਲਿਆ ਗਿਆ ਹੈ ਤੇ ਉਨ੍ਹਾਂ ਵਲੋਂ ਹੁਣ ਨਵੀਂ ਦਿੱਲੀ ਤੋਂ ਵਾਇਆ ਮੈਕਸੀਕੋ, ਯੁਕਰੇਨ ਜਾਂ ਫਿਰ ਦੁਬਈ ਆਦਿ ਮੁਲਕਾਂ ਤੋਂ ਉਡਾਣਾਂ ਕੈਨੇਡਾ, ਅਮਰੀਕਾ ਤੇ ਹੋਰਨਾਂ ਯੂਰਪੀਅਨ ਮੁਲਕਾਂ ਨੂੰ ਭੇਜੀਆਂ ਜਾਣ ਲੱਗੀਆਂ ਹਨ ਪਰ ਫਲਾਈਟਾਂ ਦੀ ਗਿਣਤੀ ਘੱਟ ਹੋਣ ਕਾਰਨ ਤੇ ਕੋਰੋਨਾ ਪ੍ਰੋਟੋਕੋਲ ਕਾਰਨ ਹਵਾਈ ਕੰਪਨੀਆਂ ਵਲੋਂ ਵਿਦੇਸ਼ ਜਾਣ ਵਾਲੇ ਵਿਅਕਤੀ ਨਾਲ ਢਾਈ-ਤਿੰਨ ਲੱਖ ‘ਚ ਪੂਰਾ ਪੈਕੇਜ ਹੀ ਕਰ ਲਿਆ ਜਾਂਦਾ ਹੈ | ਹਾਲਾਂਕਿ ਇਨ੍ਹਾਂ ਮੁਲਕਾਂ ‘ਚ ਯਾਤਰੀਆਂ ਨੂੰ ਕੁਝ ਦਿਨ ਰੁਕਣਾ ਪੈਂਦਾ ਹੈ ਤੇ ਆਪਣਾ ਕੋਵਿਡ ਟੈਸਟ ਕਰਵਾ ਕੇ ਹੀ ਅਗਲੇ ਪੜਾਅ ਲਈ ਜਾਣਾ ਹੁੰਦਾ ਹੈ ਪਰ ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਹੋਰਨਾਂ ਮੁਲਕਾਂ ਰਾਹੀਂ ਉਡਾਣਾਂ ਕੈਨੇਡਾ, ਅਮਰੀਕਾ ਤੇ ਹੋਰਨਾਂ ਦੇਸ਼ਾਂ ‘ਚ ਦਾਖਲ ਹੋਇਆ ਜਾ ਸਕਦਾ ਹੈ ਤਾਂ ਫਿਰ ਸਿੱਧੀਆਂ ਉਡਾਣਾਂ ਕਿਉਂ ਨਹੀਂ ਚਲਾਈਆਂ ਜਾ ਸਕਦੀਆਂ |

ਇਸ ਮਾਮਲੇ ‘ਚ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ‘ਤੇ ਵੀ ਸਵਾਲ ਉੱਠ ਰਹੇ ਹਨ ਤੇ ਇਹ ਮੰਗ ਵੀ ਕੀਤੀ ਜਾਣ ਲੱਗੀ ਹੈ ਕਿ ਕੇਂਦਰ ਸਰਕਾਰ ਨੂੰ ਇਹ ਮਾਮਲਾ ਸਬੰਧਿਤ ਮੁਲਕਾਂ ਕੋਲ ਉਠਾਉਣਾ ਚਾਹੀਦਾ ਹੈ | ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕੁਝ ਵਿਦੇਸ਼ੀ ਮੁਲਕਾਂ ਵਲੋਂ ਭਾਰਤ ਵਲੋਂ ਜਾਰੀ ਕੀਤੇ ਜਾਂਦੇ ਕੋਵਿਡ ਟੈਸਟਾਂ ਦੀਆਂ ਰਿਪੋਰਟਾਂ ‘ਤੇ ਯਕੀਨ ਨਹੀਂ ਕੀਤਾ ਜਾ ਰਿਹਾ, ਜਦਕਿ ਜਿਨ੍ਹਾਂ ਮੁਲਕਾਂ ਰਾਹੀਂ ਇਹ ਉਡਾਣਾਂ ਲੰਘ ਰਹੀਆਂ ਹੁੰਦੀਆਂ ਹਨ, ਉੱਥੇ ਦੇ ਮੁਲਕਾਂ ਦੀਆਂ ਕੋਵਿਡ ਟੈਸਟ ਰਿਪੋਰਟਾਂ ਨੂੰ ਆਸਾਨੀ ਨਾਲ ਸਵੀਕਾਰ ਕਰ ਲਿਆ ਜਾਂਦਾ ਹੈ | ਜਿਸ ਦਾ ਅਸਰ ਕੇਵਲ ਲੋਕਾਂ ਦੀ ਜੇਬ ‘ਤੇ ਹੀ ਨਹੀਂ ਪੈ ਰਿਹਾ, ਸਗੋਂ ਦੇਸ਼ ਦੀ ਸਾਖ ਨੂੰ ਵੀ ਧੱਬਾ ਲੱਗ ਰਿਹਾ ਹੈ |

Leave a Reply

Your email address will not be published.