ਸਿੱਖ ਫ਼ੌਜੀ ਨੇ ਲੜੀ ਪੱਗ ਲਈ ਲੜਾਈ, ਜਿੱਤਿਆ ਤੇ ਕੈਪਟਨ ਰੈਂਕ ਵੀ ਮਿਲਿਆ

ਸੰਯੁਕਤ ਰਾਜ ਅਮਰੀਕਾ ਦੀ ਮਰੀਨ ਕੋਰ ਦੇ ਸਿੱਖ ਸਿਪਾਹੀ ਸੁਖਬੀਰ ਸਿੰਘ ਤੂਰ, ਜੋ ਕਿ ਫੌਜ ਵਿਚ ਪਹਿਲੇ ਸਿੱਖ ਸਿਪਾਹੀ ਹਨ, ਉਨ੍ਹਾਂ ਨੂੰ ਲੈਫਟੀਨੈਂਟ ਤੋਂ ਕੈਪਟਨ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। 

ਅਮਰੀਕਾ ਦੀ ਮਰੀਨ ਕੋਰ ਦੇ 246 ਸਾਲਾ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। 2017 ਵਿੱਚ ਕੈਪਟਨ ਤੂਰ ਯੂਐਸਐਮਸੀ ਵਿੱਚ ਲੈਫਟੀਨੈਂਟ ਦੇ ਅਹੁਦੇ ‘ਤੇ ਭਰਤੀ ਹੋਏ ਸਨ। ਫ਼ੌਜ ਵਿਚ ਸ਼ਾਮਲ ਹੋਣ ਸਮੇਂ ਉਨ੍ਹਾਂ ਨੂੰ ਆਪਣੀ ਸਿੱਖ ਪਛਾਣ ਦੀ ਕੁਰਬਾਨੀ ਦੇਣੀ ਪਈ।

ਯੂਐਸ ਮਰੀਨ ਕੋਰ ਦੇ ਲੈਫ਼ਟੀਨੈਂਟ ਸੁਖਬੀਰ ਸਿੰਘ ਤੂਰ ਜਿਹੜੇ ਪਿਛਲੇ ਪੰਜ ਸਾਲ ਤੋਂ ਆਪਣੇ ਇਸ ਅਧਿਕਾਰ ਲਈ ਸੰਘਰਸ਼ ਕਰ ਰਹੇ ਸਨ, ਉਨ੍ਹਾਂ ਨੂੰ ਰੋਜ਼ਾਨਾ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਮਰੀਨ ਕੋਰ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੂੰ ਆਪਣੀਆਂ ਧਾਰਮਿਕ ਭਾਵਨਾਵਾਂ ਦੇ ਸਨਮਾਨ ਨੂੰ ਦੇਖਦੇ ਹੋਏ ਅਜਿਹੀ ਛੋਟ ਦਿੱਤੀ ਗਈ ਹੈ। ਲੈਫ਼ਟੀਨੈਂਟ ਤੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਆਪਣੇ ਦੇਸ਼ ਅਤੇ ਆਪਣੀਆਂ ਧਾਰਮਿਕ ਭਾਵਨਾਵਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਨਹੀਂ ਪਵੇਗਾ। ਉਹ ਦੋਹਾਂ ਨੂੰ ਇਕੱਠੇ ਲੈ ਕੇ ਅੱਗੇ ਵੱਧ ਸਕਦੇ ਹਨ। ਅਮਰੀਕੀ ਸੈਨਾ ਵਿੱਚ ਲੰਮੇ ਸਮੇਂ ਤੋਂ ਏਦਾਂ ਦਾ ਵਿਵਾਦ ਚੱਲ ਰਿਹਾ ਹੈ, ਜਿੱਥੇ ਕਿਸੇ ਸੈਨਿਕ ਨੂੰ ਇਸ ਤਰ੍ਹਾਂ ਦੀ ਛੋਟ ਦੇਣ ਦੇ ਚਰਚੇ ਜਾਰੀ ਹਨ।

ਅਮਰੀਕਾ ਤੋਂ ਇਲਾਵਾ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਵਿੱਚ ਵੀ ਸਿੱਖ ਸੈਨਿਕਾਂ ਨੂੰ ਇਸ ਤਰ੍ਹਾਂ ਦੀ ਛੋਟ ਮਿਲ ਗਈ ਹੈ, ਪਰ ਲੈਫ਼ਟੀਨੈਂਟ ਤੂਰ ਨੂੰ ਆਪਣੀ ਰੋਜ਼ਾਨਾ ਡਿਊਟੀ ਮੌਕੇ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਪਰ ਜੇ ਉਨ੍ਹਾਂ ਦੀ ਡਿਊਟੀ ਕਿਸੇ ਹਿੰਸਾਗ੍ਰਸਤ ਜਗ੍ਹਾ ਉੱਤੇ ਲੱਗਦੀ ਹੈ ਤਾਂ ਉਹ ਅਜਿਹਾ ਨਹੀਂ ਕਰ ਸਕਣਗੇ। ਨਾਲ ਹੀ ਜੇ ਕਿਸੇ ਯੂਨਿਟ ਦਾ ਸਮਾਰੋਹ ਹੁੰਦਾ ਹੈ ਤਾਂ ਉਥੇ ਪੂਰੀ ਵਰਦੀ ਪਾਉਣ ਲਈ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਉੱਤੇ ਲੈਫ਼ਟੀਨੈਂਟ ਤੂਰ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੁਝ ਜਿੱਤ ਮਿਲੀ ਹੈ ਪਰ ਅੱਗੇ ਦੀ ਲੜਾਈ ਹਾਲੇ ਜਾਰੀ ਹੈ। ਲੈਫ਼ਟੀਨੈਂਟ ਤੂਰ ਨੇ ਸਾਲ 2017 ਵਿੱਚ ਮਰੀਨ ਜੁਆਇਨ ਕੀਤੀ ਸੀ ਉਦੋਂ ਤੋਂ ਹੀ ਉਨ੍ਹਾਂ ਨੂੰ ਪੱਗ ਬੰਨ੍ਹਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

Leave a Reply

Your email address will not be published. Required fields are marked *