ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਲਈ ਹੈਲਮੇਟ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਫ਼ੈਸਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਟੋਪੀ ਪਾਉਣਾ ਉਨ੍ਹਾਂ ਦੇ ਮਰਿਯਾਦਾ ਦੇ ਖ਼ਿਲਾਫ਼ ਹੈ। ਇਹ ਫ਼ੈਸਲਾ ਸਿੱਖਾਂ ਦੀ ਵੱਖਰੀ ਪਛਾਣ ਖ਼ਤਮ ਕਰਨ ਦੇ ਬਰਾਬਰ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਫ਼ੈਸਲੇ ’ਤੇ ਮੁੜ ਗੌਰ ਕਰਨ ਲਈ ਕਿਹਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਸਤਾਰ ਸਿੱਖਾਂ ਦੇ ਸਿਰ ‘ਤੇ ਬੰਨਿਆ ਹੋਇਆ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ।
ਇਹ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਗਿਆ ਤਾਜ ਹੈ। ਇਹ ਸਾਡੀ ਪਛਾਣ ਦਾ ਪ੍ਰਤੀਕ ਹੈ ਅਤੇ ਇਸ ਉੱਤੇ ਕਿਸੇ ਕਿਸਮ ਦੀ ਟੋਪੀ ਪਹਿਨਾਉਣਾ ਸਾਡੀ ਪਛਾਣ ਨੂੰ ਖ਼ਤਮ ਕਰਨ ਦੇ ਯਤਨ ਵਜੋਂ ਹੀ ਦੇਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ ਸਰਕਾਰ ਨੇ ਵੀ ਅਜਿਹੇ ਯਤਨ ਕੀਤੇ ਸਨ, ਉਸ ਸਮੇਂ ਸਿੱਖ ਫੌਜੀਆਂ ਨੇ ਬ੍ਰਿਟਿਸ਼ ਹਕੂਮਤ ਦੇ ਇਸ ਫੈਸਲੇ ਨੂੰ ਰੱਦ ਕੀਤਾ ਸੀ।
ਹੁਣ ਵੀ ਪੰਥ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਜਥੇਦਾਰ ਦਾ ਕਹਿਣਾ ਹੈ ਕਿ ਸਾਡਾ ਰੱਖਿਅਕ ਅਕਾਲ ਪੁਰਖ ਹੈ। ਦੂਸਰੇ ਵਿਸ਼ਵ ਯੁੱਧ ਦੌਰਾਨ ਸਿੱਖਾਂ ਨੇ ਦਸਤਾਰਾਂ ਸਜਾ ਕੇ ਕਈ ਜੰਗਾਂ ਵਿਚ ਸਿੱਖ ਸਿਪਾਹੀਆਂ ਨੇ ਵੈਰੀਆਂ ਨੂੰ ਜਵਾਬ ਦਿੱਤਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਵਿਚ ਹੈਲਮੇਟ ਦਾ ਪ੍ਰਚਾਰ ਕਰਨ ਲਈ ਇਕ ਵੈੱਬਸਾਈਟ ਵੀ ਬਣਾਈ ਗਈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕੇਂਦਰ ਸਰਕਾਰ ਅਤੇ ਭਾਰਤੀ ਫੌਜ ਨੂੰ ਇਸ ਫੈਸਲੇ ‘ਤੇ ਮੁੜ ਗੌਰ ਕਰਨ ਲਈ ਕਿਹਾ।
ਦੱਸ ਦੇਈਏ ਕਿ ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਨੂੰ ਜਲਦ ਹੀ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਬੈਲਿਸਟਿਕ ਹੈਲਮੇਟ ਦਿੱਤੇ ਜਾਣਗੇ।
ਦੱਸਿਆ ਜਾ ਰਿਹਾ ਹੈ ਕਿ ਰੱਖਿਆ ਮੰਤਰਾਲਾ ਨੇ ਐਮਰਜੈਂਸੀ ਖਰੀਦ ਪ੍ਰਕਿਰਿਆ ਤਹਿਤ 12,730 ਹੈਲਮੇਟ ਖਰੀਦਣ ਲਈ ਰਿਕਵੈਸਟ ਫ਼ਾਰ ਪ੍ਰਪੋਜ਼ਲ ਵੀ ਜਾਰੀ ਕੀਤਾ ਹੈ।