ਨਵੀਂ ਦਿੱਲੀ / ਪੰਜਾਬ ‘ਚ ਆਪਣੇ ਕੁਨਬੇ ਦਾ ਪਸਾਰ ਕਰਨ ਦੀ ਕਵਾਇਦ ‘ਚ ਲੱਗੀ ਭਾਜਪਾ ਨੇ ਮੰਗਲਵਾਰ ਨੂੰ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਸਮੇਤ ਕਈ ਹੋਰ ਸਿਆਸਤਦਾਨਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ।
ਭਾਜਪਾ ਦੇ ਦਿੱਲੀ ਸਥਿਤ ਹੈੱਡਕੁਆਰਟਰ ਵਿਖੇ ਅਰਵਿੰਦ ਖੰਨਾ ਤੋਂ ਇਲਾਵਾ ਅਕਾਲੀ ਦਲ ਦੇ ਯੂਥ ਵਿੰਗ ਦੇ ਆਗੂ ਗੁਰਦੀਪ ਸਿੰਘ ਗੋਸ਼ਾ, ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਅਤੇ ਧਰਮਵੀਰ ਸਰੀਨ ਵੀ ਭਾਜਪਾ ‘ਚ ਸ਼ਾਮਿਲ ਹੋਏ । ਭਾਜਪਾ ਦੇ ਪੰਜਾਬ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਿਅੰਤ ਗੁਪਤਾ, ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਇਨ੍ਹਾਂ ਸਿਆਸਤਦਾਨਾਂ ਦਾ ਪਾਰਟੀ ‘ਚ ਸਵਾਗਤ ਕੀਤਾ । ਹਲਕਿਆਂ ਮੁਤਾਬਿਕ ਪਾਰਟੀ ਅਰਵਿੰਦ ਖੰਨਾ ਨੂੰ ਖੰਨਾ ਤੋਂ ਉਮੀਦਵਾਰ ਬਣਾਏਗੀ । ਜ਼ਿਕਰਯੋਗ ਹੈ ਕਿ ਅਰਵਿੰਦ ਖੰਨਾ ਪਹਿਲਾਂ ਸੰਗਰੂਰ ਅਤੇ ਫਿਰ ਧੂਰੀ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਖੰਨਾ ਸਾਲ 2014 ਤੋਂ ਸਰਗਰਮ ਸਿਆਸਤ ਤੋਂ ਦੂਰ ਰਹਿ ਰਹੇ ਸਨ । ਭਾਜਪਾ ‘ਚ ਸ਼ਾਮਿਲ ਹੋਏ ਗੁਰਦੀਪ ਸਿੰਘ ਗੋਸ਼ਾ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ । ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਮੰਨੇ ਜਾਂਦੇ ਗੋਸ਼ਾ ਨੇ ਮੰਗਲਵਾਰ ਨੂੰ ਹੀ ਆਪਣੇ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕੀਤਾ ਸੀ, ਜਿਸ ਤੋਂ ਕੁਝ ਸਮੇਂ ਬਾਅਦ ਹੀ ਉਹ ਭਾਜਪਾ ‘ਚ ਸ਼ਾਮਿਲ ਹੋ ਗਏ । ਅੰਮ੍ਤਿਸਰ ਤੋਂ ਸਾਬਕਾ ਕੌਂਸਲਰ ਧਰਮਵੀਰ ਸਰੀਨ ਵੀ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਿਲ ਹੋਏ । ਪੰਜਾਬ ਦੇ ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਵੀ ਪਾਰਟੀ ‘ਚ ਸ਼ਾਮਿਲ ਹੋਏ ।
ਪੰਜਾਬ ਦੇ ਚੋਣ ਇਤਿਹਾਸ ‘ਚ ਨਵਾਂ ਅਧਿਆਏ ਲਿਖੇਗੀ ਭਾਜਪਾ-ਸ਼ੇਖਾਵਤ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੱਖ-ਵੱਖ ਆਗੂਆਂ ਦਾ ਭਾਜਪਾ ‘ਚ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਦੇ ਚੋਣ ਇਤਿਹਾਸ ‘ਚ ਨਵਾਂ ਅਧਿਆਏ ਲਿਖੇਗੀ । ਉਨ੍ਹਾਂ ਭਵਿੱਖ ‘ਚ ਹੋਰ ਆਗੂਆਂ ਦੇ ਭਾਜਪਾ ਨਾਲ ਜੁੜਨ ਦੀਆਂ ਸੰਭਾਵਨਾਵਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਸੂਚੀ ਕਾਫ਼ੀ ਲੰਬੀ ਹੈ । ਸ਼ੇਖਾਵਤ ਨੇ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਕਈ ਬੋਰਡ ਚੇਅਰਮੈਨ ਅਤੇ ਸਾਬਕਾ ਵਿਧਾਇਕ ਭਾਜਪਾ ‘ਚ ਸ਼ਾਮਿਲ ਹੋਣ ਵਾਲੇ ਹਨ । ਸ਼ੇਖਾਵਤ ਨੇ ਚੰਡੀਗੜ੍ਹ ‘ਚ ਭਾਜਪਾ ਦੇ ਮੇਅਰ ਬਣਨ ਦੇ ਹਵਾਲੇ ਨਾਲ ਕਿਹਾ ਕਿ ਚੰਡੀਗੜ੍ਹ ‘ਚ ਜਿਸ ਤਰ੍ਹਾਂ ਨਾਲ ਭਾਜਪਾ ਦਾ ਮੇਅਰ ਬਣਿਆ ਹੈ, ਉਸ ਦਾ ਅਸਰ ਪੰਜਾਬ ਚੋਣਾਂ ‘ਚ ਵੀ ਨਜ਼ਰ ਆਏਗਾ ।
ਲੱਖਾਂ ਲੋਕ ਪ੍ਰਧਾਨ ਮੰਤਰੀ ਨੂੰ ਸੁਣਨਾ ਚਾਹੁੰਦੇ ਸਨ ਗਜੇਂਦਰ ਸਿੰਘ ਸ਼ੇਖਾਵਤ ਨੇ ਫ਼ਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਫ਼ਿਰੋਜ਼ਪੁਰ ‘ਚ ਹੁੰਦੇ-ਹੁੰਦੇ ਰਹਿ ਗਈ ਪ੍ਰਧਾਨ ਮੰਤਰੀ ਦੀ ਰੈਲੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਸਾਬਤ ਹੁੰਦੀ । ਸ਼ੇਖਾਵਤ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ ਪੰਜਾਬ ‘ਚ ਬੱਸਾਂ ਘੱਟ ਪੈਣ ਕਾਰਨ ਸਾਨੂੰ ਜੰਮੂ ਤੋਂ ਬੱਸਾਂ ਮੰਗਵਾਉਣੀਆਂ ਪਈਆਂ ਸਨ । ਸ਼ੇਖਾਵਤ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਪ੍ਰਧਾਨ ਮੰਤਰੀ ਵਲੋਂ ਰੈਲੀ ਵਾਲੀ ਥਾਂ ‘ਤੇ ਨਾ ਪਹੁੰਚ ਕੇ ਵਾਪਸ ਪਰਤਣ ਦਾ ਫ਼ੈਸਲਾ ਕੀਤਾ ਗਿਆ ਸੀ । ਕਾਂਗਰਸ ਨੇ ਇਸ ‘ਤੇ ਤਨਜ਼ ਕਰਦਿਆਂ ਕਿਹਾ ਸੀ ਕਿ ਰੈਲੀ ‘ਚ ਭੀੜ ਨਾ ਹੋਣ ਕਰਕੇ ਪ੍ਰਧਾਨ ਮੰਤਰੀ ਨੇ ਰੈਲੀ ਰੱਦ ਕਰਨ ਦਾ ਫ਼ੈਸਲਾ ਕੀਤਾ ।