ਸਾਬਕਾ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਦਾ ਦਿਹਾਂਤ

Home » Blog » ਸਾਬਕਾ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਦਾ ਦਿਹਾਂਤ
ਸਾਬਕਾ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਦਾ ਦਿਹਾਂਤ

ਮਲੇਰਕੋਟਲਾ / ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਅੰਦਰ ਲੰਬੇ ਸਮੇਂ ਤੋਂ ਚਰਚਿਤ ਰਹੇ ਸਾਬਕਾ ਡੀ.ਜੀ.ਪੀ. (ਜੇਲ੍ਹਾਂ) ਅਤੇ ਪੰਜਾਬ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਪਦਮ ਸ੍ਰੀ ਮੁਹੰਮਦ ਇਜ਼ਹਾਰ ਆਲਮ ਆਈ.ਪੀ.ਐਸ. ਨਹੀਂ ਰਹੇ |

ਉਨ੍ਹਾਂ ਮੁਹਾਲੀ ਸਥਿਤ ਫੋਰਟਿਸ ਹਸਪਤਾਲ ਵਿਖੇ ਆਖ਼ਰੀ ਸਾਹ ਲਏ | ਜਨਾਬ ਆਲਮ ਦੇ ਪੀ.ਐਸ.ਉ. ਗੁਰਮੇਲ ਸਿੰਘ ਅਤੇ ਆਲਮ ਪਰਿਵਾਰ ਦੇ ਕਰੀਬੀ ਹਾਕਮ ਸਿੰਘ ਚੱਕ ਮੁਤਾਬਿਕ ਸ਼ੂਗਰ ਤੋਂ ਪੀੜਤ ਜਨਾਬ ਆਲਮ ਨੂੰ ਘਬਰਾਹਟ ਮਹਿਸੂਸ ਹੋਈ ਅਤੇ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਦੋਂ ਤੱਕ ਦੇਰ ਹੋ ਚੁੱਕੀ ਸੀ | ਜਨਾਬ ਆਲਮ ਦੀ ਮ੍ਤਿਕ ਦੇਹ ਨੂੰ ਫੋਰਟਿਸ ਹਸਪਤਾਲ ਵਿਖੇ ਸੁਰੱਖਿਅਤ ਰੱਖਿਆ ਗਿਆ ਹੈ | ਪੀ.ਐਸ.ਉ. ਗੁਰਮੇਲ ਸਿੰਘ ਮੁਤਾਬਿਕ ਜਨਾਬ ਆਲਮ ਦੀ ਮ੍ਤਿਕ ਦੇਹ ਬੁੱਧਵਾਰ ਨੂੰ ਸਰਹਿੰਦ ਸ਼ਰੀਫ਼ ਵਿਖੇ ਸਪੁਰਦ-ਏ-ਖਾਕ ਕੀਤੀ ਜਾਵੇਗੀ | ਭਾਰਤੀ ਪੁਲਿਸ ਸੇਵਾ ਦੇ 1972 ਬੈਚ ਦੇ ਆਈ.ਪੀ.ਐਸ. ਅਧਿਕਾਰੀ ਜਨਾਬ ਆਲਮ ਆਪਣੇ ਪਿੱਛੇ ਤਿੰਨ ਬੇਟੇ ਅਤੇ ਦੋ ਬੇਟੀਆਂ ਛੱਡ ਗਏ ਹਨ | ਉਨ੍ਹਾਂ ਦੇ ਬੇਟੇ ਵਿਦੇਸ਼ੀ ਕੰਪਨੀ ‘ਚ ਸੀ.ਈ.ਉ., ਭਾਰਤੀ ਸੈਨਾ ‘ਚ ਕਰਨਲ, ਮੁੰਬਈ ਸਥਿਤ ਇਕ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ ਜਦਕਿ ਇਕ ਬੇਟੀ ਦਿੱਲੀ ਵਿਖੇ ਐਡੀਸ਼ਨਲ ਸੈਸ਼ਨ ਜੱਜ ਹੈ |

ਅਕਾਲੀ ਦਲ ਦੇ ਸਾਬਕਾ ਮੀਤ ਪ੍ਰਧਾਨ ਜਨਾਬ ਆਲਮ ਦੀ ਪਤਨੀ ਫਰਜ਼ਾਨਾ ਨਿਸਾਰਾ ਖਾਤੂਨ ਮਲੇਰਕੋਟਲਾ ਤੋਂ ਅਕਾਲੀ ਦਲ ਦੀ ਵਿਧਾਇਕਾ ਰਹੇ ਹਨ ਅਤੇ ਉਹ ਪਿਛਲੀ ਬਾਦਲ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਵੀ ਰਹੇ | ਬੀਬੀ ਫਰਜ਼ਾਨਾ ਆਲਮ ਇਸਤਰੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਰਹਿ ਚੁੱਕੇ ਹਨ | ਪੰਜਾਬ ਅੰਦਰ ਖਾੜਕੂਵਾਦ ਦੇ ਦੌਰ ‘ਚ ਇਕ ਪੁਲਿਸ ਅਧਿਕਾਰੀ ਵਜੋਂ ਇਜ਼ਹਾਰ ਆਲਮ ਦੀ ਵਿਵਾਦਿਤ ਭੂਮਿਕਾ ਕਾਰਨ ਸਿੱਖ ਹਲਕਿਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀਨ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਿਲ ਕਰਕੇ 18 ਨਵੰਬਰ 2009 ਨੂੰ ਪੰਜਾਬ ਵਕਫ਼ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਅਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਦਾ ਪਾਰਟੀ ਇੰਚਾਰਜ ਲਾ ਕੇ 20 ਜਨਵਰੀ 2010 ਨੂੰ ਮਲੇਰਕੋਟਲਾ ਦੇ ਸਿਆਸੀ ਮੈਦਾਨ ਵਿਚ ਉਤਰਿਆ |

ਵਿਧਾਨ ਸਭਾ ਚੋਣਾਂ 2012 ‘ਚ ਜਨਾਬ ਆਲਮ ਦੀ ਜਗ੍ਹਾ ਉਨ੍ਹਾਂ ਦੀ ਪਤਨੀ ਬੀਬੀ ਫਰਜ਼ਾਨਾ ਨਿਸਾਰਾ ਖਾਤੂਨ ਨੂੰ ਸ਼ੋ੍ਰਮਣੀ ਅਕਾਲੀ ਦਲ-ਭਾਜਪਾ ਦੀ ਉਮੀਦਵਾਰ ਬਣਾ ਕੇ ਸ. ਬਾਦਲ ਨੇ ਨਵਾਂ ਤੇ ਸਫ਼ਲ ਸਿਆਸੀ ਤਜ਼ਰਬਾ ਕੀਤਾ | ਵਿਧਾਇਕਾ ਚੁਣੀ ਗਈ ਬੀਬੀ ਫਰਜ਼ਾਨਾ ਆਲਮ ਨੂੰ ਮੁੱਖ ਮੰਤਰੀ ਬਾਦਲ ਨੇ ਮੁੱਖ ਸੰਸਦੀ ਸਕੱਤਰ ਬਣਾਇਆ ਅਤੇ ਬਾਅਦ ‘ਚ ਬੀਬੀ ਆਲਮ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਪੀ.ਏ.ਸੀ. ਦੀ ਮੈਂਬਰ ਵੀ ਰਹੀ | ਪ੍ਰਾਪਤ ਜਾਣਕਾਰੀ ਮੁਤਾਬਿਕ ਜਨਾਬ ਇਜ਼ਹਾਰ ਆਲਮ ਦਾ ਜਨਮ ਬਿਹਾਰ ਦੇ ਜ਼ਿਲ੍ਹਾ ਸਿਵਰ ਅਧੀਨ ਪਿੰਡ ਚਕਨੌਟਾ ਵਿਖੇ ਜਨਾਬ ਅਬਦੁਲ ਸਤਾਰ ਦੇ ਘਰ ਹੋਇਆ | ਉਨ੍ਹਾਂ ਆਪਣੀ ਮੁੱਢਲੀ ਵਿਦਿਆ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ ਅਤੇ ਬਾਅਦ ‘ਚ ਕਾਨੂੰਨ ਦੀ ਪੜ੍ਹਾਈ ਮੁਕੰਮਲ ਕਰ ਕੇ ਆਈ.ਪੀ.ਐਸ. ਦਾ ਵਕਾਰੀ ਇਮਤਿਹਾਨ ਪਾਸ ਕੀਤਾ |

Leave a Reply

Your email address will not be published.