ਸਾਨੀਆ ਮਿਰਜ਼ਾ ਲਵੇਗੀ ਸਨਿਆਸ, 2022 ਹੋਵੇਗਾ ਆਖ਼ਰੀ ਸੈਸ਼ਨ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਐਲਾਨ ਕੀਤਾ ਕਿ 2022 ਉਨ੍ਹਾਂ ਦਾ ਆਖ਼ਰੀ ਸੈਸ਼ਨ ਹੋਵੇਗਾ, ਕਿਉਂਕਿ ਉਨ੍ਹਾਂ ਦਾ ਸਰੀਰ ਥੱਕ ਰਿਹਾ ਹੈ ਅਤੇ ਉਨ੍ਹਾਂ ਅੰਦਰ ਹਰੇਕ ਦਿਨ ਦੇ ਦਬਾਅ ਨਾਲ ਊਰਜਾ ਅਤੇ ਪ੍ਰੇਰਣਾ ਹੁਣ ਪਹਿਲਾਂ ਵਰਗੀ ਨਹੀਂ ਹੈ।

ਸਾਨੀਆ ਨੇ ਮਾਰਚ 2019 ’ਚ ਬੇਟੇ ਦੇ ਜਨਮ ਤੋਂ ਬਾਅਦ ਟੈਨਿਸ ’ਚ ਵਾਪਸੀ ਕੀਤੀ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਉਨ੍ਹਾਂ ਦੀ ਤਰੱਕੀ ’ਚ ਰੁਕਾਵਟ ਬਣ ਗਈ। 35 ਵਰਿ੍ਹਆਂ ਦੀ ਸਾਨੀਆ ਨੇ ਆਪਣੀ ਜੋੜੀਦਾਰ ਨਾਦੀਆ ਕਿਚਨੋਕ ਨਾਲ ਆਸਟ੍ਰੇਲੀਅਨ ਓਪਨ ਦੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ’ਚ ਹਾਰਨ ਤੋਂ ਬਾਅਦ ਸੰਨਿਆਸ ਦਾ ਇਹ ਐਲਾਨ ਕੀਤਾ। ਸਾਨੀਆ ਨੇ ਕਿਹਾ, ‘ਇਸ ਲਈ ਕਾਫ਼ੀ ਸਾਰੇ ਕਾਰਨ ਹਨ। ਇਹ ਏਨਾ ਸੌਖਾ ਨਹੀਂ ਹੈ ਕਿ ਹਾਂ, ਹੁਣ ਮੈਂ ਖੇਡਾਂਗੀ ਨਹੀਂ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਉਭਰਨ ਵਿਚ ਲੰਬਾ ਸਮਾਂ ਲੱਗ ਰਿਹਾ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰਾ ਬੇਟਾ ਹਾਲੇ ਤਿੰਨ ਸਾਲ ਦਾ ਹੈ ਅਤੇ ਮੈਂ ਉਸ ਨਾਲ ਏਨੀ ਯਾਤਰਾ ਕਰਕੇ ਉਸ ਨੂੰ ਜੋਖਮ ’ਚ ਪਾ ਰਹੀ ਹਾਂ ਅਤੇ ਇਹ ਅਜਿਹੀ ਚੀਜ਼ ਹੈ ਜਿਸ ਦ ਮੈਨੂੰ ਧਿਆਨ ਰੱਖਣ ਹੋਵੇਗਾ।’

ਉਨ੍ਹਾਂ ਕਿਹਾ, ‘ ਮੇਰਾ ਸਰੀਰ ਵੀ ਹੁਣ ਕਮਜ਼ੋਰ ਹੋ ਰਿਹਾ ਹੈ। ਅੱਜ ਮੇਰੇ ਗੋਡੇ ’ਚ ਸੱਚਮੁੱਚ ਕਾਫ਼ੀ ਦਰਦ ਹੋ ਰਿਹਾ ਹੈ। ਮੈਂ ਇਹ ਨਹੀਂ ਕਹਿ ਰਹੀ ਹਾਂ ਕਿ ਇਸ ਕਾਰਨ ਹੀ ਅਸੀਂ ਹਾਰੇ, ਪਰ ਮੈਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਉਭਰਨ ਵਿਚ ਥੋੜ੍ਹਾ ਸਮਾਂ ਲੱਗ ਰਿਹਾ ਹੈ ਕਿਉਂਕਿ ਮੇਰੀ ਉਮਰ ਵਧ ਰਹੀ ਹੈ। ਸਾਨੀਆ ਦੇ ਨਾਂ ਛੇ ਮਿਕਸਡ ਡਬਲਜ਼ ਟਰਾਫੀ ਸਮੇਤ ਛੇ ਗ੍ਰੈਂਡਸਲੈਮ ਖ਼ਿਤਾਬ ਹਨ। ਉਹ ਭਾਰਤ ਦੀ ਸਭ ਤੋਂ ਸਫਲ ਮਹਿਲਾ ਟੈਨਿਸ ਖਿਡਾਰਨ ਦੇ ਰੂਪ ਵਿਚ ਇਸ ਖੇਡ ਨੂੰ ਅਲਵਿਦਾ ਕਹਿ ਰਹੀ ਹੈ। ਸਾਨੀਆ ਸਵਿਟਜ਼ਰਲੈਂਡ ਦੀ ਲੈਜੇਂਡ ਖਿਡਾਰਨ ਮਾਰਟਿਨਾ ਹਿੰਗਿਸ ਦੀ ਜੋੜੀਦਾਰ ਰਹਿਣ ਦੌਰਾਨ ਡਬਲਜ਼ ਵਿਚ ਵਿਸ਼ਵ ਦੀ ਨੰਬਰ 1 ਜੋੜੀ ਰਹੀ ਸੀ।

ਇਸ ਦੇ ਨਾਲ ਹੀ ਸਾਨੀਆ ਸਿੰਗਲਜ਼ ’ਚ ਸਿਖਰ-30 ਤਕ ਪੁੱਜੀ ਹੈ ਅਤੇ ਉਨ੍ਹਾਂ ਦੇ ਕਰੀਅਰ ਦੀ ਸਰਬੋਤਮ ਰੈਂਕਿੰਗ 27 ਹੈ। ਹਾਲਾਂਕਿ, ਗੁੱਟ ’ਚ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਡਬਲਜ਼ ’ਤੇ ਧਿਆਨ ਕੇਂਦਰਤ ਕਰਨ ਲਈ ਸਿੰਗਲਜ਼ ’ਚ ਖੇਡਣ ਬੰਦ ਕਰ ਦਿੱਤਾ ਸੀ।

Leave a Reply

Your email address will not be published. Required fields are marked *