ਸਾਂਝੇ ਯਤਨਾਂ ਨਾਲ ਕੋਰੋਨਾ ਦੀ ਦੂਜੀ ਲਹਿਰ ‘ਤੇ ਪਾਵਾਂਗੇ ਕਾਬੂ: ਮੋਦੀ

Home » Blog » ਸਾਂਝੇ ਯਤਨਾਂ ਨਾਲ ਕੋਰੋਨਾ ਦੀ ਦੂਜੀ ਲਹਿਰ ‘ਤੇ ਪਾਵਾਂਗੇ ਕਾਬੂ: ਮੋਦੀ
ਸਾਂਝੇ ਯਤਨਾਂ ਨਾਲ ਕੋਰੋਨਾ ਦੀ ਦੂਜੀ ਲਹਿਰ ‘ਤੇ ਪਾਵਾਂਗੇ ਕਾਬੂ: ਮੋਦੀ

ਨਵੀਂ ਦਿੱਲੀ / ਕੋਵਿਡ-19 ਦੇ ਕੇਸਾਂ ‘ਚ ਹੈਰਾਨੀਜਨਕ ਵਾਧੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਂਮਾਰੀ ਨਾਲ ਨਜਿੱਠਣ ਲਈ ਤਾਲਾਬੰਦੀ ਆਖਰੀ ਰਸਤਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਸੂਬਿਆਂ ਨੂੰ ਕਿਹਾ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਜੀਵਨ ਅਤੇ ਰੋਜ਼ੀ ਰੋਟੀ ਦੀ ਗਰੰਟੀ ਦੇ ਨਾਲ ਉਨ੍ਹਾਂ ਦੇ ਕੰਮ ਵਾਲੇ ਸਥਾਨਾਂ ‘ਤੇ ਹੀ ਰਹਿਣ ਲਈ ਰਾਜ਼ੀ ਕਰਨ |

ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਫਿਰ ਕੋਵਿਡ-19 ਵਿਰੁੱਧ ਵੱਡੀ ਸਖਤ ਲੜਾਈ ਲੜ ਰਿਹਾ ਹੈ ਤੇ ਕਿਹਾ ਕਿ ਕੁਝ ਹੀ ਦਿਨਾਂ ‘ਚ ਜੋ ਫ਼ੈਸਲੇ ਲਏ ਗਏ ਹਨ ਉਹ ਸਥਿਤੀ ‘ਚ ਸੁਧਾਰ ਕਰਨਗੇ ਅਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਾਲਾਬੰਦੀ ਆਖ਼ਰੀ ਬਦਲ ਹੋਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਤਾਲਾਬੰਦੀ ਤੋਂ ਬਚਾਉਣਾ ਹੈ | ਰਾਸ਼ਟਰ ਨੂੰ ਕੀਤੇ ਸੰਬੋਧਨ ‘ਚ ਮੋਦੀ ਨੇ ਕਿਹਾ ਕਿ ਲੋਕ ਦੁੱਖ ਸਹਿ ਰਹੇ ਹਨ ਪਰ ਸਾਨੂੰ ਆਪਣੀ ਪੂਰੀ ਤਾਕਤ ਨਾਲ ਲੜਨ ਦੀ ਜ਼ਰੂਰਤ ਹੈ ਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਲੋਕਾਂ ਦੇ ਸਾਂਝੇ ਯਤਨਾਂ ਨਾਲ ਕੋਰੋਨਾ ਨੂੰ ਹਰਾਇਆ ਜਾਵੇਗਾ | ਅਗਲੇ ਮਹੀਨੇ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾਕਰਨ ਕਰਨ ਦੀ ਇਜਾਜ਼ਤ ਦੇਣ, ਆਕਸੀਜਨ ਅਤੇ ਦਵਾਈਆਂ ਦੇ ਉਤਪਾਦਨ ਅਤੇ ਸਪਲਾਈ ਨੂੰ ਤੇਜ਼ ਕਰਨ ਸਮੇਤ ਆਪਣੀ ਸਰਕਾਰ ਵਲੋਂ ਚੁੱਕੇ ਕਈ ਕਦਮਾਂ ਦੀ ਜਾਣਕਾਰੀ ਦਿੰਦਿਆਂ ਮੋਦੀ ਨੇ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲਿਆਂ ਦੇ ਦੁੱਖ ‘ਚ ਉਨ੍ਹਾਂ ਦੀ ਹਮਦਰਦੀ ਹੈ |

ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਖ਼ਿਲਾਫ਼ ਇਸ ਲੜਾਈ ‘ਚ ਲਗਾਤਾਰ ਕੰਮ ਕਰ ਰਹੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦਾ ਉਹ ਧੰਨਵਾਦ ਕਰਦੇ ਹਨ | ਮੋਦੀ ਨੇ ਕਿਹਾ ਕਿ ਵੈਕਸੀਨ ਵਿਕਾਸ ਅਤੇ ਸਪਲਾਈ ਸਮੇਤ ਸਾਰੀਆਂ ਕੋਵਿਡ-19 ਚੁਣੌਤੀਆਂ ਦਾ ਸਾਹਮਣਾ ਕਰਨ ਲਈ ਫਾਰਮਾਂ ਸੈਕਟਰ ਨੇ ਅਣਥੱਕ ਰੂਪ ਨਾਲ ਕੰਮ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਆਕਸੀਜਨ ਸਿਲੰਡਰਾਂ ਦੀ ਕਮੀ ਵੱਡੀ ਸਮੱਸਿਆ ਦੇ ਤੌਰ ‘ਤੇ ਸਾਹਮਣੇ ਆਈ ਹੈ ਅਤੇ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਸਾਰੇ ਹਿੱਸੇਦਾਰ ਸਮੂਹਿਕ ਤੌਰ ‘ਤੇ ਯਤਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਥਿਤੀ ਪਿਛਲੇ ਸਾਲ ਨਾਲੋਂ ਵੱਖ ਹੈ, ਜਦੋਂ ਦੇਸ਼ ‘ਚ ਕੋਵਿਡ ਵੈਕਸੀਨ ਜਾਂ ਪੀ. ਪੀ. ਈ. ਕਿੱਟਾਂ ਅਤੇ ਹੋਰ ਬਹੁਤ ਜ਼ਰੂਰੀ ਮੈਡੀਕਲ ਸਾਮਾਨ ਤਿਆਰ ਕਰਨ ਲਈ ਬੁਨਿਆਦੀ ਢਾਂਚਾ ਨਹੀਂ ਸੀ | ਉਨ੍ਹਾਂ ਕਿਹਾ ਕਿ ਤਾਲਾਬੰਦੀ ਆਖ਼ਰੀ ਬਦਲ ਹੋਣਾ ਚਾਹੀਦਾ ਹੈ ਅਤੇ ਮਾਈਕਰੋ ਕੰਟੇਨਮੈਂਟ ‘ਤੇ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ | ਮੋਦੀ ਨੇ ਕਿਹਾ ਕਿ ਜੇਕਰ ਅਸੀਂ ਸਾਰੇ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਾਂਗੇ ਤਾਂ ਤਾਲਾਬੰਦੀ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ | ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਣਾ ਘੱਟ ਕਰਨ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਵੱਡਿਆਂ ਨੂੰ ਸਮਝਾਉਣ ‘ਚ ਬੱਚਿਆਂ ਦੀ ਪ੍ਰਮੁੱਖ ਭੂਮਿਕਾ ਹੈ ਕਿ ਉਹ ਬਿਨਾਂ ਕਿਸੇ ਉਚਿਤ ਕਾਰਨ ਦੇ ਘਰੋਂ ਬਾਹਰ ਨਾ ਜਾਣ |

Leave a Reply

Your email address will not be published.