ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪੱਤ ਪ੍ਰੋਗਰਾਮ

Home » Blog » ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪੱਤ ਪ੍ਰੋਗਰਾਮ
ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪੱਤ ਪ੍ਰੋਗਰਾਮ

ਕਿਸਾਨੀ ਸੰਘਰਸ਼ ਨੂੰ ਉਨ੍ਹਾਂ ਦੀ ਵਿਚਾਰਧਾਰਾ ਦੇ ਸੰਧਰਵ ਵਿਚ ਵਿਚਾਰਿਆ ਗਿਆ

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਤਰਕਸ਼ੀਲ ਸੋਸਾਇਟੀ ਕਨੇਡਾ ਦੀ ਓਨਟਾਰੀਓ ਇਕਾਈ ਵਲੋਂ ਭਾਰਤ ਦੀ ਅਜ਼ਾਦੀ ਦੇ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੇ ਜਨਮ ਦਿਨ ਅਤੇ ਉਨ੍ਹਾਂ ਦੀ ਲਹਿਰ ਨੂੰ ਅੱਗੇ ਲਿਜਾਣ ਵਿਚ ਮੋਹਰੀ ਭਾਅ ਜੀ ਗੁਰਸ਼ਰਨ ਸਿੰਘ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਦਿਨ ਨੂੰ ਸਮਰਪੱਤ ਪ੍ਰੋਗਰਾਮ ਬੀਤੇ ਐਤਵਾਰ ਬਰੈਂਪਟਨ ਦੇ ਚਿੰਗਕੂਜ਼ੀ ਪਾਰਕ ਵਿਚ ਕੀਤਾ ਗਿਆ। ਕਰੋਨਾ ਬਿਮਾਰੀ ਦੀਆਂ ਬੰਦਸ਼ਾਂ ਕੁਝ ਕੁ ਖੁਲ੍ਹਣ ਤੋਂ ਬਾਅਦ ਸੁਸਾਇਟੀ ਦਾ ਇਹ ਪਹਿਲਾ ਪ੍ਰੋਗਰਾਮ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸਿ਼ਰਕਤ ਕੀਤੀ। ਇਸ ਪ੍ਰੋਗਰਾਮ ਵਿਚ ਇਨ੍ਹਾਂ ਮਹਾਨ ਸ਼ਖਸ਼ੀਅਤਾਂ ਦੇ ਵਿਚਾਰਾਂ ਨੂੰ ਅਜੋਕੇ ਕਿਸਾਨੀ ਅੰਦੋਲਨ ਦੇ ਸੰਧਰਵ ਵਿਚ, ਜੋ ਸਾਮਰਾਜਵਾਦ ਦੀ ਅਜੋਕੀ ਸੂਰਤ ਨਵਉਦਾਰਵਾਦ ਦੇ ਮੱਥੇ ਵਿਚ ਤੀਰ ਵਾਂਗਰ ਵੱਜ ਰਿਹਾ ਹੈ, ਵਿਚਾਰਿਆ ਗਿਆ। ਸੁਸਾਇਟੀ ਦੇ ਕੋਆਡੀਨੇਟਰ ਬਲਦੇਵ ਰਹਿਪਾ ਨੇ ਕਿਹਾ ਕਿ ਜਿਸ ਦ੍ਰਿੜ ਇਰਾਦੇ ਨਾਲ ਕਿਸਾਨ ਐਨਾ ਲੰਬਾ ਸੰਘਰਸ਼ ਚਲਾ ਰਹੇ ਹਨ, ਉਸ ਦੇ ਦਬਾਅ ਥੱਲੇ ਭਾਰਤੀ ਨਵਉਦਾਰਵਾਦੀ ਤਾਕਤਾਂ ਨੂੰ ਪਿਛੇ ਮੁੜਨ ਲਈ ਮਜ਼ਬੂਰ ਹੋਣਾ ਹੀ ਪੈਣਾ ਹੈ।

ਹੁਣ ਕਿਸਾਨਾ ਨੂੰ ਹੀ ਨਹੀਂ ਸਗੋਂ ਵੱਡੀ ਪੱਧਰ ਤੇ ਭਾਰਤ ਦੇ ਆਮ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਜੋ ਅਖੌਤੀ ਤਰੱਕੀ ਦਾ ਰਾਹ ਅਜੋਕੇ ਭਾਰਤ ਦੀਆਂ ਹੁਕਮਰਾਨ ਤਾਕਤਾਂ ਨੇ ਚੁਣਿਆਂ ਹੋਇਆ ਹੈ, ਉਹ ਉਨ੍ਹਾਂ ਲਈ ਆਉਂਦੇ ਸਮੇਂ ਵਿਚ ਚੰਗੇ ਦਿਨ ਨਹੀਂ ਸਗੋਂ ਮਾੜੇ ਦਿਨਾਂ ਦਾ ਸੰਕੇਤ ਕਰਦਾ ਹੈ। ਇਸ ਸਮੇਂ ਡਾ ਬਲਜਿੰਦਰ ਸੇਖੋਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੇ ਵੱਡੀ ਪੱਧਰ ਤੇ ਸਧਾਰਨ ਲੋਕਾਂ ਨੂੰ ਇਸ ਨਵਉਦਾਰਵਾਦ ਦੇ ਕੋਝੇ ਅਸੂਲ, ਬੇਮੁਹਾਰੀ ਖੁਲ੍ਹੀ ਮੰਡੀ, ਸਭ ਕੁਝ ਦਾ ਨਿਜੀ ਕਰਨ, ਵਪਾਰ ਲਈ ਖੱੁਲ੍ਹੀਆਂ ਸਰਹੱਦਾਂ, ਅਮੀਰਾਂ ਨੂੰ ਟੈਕਸ ਦੀਆਂ ਛੋਟਾਂ ਜਿਨ੍ਹਾਂ ਕਰਕੇ ਉਹ ਵੱਧ ਪੈਸਾ ਜੋੜ ਕੇ ਆਮ ਲੋਕਾਂ ਨੂੰ ਰੁਜ਼ਗਾਰ ਦੇਣ ਖਾਤਰ ਕਾਰਖਾਨੇ ਲਾਉਣਗੇ, ਵਪਾਰ ਵਧਾਉਣਗੇ ਅਤੇ ਇਸ ਸਿਸਟਮ ਦੇ ਅਧਾਰ, ਕਿ ਸਰਬੱਤ ਦੇ ਭਲੇ ਵਿਚ ਆਮ ਵਿਅੱਕਤੀ ਦਾ ਨਹੀਂ ਸਗੋਂ ਅਪਣੇ ਸੁਆਰਥ ਵਿਚ ਹੀ ਸਰਬੱਤ ਦਾ ਭਲਾ ਹੈ ਸੋ ਸੁਆਰਥੀ ਬਣੋ, ਲਾਲਚ ਕਰਨਾ ਬੁਰਾ ਨਹੀਂ ਸਗੋਂ ਚੰਗਾ ਹੈ, ਕਿਉਂਕਿ ਲਾਲਚ ਵਿਅੱਕਤੀ ਨੂੰ ਕੰਮ ਲਈ ਪ੍ਰੇਰਿਤ ਕਰਦਾ ਹੈ ਆਦਿ ਬਾਰੇ ਜਾਗਰੂਕ ਕੀਤਾ ਹੈ।

ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕਨੇਡਾ ਵਿਚ ਵੀ ਉੱਠ ਰਹੀਆਂ ਧੁਰ ਸੱਜੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਬਣਦਾ ਹੈ ਜੋ ਆਮ ਲੋਕਾਂ ਵਲੋਂ ਸੰਘਰਸ਼ ਕਰ ਕੇ ਲਈਆਂ ਵਿਦਿਆ, ਸਿਹਤ ਸੇਵਾਵਾਂ ਅਤੇ ਬੁਢਾਪੇ ਦੀਆਂ ਸਹੂਲਤਾਂ ਨੂੰ ਖੋਹਣ ਲਈ ਤਤਪਰ ਹਨ। ਅਮ੍ਰਿਤ ਢਿਲੋਂ ਜੋ ਸ਼ਹੀਦ ਭਗਤ ਸਿੰਘ ਦੇ ਪ੍ਰੀਵਾਰ ਨਾਲ ਸਬੰਧਿਤ ਹਨ, ਨੇ, ਸ਼ਹੀਦੇ ਆਜ਼ਮ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਬਾਰੇ ਚਾਨਣਾ ਪਾਇਆ। ਇਸ ਸਮੇਂ, ਨਾਹਰ ਔਜਲਾ, ਸਰੋਕਾਰਾਂ ਦੀ ਅਵਾਜ ਦੇ ਐਡੀਟਰ ਹਰਬੰਸ, ਇੰਦਰਜੀਤ ਸਿੰਘ ਬੱਲ ਅਤੇ ਹੈਮਿਲਟਨ ਤੋਂ ਆਏ ਮਨਦੀਪ ਸਿੰਘ ਨੇ ਵੀ ਅਪਣੇ ਵਿਚਾਰ ਰੱਖੇ। ਪ੍ਰੋਗਰਾਮ ਨੂੰ ਬਲਤੇਜ ਸਿੰਘ, ਅਜਮੇਰ ਪ੍ਰਦੇਸੀ ਦੇ ਗੀਤਾਂ ਅਤੇ ਮਲੂਕ ਕਾਹਲੋਂ, ਕੁਲਵਿੰਦਰ ਖੇਹਰਾ ਦੀਆਂ ਕਵਿਤਾਵਾਂ ਨੇ ਰੌਚਿਕ ਬਣਾਇਆ। ਨਛੱਤਰ ਸਿੰਘ ਬਦੇਸ਼ਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਲਈ, ਸੋਰਕਾਰਾਂ ਦੀ ਆਵਾਜ਼, ਦੇਸ਼ ਭਗਤ ਸਪੋਰਟਸ ਕਲੱਬ, ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ, ਕਲਮਾਂ ਦਾ ਕਾਫਲਾ ਅਤੇ ਸੀਨੀਅਰ ਸੀਟੀਜਨ ਕਲੱਬਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਦੀ ਜਿਮੇਦਾਰੀ ਅਮਰਦੀਪ ਸਿੰਘ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਵਿਚ ਕਿਸਾਨੀ ਅੰਦੋਲਨ ਦੀ ਹਮਾਇਤ ਕਰਦੇ ਇੰਨਕਲਾਬੀ ਨਾਹਰੇ ਵੱਡੀ ਪੱਧਰ ਤੇ ਗੂੰਜਦੇ ਰਹੇ। ਸੁਸਾਇਟੀ ਬਾਰੇ ਜਾਣਕਾਰੀ ਲਈ ਬਲਦੇਵ ਰਹਿਪਾ (416 881 7202) ਜਾਂ ਨਿਰਮਲ ਸੰਧੂ (416 835 3450) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.