ਸ਼ਹੀਦ ਬਲਵੰਤ ਸਿੰਘ ਕੈਨੇਡੀਅਨ
ਦੂਜੇ ਲਾਹੌਰ ਸਾਜ਼ਿਸ਼ ਕੇਸ ’ਚ ਲਾਹੌਰ ਜੇਲ੍ਹ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਮਹਾਨ ਸ਼ਹੀਦ
ਗ਼ਦਰੀ ਬਾਬਾ ਬਲਵੰਤ ਸਿੰਘ ਕੈਨੇਡੀਅਨ ਅਜਿਹਾ ਯੋਧਾ ਸੀ ਜਿਸ ਨੇ ਭਰ ਜਵਾਨੀ ਵਿਚ ਸ਼ਹਾਦਤ ਦਾ
ਜਾਮ ਪੀਤਾ। ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਉੱਘੇ ਪਿੰਡ ਪੂਰਨਪੁਰ (ਨੇੜੇ ਆਦਮਪੁਰ)
ਵਿਖੇ ਬੁੱਧ ਸਿੰਘ ਦੇ ਗ੍ਰਹਿ ਵਿਖੇ 14 ਸਤੰਬਰ 1882 ਨੂੰ ਹੋਇਆ ਸੀ। ਭਾਈ ਬਲਵੰਤ ਸਿੰਘ ਨੇ
ਆਦਮਪੁਰ ਦੇ ਮਿਡਲ ਸਕੂਲ ਤੋਂ ਪੜ੍ਹਾਈ ਸ਼ੁਰੂ ਕੀਤੀ। ਉਸ ਸਮੇਂ ਬਾਲ ਵਿਆਹ ਦੀ ਰਸਮ ਪ੍ਰਚਲਿਤ
ਸੀ। ਇਸ ਲਈ ਵਿਆਹ ਤੋਂ ਉਪਰੰਤ ਭਾਈ ਜੀ ਨੇ ਪੜ੍ਹਾਈ ਅੱਧ-ਵਿਚਾਲੇ ਛੱਡ ਦਿੱਤੀ ਤੇ ਭਰ ਜਵਾਨੀ
’ਚ ਪੈਰ ਧਰਦਿਆਂ ਫ਼ੌਜ ’ਚ ਭਰਤੀ ਹੋ ਗਏ। ਉਨ੍ਹਾਂ ਦੀ ਪਲਟਨ ਜਦੋਂ ਮਰਦਾਨ (ਪਾਕਿਸਤਾਨ) ਵਿਚ
ਸੀ ਤਾਂ ਇਨ੍ਹਾਂ ਦੀ ਸ਼ਖ਼ਸੀਅਤ ਉੱਤੇ ਪੰਜਾਬ ਦੀ ਪ੍ਰਸਿੱਧ ਧਾਰਮਿਕ ਹਸਤੀ ਬਾਬਾ ਕਰਮ ਸਿੰਘ
ਹੋਤੀ ਮਰਦਾਨ ਦੀ ਸੰਗਤ ਦਾ ਅਜਿਹਾ ਅਸਰ ਹੋਇਆ ਜਿਸ ਸਦਕਾ ਆਪ ਜੀ ਦਾ ਨਿਸ਼ਚਾ ਤੇ ਵਿਸ਼ਵਾਸ ਸਿੱਖ
ਧਰਮ ਵਿਚ ਪਰਪੱਕ ਹੋ ਗਿਆ। ਤੇਈ ਸਾਲ ਦੀ ਉਮਰ ਵਿਚ ਉਨ੍ਹਾਂ ਨੇ ਫ਼ੌਜ ਦੀ ਨੌਕਰੀ ਛੱਡ ਦਿੱਤੀ
ਤੇ 1906 ਵਿਚ ਕੈਨੇਡਾ ਚਲੇ ਗਏ। ਉੱਥੇ ਜਾ ਕੇ ਵੈਨਕੂਵਰ ’ਚ ਪਹਿਲਾ ਗੁਰੂਘਰ ਬਣਾਉਣ ਵਿਚ
ਭਰਪੂਰ ਯੋਗਦਾਨ ਪਾਇਆ। ਸੰਗਤ ਨੇ ਉਨ੍ਹਾਂ ਨੂੰ ਸਿੱਖੀ ਵਿਚ ਪਰਪੱਕ ਵੇਖਦਿਆਂ ਹੋਇਆਂ
ਗੁਰਦੁਆਰਾ ਸਾਹਿਬ ਦਾ ਗ੍ਰੰਥੀ ਨਿਯੁਕਤ ਕਰ ਦਿੱਤਾ। ਇਸੇ ਕਰਕੇ ‘ਭਾਈ’ ਸ਼ਬਦ ਆਪ ਜੀ ਦੇ ਨਾਮ
ਨਾਲ ਪੱਕੇ ਤੌਰ ’ਤੇ ਜੁੜ ਗਿਆ। ਕੈਨੇਡਾ ਸਰਕਾਰ ਨੇ 1908 ਈ. ਵਿਚ ਫ਼ੈਸਲਾ ਕੀਤਾ ਕਿ ਬਿ੍ਰਟਿਸ਼
ਕੋਲੰਬੀਆ (ਬੀਸੀ) ਵਿਚ ਰਹਿਣ ਵਾਲੇ ਹਿੰਦੁਸਤਾਨੀਆਂ ਨੂੰ ਅਮਰੀਕਾ ਦੀ ਹੌਂਡਰਸ ਕਾਲੋਨੀ ਵਿਚ
ਆਬਾਦ ਕੀਤਾ ਜਾਵੇ ਪਰ ਭਾਈ ਬਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਸ ਸਰਕਾਰੀ ਨੀਤੀ ਦੀ
ਵਿਰੋਧਤਾ ਕੀਤੀ। ਸੰਨ 1909 ’ਚ ਹਿੰਦੁਸਤਾਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ ਤੇ ਇਸ ਸੰਸਥਾ
ਦਾ ਖ਼ਜ਼ਾਨਚੀ ਭਾਈ ਬਲਵੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸੰਨ 1911 ’ਚ ਭਾਈ ਭਾਗ ਸਿੰਘ
ਭਿੱਖੀਵਿੰਡ ਨਾਲ ਵਾਪਸ ਹਿੰਦੁਸਤਾਨ ਆ ਕੇ ਅਨੇਕਾਂ ਔਕੜਾਂ ਦੇ ਬਾਵਜੂਦ ਆਪਣੇ ਪਰਿਵਾਰ ਸਮੇਤ
ਜਨਵਰੀ 1912 ’ਚ ਵੈਨਕੂਵਰ ਪਹੁੰਚੇ। ਬਾਈ ਫਰਵਰੀ 1913 ਨੂੰ ਖਾਲਸਾ ਦੀਵਾਨ ਸੁਸਾਇਟੀ ਅਤੇ
ਯੂਨਾਈਟਿਡ ਇੰਡੀਆ ਲੀਗ ਦੀ ਸਾਂਝੀ ਇਕੱਤਰਤਾ ’ਚ ਇਹ ਫ਼ੈਸਲਾ ਸਰਬਸੰਮਤੀ ਨਾਲ ਕੀਤਾ ਗਿਆ ਕਿ
ਇੰਗਲੈਂਡ ਤੇ ਹਿੰਦੁਸਤਾਨ, ਦੋਵਾਂ ਦੋਸ਼ਾਂ ਵਿਚ ਜਾ ਕੇ ਬਿ੍ਰਟਿਸ਼ ਸਰਕਾਰ ਨੂੰ ਆਪਣੀਆਂ
ਮੁਸ਼ਕਲਾਂ ਨੂੰ ਦੂਰ ਕਰਨ ਲਈ ਮੰਗ ਪੱਤਰ ਸੌਂਪਿਆ ਜਾਵੇ। ਇਸ ਕਾਰਜ ਲਈ ਭਾਈ ਬਲਵੰਤ ਸਿੰਘ, ਭਾਈ
ਨੰਦ ਸਿੰਘ, ਭਾਈ ਨਰਾਇਣ ਸਿੰਘ ’ਤੇ ਆਧਾਰਤ ਇਕ ਵਫ਼ਦ ਦੋਵਾਂ ਦੇਸ਼ਾਂ ਵਿਚ ਭੇਜਣ ਲਈ ਸਮਾਂ
ਨਿਸ਼ਚਤ ਕੀਤਾ ਗਿਆ ਪਰ ਦੋਵਾਂ ਦੇਸ਼ਾਂ ’ਚ ਅੰਗਰੇਜ਼ ਸਰਕਾਰ ਨੇ ਕੋਈ ਸਹਿਯੋਗ ਨਾ ਦਿੱਤਾ।
ਕੈਨੇਡਾ ਪਰਤਣ ਸਮੇਂ ਭਾਈ ਬਲਵੰਤ ਸਿੰਘ ਦਾ ਮਿਲਾਪ ਕਾਮਾਗਾਟਾਮਾਰੂ ਜਹਾਜ਼ ਵਾਲੇ ਬਾਬਾ
ਗੁਰਦਿੱਤ ਸਿੰਘ ਨਾਲ ਹੋਇਆ ਤੇ ਬਾਬਾ ਗੁਰਦਿੱਤ ਸਿੰਘ ਨੂੰ ਹਰ ਔਕੜ ਵੇਲੇ ਪੂਰਾ ਸਹਿਯੋਗ ਦੇਣ
ਦਾ ਵਾਅਦਾ ਕੀਤਾ। ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਕੈਨੇਡਾ ਵਿਚ ਦਾਖ਼ਲ ਨਾ ਹੋਣ ਦੇਣ
ਦੇ ਵਿਰੋਧ ’ਚ ਉੱਥੇ ਦੇ ਸਾਰੇ ਪਰਵਾਸੀ ਹਿੰਦੁਸਤਾਨੀਆਂ ’ਚ ਅੰਤਾਂ ਦਾ ਗੁੱਸਾ ਸੀ। ਇਨ੍ਹਾਂ
ਸਾਰੇ ਪਰਵਾਸੀਆਂ ਨੇ ਗ਼ਦਰ ਪਾਰਟੀ ਨਾਲ ਸੰਪਰਕ ਕੀਤਾ ਪਰ ਅੰਗਰੇਜ਼ ਸਰਕਾਰ ਦਾ ਵਤੀਰਾ ਹੋਰ ਸਖ਼ਤ
ਹੋ ਗਿਆ। ਇਮੀਗ੍ਰੇਸ਼ਨ ਇੰਸਪੈਕਟਰ ਵਿਲੀਅਮ ਹਾਪਨਿਕਸ ਨੇ 5 ਸਤੰਬਰ 1914 ਨੂੰ ਵੈਨਕੂਵਰ ਦੇ
ਗੁਰਦੁਆਰਾ ਕੰਪਲੈਕਸ ਵਿਚ ਦੋ ਬੰਦੇ ਗੋਲ਼ੀਆਂ ਮਾਰ ਕੇ ਮਾਰ ਦਿੱਤੇ। ਇਨ੍ਹਾਂ ਸ਼ਹਾਦਤਾਂ ਦੇ ਰੋਸ
ਵਜੋਂ 21 ਅਕਤੂਬਰ 1914 ਨੂੰ ਪਰਵਾਸੀ ਭਾਰਤੀ ਭਾਈ ਮੇਵਾ ਸਿੰਘ ਨੇ ਸ਼ਹਿਰ ਦੀ ਕਚਹਿਰੀ ’ਚ ਹੀ
ਵਿਲੀਅਮ ਹਾਪਨਿਕਸ ਨੂੰ ਗੋਲ਼ੀਆਂ ਮਾਰ ਕੇ ਉਡਾ ਦਿੱਤਾ। ਇਸ ਕਤਲ ਦੀ ਸਾਜ਼ਿਸ਼ ਅਤੇ ਸ਼ੱਕ ਵਿਚ ਭਾਈ
ਬਲਵੰਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਪਰ ਉਨ੍ਹਾਂ ਖ਼ਿਲਾਫ਼ ਕੋਈ ਵੀ ਗਵਾਹ ਨਾ ਮਿਲਣ ਕਾਰਨ
ਉਨ੍ਹਾਂ ਨੂੰ ਛੱਡਣਾ ਪਿਆ। ਇਸ ਘਟਨਾ ਪਿੱਛੋਂ ਉਨ੍ਹਾਂ ਨੂੰ ਕੈਨੇਡਾ ’ਚੋਂ ਕੱਢ ਦਿੱਤਾ ਗਿਆ।
ਇੱਥੋਂ ਆਪ ਸ਼ੰਘਾਈ ਗਏ ਅਤੇ ਸਾਰੇ ਹਿੰਦੁਸਤਾਨ ਦੇ ਲੋਕਾਂ ਦੀਆਂ ਔਕੜਾਂ ਨੂੰ ਵੇਖਦਿਆਂ ਹੋਇਆਂ
ਗ਼ਦਰ ਲਹਿਰ ਦੇ ਹੱਕ ’ਚ ਪ੍ਰਚਾਰ ਸ਼ੁਰੂ ਕਰ ਦਿੱਤਾ। ਭਾਈ ਬਲਵੰਤ ਸਿੰਘ 1915 ’ਚ ਥਾਈਲੈਂਡ ਗਏ
ਤੇ ਅਮਰੀਕਾ ਤੋਂ ਆਏ ਸਾਰੇ ਗ਼ਦਰੀ ਬਾਬਿਆਂ ਨੂੰ ਮਿਲੇ ਜੋ ਬਰਮਾ ’ਚ ਅੰਗਰੇਜ਼ ਸਰਕਾਰ ਵਿਰੁੱਧ
ਬਗ਼ਾਵਤ ਖੜ੍ਹੀ ਕਰਨਾ ਚਾਹੁੰਦੇ ਸਨ। ਉਹ ਉੱਥੇ ਜਾ ਕੇ ਸਖ਼ਤ ਬਿਮਾਰ ਹੋ ਗਏ ਤੇ ਜਦੋਂ ਹਸਪਤਾਲ
ਪੁੱਜੇ ਤਾਂ ਉੱਥੋਂ ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ’ਚ ਹੀ ਗਿ੍ਰਫ਼ਤਾਰ ਕਰ ਕੇ ਹਿੰਦੁਸਤਾਨ
ਲਿਆਂਦਾ ਗਿਆ। ਇੱਥੇ ਆ ਕੇ ਉਨ੍ਹਾਂ ’ਤੇ ਦੂਜੇ ਲਾਹੌਰ ਸਾਜ਼ਿਸ਼ ਕੇਸ ਅਧੀਨ ਮੁਕੱਦਮਾ ਚਲਾਇਆ
ਗਿਆ। ਅੰਤ 30 ਮਾਰਚ 1917 ਨੂੰ ਇਸ ਸੂਰਬੀਰ ਨੂੰ ਲਾਹੌਰ ਜੇਲ੍ਹ ’ਚ ਫਾਂਸੀ ਦੇ ਦਿੱਤੀ ਗਈ।
*-ਭਗਵਾਨ ਸਿੰਘ ਜੌਹਲ।*