ਸਲਮਾਨ ਖਾਨ ਦੇ ਘਰ ਕਿਉਂ ਪਹੁੰਚੀ ਮੁੰਬਈ ਪੁਲਿਸ?

ਮੁੰਬਈ : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪਾਰਕ ‘ਚ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ। ਉਦੋਂ ਤੋਂ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਹੁਣ ਮੁੰਬਈ ਪੁਲਿਸ ਇਸ ਮਾਮਲੇ ‘ਚ ਅਦਾਕਾਰ ਸਲਮਾਨ ਖਾਨ ਤੋਂ ਪੁੱਛਗਿੱਛ ਕਰਨ ਲਈ ਉਨ੍ਹਾਂ ਕੋਲ ਪਹੁੰਚੀ। ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਪੁਲਿਸ ਅਦਾਕਾਰ ਤੋਂ ਪੁੱਛਗਿੱਛ ਕਰਨ ਲਈ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਪਹੁੰਚੀ। ਹਾਲਾਂਕਿ, ਮੁੰਬਈ ਪੁਲਿਸ ਨੇ ਇਸ ਨੂੰ ਇਕ ਰੁਟੀਨ ਜਾਂਚ ਦੱਸਿਆ ਤੇ ਅਦਾਕਾਰ ਦੀ ਸੁਰੱਖਿਆ ਦਾ ਮੁਲਾਂਕਣ ਕਰਨ ਤੋਂ ਬਾਅਦ ਉਥੋਂ ਵਾਪਸ ਚਲੀ ਗਈ। ਕਈ ਮੀਡੀਆ ਰਿਪੋਰਟਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਮੁੰਬਈ ਪੁਲਿਸ ਦੀ ਇੱਕ ਟੀਮ ਜਲਦ ਹੀ ਪੰਜਾਬ ਲਈ ਰਵਾਨਾ ਹੋਵੇਗੀ, ਜਿੱਥੇ ਉਹ ਇਸ ਮਾਮਲੇ ਵਿੱਚ ਸਲਮਾਨ ਖਾਨ ਤੋਂ ਪੁੱਛਗਿੱਛ ਕਰੇਗੀ।  ਦਰਅਸਲ, ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਕੁਝ ਦਿਨ ਪਹਿਲਾਂ ਹੀ ਸੁਲਝ ਗਿਆ ਸੀ ਪਰ ਇਕ ਵਾਰ ਫਿਰ ਇਹ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੇ ਘਰ ਰੇਕੀ ਕਰਨ ਵਾਲੇ ਕਪਿਲ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਕਪਿਲ ਪੰਡਿਤ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਪੁਲਿਸ ਪੁੱਛਗਿੱਛ ਦੌਰਾਨ ਕਪਿਲ ਪੰਡਿਤ ਨੇ ਮੰਨਿਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਕਹਿਣ ‘ਤੇ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਉਸ ਨੇ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ ਸੀ। ਗੋਲਡੀ ਬਰਾੜ ਇਸ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਹੈ। ਸਲਮਾਨ ਖਾਨ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫਿਲਮ ‘ਟਾਈਗਰ 3’ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਹਾਲ ਹੀ ‘ਚ ਉਨ੍ਹਾਂ ਨੇ ਸਾਜਿਦ ਨਾਡਿਆਡਵਾਲਾ ਦੀ ਫਿਲਮ ‘ਕਿਸ ਕਾ ਭਾਈ, ਕਿਸੀ ਕੀ ਜਾਨ’ ਦਾ ਛੋਟਾ ਟੀਜ਼ਰ ਸ਼ੇਅਰ ਕੀਤਾ ਹੈ।

Leave a Reply

Your email address will not be published.